ਮੰਤਰੀ ਵੀ, MLC ਵੀ ਤੇ ਅਸਿਸਟੈਂਟ ਪ੍ਰੋਫੈਸਰ ਵੀ! ਅਸ਼ੋਕ ਚੌਧਰੀ ਦੀ ਨਿਯੁਕਤੀ 'ਤੇ ਮਨੋਜ ਝਾਅ ਨੇ ਚੁੱਕੇ ਸਵਾਲ, ਜਯਾ ਬੱਚਨ ਦੀ ਮਿਸਾਲ ਦਿੱਤੀ
ਅਸ਼ੋਕ ਚੌਧਰੀ 'ਤੇ ਇਕੱਠੇ ਤਿੰਨ ਅਹੁਦਿਆਂ 'ਤੇ ਰਹਿਣ ਅਤੇ 'ਲਾਭ ਦੇ ਅਹੁਦੇ' ਦਾ ਦੋਸ਼ ਹੈ। ਇਸ ਮਾਮਲੇ ਦੀ ਸ਼ੁਰੂਆਤ ਫਰਵਰੀ 'ਚ ਹੋਈ ਸੀ। ਇਸ ਸਾਲ 17 ਫਰਵਰੀ ਨੂੰ ਉਨ੍ਹਾਂ ਨੇ ਪਾਟਲੀਪੁੱਤਰ ਯੂਨੀਵਰਸਿਟੀ ਅਧੀਨ ਪਟਨਾ ਦੇ ਏਐੱਨ ਕਾਲਜ 'ਚ ਰਾਜਨੀਤੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ ਸੀ। ਉਹ ਪਹਿਲਾਂ ਹੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਮੰਤਰੀ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ। ਅਹੁਦਾ ਸੰਭਾਲਣ ਤੋਂ ਅਗਲੇ ਹੀ ਦਿਨ ਉਹ ਛੁੱਟੀ 'ਤੇ ਚਲੇ ਗਏ।
Publish Date: Wed, 18 Nov 2026 02:09 PM (IST)
Updated Date: Wed, 18 Nov 2026 02:12 PM (IST)
ਸਟੇਟ ਬਿਊਰੋ, ਪਟਨਾ : ਸਮਰਾਟ ਚੌਧਰੀ ਦੀ ਸਰਕਾਰ 'ਚ ਮੰਤਰੀ ਅਸ਼ੋਕ ਚੌਧਰੀ 'ਤੇ ਐੱਮਐੱਲਸੀ ਦੇ ਅਹੁਦੇ ਦੇ ਨਾਲ ਅਸਿਸਟੈਂਟ ਪ੍ਰੋਫੈਸਰ ਵਜੋਂ ਨਿਯੁਕਤੀ ਨੂੰ ਲੈ ਕੇ 'ਲਾਭ ਦੇ ਅਹੁਦੇ' ਅਤੇ ਅਯੋਗਤਾ ਦਾ ਖ਼ਤਰਾ ਮੰਡਰਾ ਰਿਹਾ ਹੈ। ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਰਾਸ਼ਟਰੀ ਜਨਤਾ ਦਲ (RJD) ਦੇ ਮੁੱਖ ਰਾਸ਼ਟਰੀ ਬੁਲਾਰੇ ਪ੍ਰੋ. ਮਨੋਜ ਝਾਅ ਨੇ ਅਸ਼ੋਕ ਚੌਧਰੀ ਨੂੰ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਅਯੋਗ ਦੱਸਿਆ ਅਤੇ ਵਿਧਾਨ ਪ੍ਰੀਸ਼ਦ ਤੋਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰੋ. ਅਸ਼ੋਕ ਕੁਮਾਰ ਅਤੇ ਮੰਤਰੀ ਅਸ਼ੋਕ ਚੌਧਰੀ ਦੇ ਮਾਮਲੇ ਨੂੰ ਇਕ ਅਨੋਖਾ ਰਹੱਸ ਦੱਸਿਆ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਰਹਿੰਦਿਆਂ ਜਯਾ ਬੱਚਨ ਨਾਲ ਵੀ ਅਜਿਹੀ ਹੀ ਸਥਿਤੀ ਬਣੀ ਸੀ। ਉਸ ਸਮੇਂ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਨੂੰ ਮਨੋਜ ਝਾਅ ਨੇ ਮਿਸਾਲ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵੀ ਦੱਸਦਾ ਹੈ ਕਿ ਅਸ਼ੋਕ ਚੌਧਰੀ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੈ।
ਰਾਜਪਾਲ ਸਕੱਤਰੇਤ ਨੇ ਕਾਨੂੰਨੀ ਰਾਇ ਮੰਗੀ
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਰਾਜਪਾਲ ਸਕੱਤਰੇਤ ਪਹਿਲਾਂ ਹੀ ਬਿਹਾਰ ਦੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਇ ਮੰਗ ਚੁੱਕਾ ਹੈ। ਵਿਧਾਨ ਪ੍ਰੀਸ਼ਦ 'ਚ ਰਾਜਦ ਦੇ ਮੈਂਬਰ ਸੁਨੀਲ ਕੁਮਾਰ ਵੀ ਉਨ੍ਹਾਂ ਦੀ ਡਿਗਰੀ ਅਤੇ ਨਿਯੁਕਤੀ ਨੂੰ ਲੈ ਕੇ ਸਵਾਲ ਉਠਾ ਚੁੱਕੇ ਹਨ। ਮਨੋਜ ਝਾਅ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਜੇ ਐਡਵੋਕੇਟ ਜਨਰਲ ਦੋ ਦਿਨਾਂ ਦੇ ਅੰਦਰ ਆਪਣੀ ਰਾਇ ਨਹੀਂ ਦਿੰਦੇ ਤਾਂ ਇਸ ਮਾਮਲੇ 'ਚ ਅਸ਼ੋਕ ਚੌਧਰੀ ਦੇ ਨਾਲ ਸਮਰਾਟ ਚੌਧਰੀ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਵੇਗਾ, ਕਿਉਂਕਿ ਉਹ ਸਰਕਾਰ ਦੇ ਮੁਖੀ ਹਨ।
ਦਰਅਸਲ, ਅਸ਼ੋਕ ਚੌਧਰੀ 'ਤੇ ਇਕੱਠੇ ਤਿੰਨ ਅਹੁਦਿਆਂ 'ਤੇ ਰਹਿਣ ਅਤੇ 'ਲਾਭ ਦੇ ਅਹੁਦੇ' ਦਾ ਦੋਸ਼ ਹੈ। ਇਸ ਮਾਮਲੇ ਦੀ ਸ਼ੁਰੂਆਤ ਫਰਵਰੀ 'ਚ ਹੋਈ ਸੀ। ਇਸ ਸਾਲ 17 ਫਰਵਰੀ ਨੂੰ ਉਨ੍ਹਾਂ ਨੇ ਪਾਟਲੀਪੁੱਤਰ ਯੂਨੀਵਰਸਿਟੀ ਅਧੀਨ ਪਟਨਾ ਦੇ ਏਐੱਨ ਕਾਲਜ 'ਚ ਰਾਜਨੀਤੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ ਸੀ। ਉਹ ਪਹਿਲਾਂ ਹੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਮੰਤਰੀ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ। ਅਹੁਦਾ ਸੰਭਾਲਣ ਤੋਂ ਅਗਲੇ ਹੀ ਦਿਨ ਉਹ ਛੁੱਟੀ 'ਤੇ ਚਲੇ ਗਏ।
ਐਡਵੋਕੇਟ ਜਨਰਲ ਦੀ ਰਾਇ ਤੋਂ ਬਾਅਦ ਹੋਵੇਗਾ ਫ਼ੈਸਲਾ
ਨਿਯਮਾਂ ਮੁਤਾਬਕ ਪ੍ਰੋਬੇਸ਼ਨ ਦੀ ਮਿਆਦ ਦੌਰਾਨ ਲਈ ਗਈ ਛੁੱਟੀ ਅਤੇ ਬਿਨਾਂ ਤਨਖ਼ਾਹ ਵਾਲੀ ਛੁੱਟੀ ਦੀ ਵਿਵਸਥਾ ਨਹੀਂ ਹੈ। ਇਸ ਕਾਰਨ ਸਵਾਲ ਉੱਠਣੇ ਸ਼ੁਰੂ ਹੋ ਗਏ। 19 ਅਗਸਤ ਨੂੰ ਯੂਨੀਵਰਸਿਟੀ ਸਿੰਡੀਕੇਟ ਦੇ ਸਾਹਮਣੇ ਇਹ ਮਾਮਲਾ ਆਇਆ ਅਤੇ ਪ੍ਰਸਤਾਵ ਮਾਰਗਦਰਸ਼ਨ ਲਈ ਕੁਲਪਤੀ ਦਫ਼ਤਰ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਰਾਜਪਾਲ ਹੀ ਯੂਨੀਵਰਸਿਟੀ ਦੇ ਕੁਲਪਤੀ ਵੀ ਹੁੰਦੇ ਹਨ। ਹੁਣ ਕੁਲਪਤੀ ਦਫ਼ਤਰ ਨੇ ਇਕੱਠੇ ਮੰਤਰੀ, ਵਿਧਾਨ ਪ੍ਰੀਸ਼ਦ ਮੈਂਬਰ ਅਤੇ ਸਹਾਇਕ ਪ੍ਰੋਫੈਸਰ ਵਰਗੇ ਅਹੁਦਿਆਂ 'ਤੇ ਬਣੇ ਰਹਿਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਇਸ ਮਾਮਲੇ 'ਚ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਇ ਮੰਗੀ ਗਈ ਹੈ। ਇਸ ਵਿਵਾਦ ਕਾਰਨ ਉਨ੍ਹਾਂ ਦੀ ਵਿਧਾਨ ਪ੍ਰੀਸ਼ਦ ਦੀ ਮੈਂਬਰਸ਼ਿਪ ਅਤੇ ਅਹੁਦੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਪਹਿਲਾਂ ਵੀ ਵਿਵਾਦਾਂ 'ਚ ਰਹੇ ਹਨ ਅਸ਼ੋਕ ਚੌਧਰੀ
ਭ੍ਰਿਸ਼ਟਾਚਾਰ ਦੇ ਦੋਸ਼ (ਸਤੰਬਰ 2025): ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਅਸ਼ੋਕ ਚੌਧਰੀ 'ਤੇ 200 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ।
ਇਸ ਤੋਂ ਬਾਅਦ ਸਿਆਸੀ ਹਲਕਿਆਂ 'ਚ ਕਾਫ਼ੀ ਹਲਚਲ ਮਚ ਗਈ ਸੀ। ਅਸ਼ੋਕ ਚੌਧਰੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਸੀ। ਹਾਲਾਂਕਿ, ਬਾਅਦ 'ਚ ਉਹ ਇਸ ਤੋਂ ਪਿੱਛੇ ਹਟ ਗਏ।
ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ 'ਤੇ ਬਿਆਨ (ਸਤੰਬਰ 2026): ਸਮਸਤੀਪੁਰ ਅਤੇ ਜਮੂਈ 'ਚ ਸਾਹਮਣੇ ਆਈਆਂ ਛੇੜਛਾੜ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਦਿੱਤੇ ਗਏ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਵਿਰੋਧੀ ਧਿਰ ਅਤੇ ਮੀਡੀਆ ਨੇ ਤਿੱਖੀ ਆਲੋਚਨਾ ਕੀਤੀ ਸੀ।
ਉਨ੍ਹਾਂ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੈ ਅਤੇ ਅਮਰੀਕਾ ਤੇ ਜਾਪਾਨ ਵਰਗੇ ਦੇਸ਼ਾਂ 'ਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੇ ਇਸ ਬਿਆਨ 'ਤੇ ਕਾਫ਼ੀ ਹੰਗਾਮਾ ਹੋਇਆ ਸੀ।
ਪ੍ਰੈੱਸ ਕਾਨਫਰੰਸ 'ਚ ਵਿਧਾਨ ਪ੍ਰੀਸ਼ਦ ਮੈਂਬਰ ਮੁਹੰਮਦ ਕਾਰੀ ਸੋਹੈਬ ਅਤੇ ਰਾਜਦ ਦੀ ਸੂਬਾ ਇਕਾਈ ਦੇ ਮੁੱਖ ਬੁਲਾਰੇ ਸ਼ਕਤੀ ਸਿੰਘ ਯਾਦਵ ਵੀ ਸ਼ਾਮਲ ਰਹੇ।