ਸ੍ਰੀ ਅਮਰਨਾਥ ਯਾਤਰੀਆਂ ਨੂੰ ਵੱਡੀ ਰਾਹਤ: ਕਸ਼ਮੀਰ 'ਚ 65% ਤੱਕ ਸਸਤੇ ਹੋਏ ਹੋਟਲ-ਪੈਕੇਜ, ਅੱਧੀ ਕੀਮਤ 'ਤੇ ਮਿਲੇਗੀ ਟੈਕਸੀ
ਕਸ਼ਮੀਰ 'ਚ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੇ ਆਉਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਹੋਟਲਾਂ 'ਚ ਰਹਿਣ, ਟ੍ਰੈਵਲ ਪੈਕੇਜਾਂ ਅਤੇ ਟੈਕਸੀ ਸੇਵਾਵਾਂ 'ਤੇ 50 ਤੋਂ 65 ਫ਼ੀਸਦੀ ਤੱਕ ਦੀ ਵੱਡੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਪਹਿਲ 'ਜੰਮੂ-ਕਸ਼ਮੀਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ' ਅਤੇ 'ਹੋਟਲੀਅਰਜ਼ ਕਲੱਬ' ਵਰਗੀਆਂ ਪ੍ਰਮੁੱਖ ਸੈਰ-ਸਪਾਟਾ ਸੰਸਥਾਵਾਂ ਨੇ ਮਿਲ ਕੇ ਸ਼ੁਰੂ ਕੀਤੀ ਹੈ। ਇਸ ਕਦਮ ਦਾ ਮੁੱਖ ਮਕਸਦ ਤੀਰਥ ਯਾਤਰਾ ਨੂੰ ਕਿਫ਼ਾਇਤੀ ਬਣਾਉਣਾ ਅਤੇ ਘਾਟੀ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਦਾ ਭਰੋਸਾ ਮੁੜ ਬਹਾਲ ਕਰਨਾ ਹੈ। ਐਸੋਸੀਏਸ਼ਨ ਦੇ ਮੁੱਖ ਸਕੱਤਰ ਤਾਰਿਕ
Publish Date: Sat, 20 Jun 2026 01:43 PM (IST)
Updated Date: Sat, 20 Jun 2026 01:46 PM (IST)

ਜਾਗਰਣ ਸੰਵਾਦਦਾਤਾ, ਸ੍ਰੀਨਗਰ - ਕਸ਼ਮੀਰ 'ਚ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੇ ਆਉਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਹੋਟਲਾਂ 'ਚ ਰਹਿਣ, ਟ੍ਰੈਵਲ ਪੈਕੇਜਾਂ ਅਤੇ ਟੈਕਸੀ ਸੇਵਾਵਾਂ 'ਤੇ 50 ਤੋਂ 65 ਫ਼ੀਸਦੀ ਤੱਕ ਦੀ ਵੱਡੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਪਹਿਲ 'ਜੰਮੂ-ਕਸ਼ਮੀਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ' ਅਤੇ 'ਹੋਟਲੀਅਰਜ਼ ਕਲੱਬ' ਵਰਗੀਆਂ ਪ੍ਰਮੁੱਖ ਸੈਰ-ਸਪਾਟਾ ਸੰਸਥਾਵਾਂ ਨੇ ਮਿਲ ਕੇ ਸ਼ੁਰੂ ਕੀਤੀ ਹੈ। ਇਸ ਕਦਮ ਦਾ ਮੁੱਖ ਮਕਸਦ ਤੀਰਥ ਯਾਤਰਾ ਨੂੰ ਕਿਫ਼ਾਇਤੀ ਬਣਾਉਣਾ ਅਤੇ ਘਾਟੀ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਦਾ ਭਰੋਸਾ ਮੁੜ ਬਹਾਲ ਕਰਨਾ ਹੈ। ਐਸੋਸੀਏਸ਼ਨ ਦੇ ਮੁੱਖ ਸਕੱਤਰ ਤਾਰਿਕ ਗਨੀ ਨੇ ਦੱਸਿਆ ਕਿ ਟੂਰਿਜ਼ਮ ਇੰਡਸਟਰੀ ਨੇ ਯਾਤਰਾ ਦੌਰਾਨ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਖ਼ਰਚੇ ਘਟਾਉਣ ਦਾ ਸਮੂਹਿਕ ਫ਼ੈਸਲਾ ਲਿਆ ਹੈ।
ਹੋਟਲ, ਗੈਸਟ ਹਾਊਸ ਅਤੇ ਟੂਰ ਆਪਰੇਟਰ ਇੱਕਮਤ
ਤਾਰਿਕ ਗਨੀ ਨੇ ਅੱਗੇ ਕਿਹਾ, "ਇਹ ਛੋਟਾਂ ਤੀਰਥ ਯਾਤਰੀਆਂ ਅਤੇ ਟੂਰਿਜ਼ਮ ਨੂੰ ਮੁੜ ਹੁਲਾਰਾ ਦੇਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਲੋਕ ਇੱਥੇ ਆਪਣਾ ਸਵਾਗਤ ਮਹਿਸੂਸ ਕਰਨ ਅਤੇ ਉਨ੍ਹਾਂ ਦੀ ਯਾਤਰਾ ਸਸਤੀ ਹੋਵੇ।" ਇਸ ਆਫ਼ਰ ਤਹਿਤ ਕਈ ਹੋਟਲ, ਗੈਸਟ ਹਾਊਸ, ਟੂਰ ਆਪਰੇਟਰ ਅਤੇ ਟੈਕਸੀ ਐਸੋਸੀਏਸ਼ਨਾਂ ਘੱਟ ਦਰਾਂ 'ਤੇ ਸੇਵਾਵਾਂ ਦੇਣ ਲਈ ਸਹਿਮਤ ਹੋਈਆਂ ਹਨ। ਇੰਡਸਟਰੀ ਦੇ ਨੁਮਾਇੰਦਿਆਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਰਜਿਸਟ੍ਰੇਸ਼ਨ ਵਧੇਗੀ ਅਤੇ ਸੈਲਾਨੀਆਂ ਦੀ ਆਮਦ 'ਚ ਭਾਰੀ ਉਛਾਲ ਆਵੇਗਾ।
ਸ੍ਰੀਨਗਰ ਦੇ ਇੱਕ ਹੋਟਲ ਮਾਲਕ ਕੈਸਰ ਭੱਟ ਨੇ ਦੱਸਿਆ ਕਿ ਕਮਰਿਆਂ ਦਾ ਕਿਰਾਇਆ ਘਟਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਛਗਿੱਛ (Inquiries) ਆ ਰਹੀ ਹੈ। ਉਨ੍ਹਾਂ ਕਿਹਾ, "ਕਈ ਪਰਿਵਾਰ ਵੱਧ ਖ਼ਰਚੇ ਕਾਰਨ ਯਾਤਰਾ 'ਤੇ ਆਉਣ ਤੋਂ ਝਿਜਕ ਰਹੇ ਸੀ। ਹੁਣ ਘੱਟ ਦਰਾਂ ਕਾਰਨ ਉਹ ਭਰੋਸੇ ਨਾਲ ਆਪਣੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ।"
ਟੈਕਸੀ ਆਪਰੇਟਰ ਵੀ ਪਹਿਲ 'ਚ ਸ਼ਾਮਲ
ਟਰਾਂਸਪੋਰਟਰ ਵੀ ਇਸ ਮੁਹਿੰਮ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ, ਡਰਾਈਵਰ ਗੁਲਾਮ ਨਬੀ (ਟੂਰਿਸਟ ਟੈਕਸੀ ਯੂਨੀਅਨ) ਨੇ ਕਿਹਾ ਕਿ ਉਹ ਮੁਸ਼ਕਲ ਸਮੇਂ 'ਚ ਟੂਰਿਜ਼ਮ ਸੈਕਟਰ ਦਾ ਸਾਥ ਦੇਣ ਦੀ ਅਹਿਮੀਅਤ ਨੂੰ ਸਮਝਦੇ ਹਨ। ਜੇਕਰ ਜ਼ਿਆਦਾ ਸ਼ਰਧਾਲੂ ਕਸ਼ਮੀਰ ਆਉਣਗੇ ਤਾਂ ਸਾਰਿਆਂ ਦਾ ਫ਼ਾਇਦਾ ਹੋਵੇਗਾ। ਭਾਵੇਂ ਪ੍ਰਤੀ ਗੇੜਾ ਕਮਾਈ ਥੋੜ੍ਹੀ ਘੱਟ ਹੋਵੇ, ਪਰ ਯਾਤਰੀਆਂ ਦੀ ਵੱਧ ਗਿਣਤੀ ਇਸ ਦੀ ਭਰਪਾਈ ਕਰ ਦੇਵੇਗੀ। ਅਨੰਤਨਾਗ ਦੇ ਡਰਾਈਵਰ ਸ਼ੱਬੀਰ ਅਹਿਮਦ ਨੇ ਇਸ ਨੂੰ ਸਦਭਾਵਨਾ ਦਾ ਪ੍ਰਤੀਕ ਦੱਸਦਿਆਂ ਕਿਹਾ, "ਤੀਰਥ ਯਾਤਰੀਆਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਕਸ਼ਮੀਰ ਉਨ੍ਹਾਂ ਦਾ ਸਵਾਗਤ ਕਰਦਾ ਹੈ। ਅਸੀਂ ਸੁਰੱਖਿਅਤ ਅਤੇ ਸਸਤੀ ਟ੍ਰਾਂਸਪੋਰਟ ਸੇਵਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।"
ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਅਤੇ 3 ਜੁਲਾਈ ਤੋਂ ਯਾਤਰਾ ਸ਼ੁਰੂ
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੰਡਸਟਰੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਦੋਹਰਾਇਆ ਹੈ ਕਿ ਯਾਤਰਾ ਦੇ ਰੂਟਾਂ 'ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਵਧੇਰੇ ਪੈਟਰੋਲਿੰਗ, ਮਜ਼ਬੂਤ ਚੈੱਕਪੋਸਟਾਂ ਅਤੇ ਸੁਰੱਖਿਆ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਨਾਲ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਯਾਤਰਾ ਮਾਰਗ ਦੇ ਸਥਾਨਕ ਵਪਾਰੀਆਂ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਮੁੜ ਪਟਰੀ 'ਤੇ ਪਰਤ ਆਵੇਗਾ। ਦੱਸ ਦੇਈਏ ਕਿ ਸ੍ਰੀ ਅਮਰਨਾਥ ਜੀ ਦੀ ਸਾਲਾਨਾ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਸਬੰਧੀ ਘਾਟੀ 'ਚ ਜੰਗੀ ਪੱਧਰ 'ਤੇ ਤਿਆਰੀਆਂ ਜਾਰੀ ਹਨ।