- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਕੇ ’ਤੇ ਮੌਜੂਦ ਐੱਸਡੀਓਪੀ ਅਪੂਰਵ ਭਲਾਵੀ ਨੇ ਫੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਾਫ਼ਾ ਵਪਾਰੀ ਦੇ ਤਿੰਨ ਮੰਜ਼ਿਲਾ ਮਕਾਨ ਵਿੱਚ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ।

ਡਿਜੀਟਲ ਡੈਸਕ, ਭੋਪਾਲ : ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦੇ ਛਪਾਰਾ ਸਥਿਤ ਮਹਾਵੀਰ ਵਾਰਡ ਦੇ ਜੈਨ ਮੁਹੱਲੇ ਵਿੱਚ ਇਕ ਸਰਾਫ਼ਾ ਵਪਾਰੀ ਦੇ ਮਕਾਨ ’ਚ ਭਿਆਨਕ ਅੱਗ ਲੱਗਣ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ।
ਘਟਨਾ ਸਮੇਂ ਮਕਾਨ ਵਿੱਚ ਕਰੀਬ 10 ਲੋਕ ਮੌਜੂਦ ਸਨ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਬਚਾਅ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਸੁੱਤੇ ਪਏ ਲੋਕਾਂ ਨੂੰ ਸੰਭਲਣ ਦਾ ਵੀ ਨਹੀਂ ਮਿਲਿਆ ਮੌਕਾ
ਜਾਣਕਾਰੀ ਅਨੁਸਾਰ ਇਹ ਹਾਦਸਾ ਜੈਨ ਮੁਹੱਲਾ ਵਾਸੀ ਨਾਮੀ ਸਰਾਫ਼ਾ ਵਪਾਰੀ ਕੁੰਦਨ ਲਾਲ ਸੋਨੀ ਦੇ ਮਕਾਨ ਵਿੱਚ ਵਾਪਰਿਆ। ਸਵੇਰੇ ਕਰੀਬ 4 ਵਜੇ ਜਦੋਂ ਪੂਰਾ ਪਰਿਵਾਰ ਗੂੜ੍ਹੀ ਨੀਂਦ ਵਿੱਚ ਸੁੱਤਾ ਹੋਇਆ ਸੀ ਤਾਂ ਅਚਾਨਕ ਘਰ ਵਿੱਚ ਅੱਗ ਭੜਕ ਉੱਠੀ।
ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ ਅਤੇ ਪੂਰਾ ਘਰ ਧੂੰਏਂ ਤੇ ਅੱਗ ਦੀ ਲਪੇਟ ਵਿੱਚ ਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਫਾਇਰ ਬ੍ਰਿਗੇਡ ਤੇ ਬਚਾਅ ਟੀਮ ਨੇ ਅੱਗ ’ਤੇ ਪਾਇਆ ਕਾਬੂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
ਮੌਕੇ ’ਤੇ ਮੌਜੂਦ ਐੱਸਡੀਓਪੀ ਅਪੂਰਵ ਭਲਾਵੀ ਨੇ ਫੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਾਫ਼ਾ ਵਪਾਰੀ ਦੇ ਤਿੰਨ ਮੰਜ਼ਿਲਾ ਮਕਾਨ ਵਿੱਚ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।