
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੈਕਰ ਨੂੰ ਕਿਸੇ ਇਕ ਵੈਬਸਾਈਟ 'ਤੇ ਤੁਹਾਡੇ ਲੌਗਇਨ ਆਈਡੀ ਅਤੇ ਪਾਸਵਰਡ ਦਾ ਪਤਾ ਲਗਦਾ ਹੈ ਤਾਂ ਉਹ ਉਸ ਦਾ ਇਸਤੇਮਾਲ ਹਰ ਸੰਭਾਵਿਤ ਥਾਂ ਕਰਦਾ ਹੈ। ਕਿਸੇ ਵੀ ਦੂਜੀ ਥਾਂ 'ਤੇ ਜੇਕਰ ਤੁਸੀਂ ਉਸੇ ਆਈਡੀ ਅਤੇ ਪਾਸਵਰਡ ਦਾ ਇਸਤੇਮਾਲ ਕੀਤਾ ਹੋਵੇਗਾ ਤਾਂ ਉਹ ਖੁਦ-ਬ-ਖੁਦ ਹੈਕਰ ਦੇ ਹੱਥ ਲੱਗ ਜਾਵੇਗਾ। ਜ਼ਾਹਿਰ ਹੈ, ਸਾਨੂੰ ਇਸ ਨੂੰ ਲੈ ਕੇ ਚੁਕੰਨੇ ਰਹਿਣ ਦੀ ਲੋੜ ਹੈ।

ਨਵੀਂ ਦਿੱਲੀ : ਇੰਟਰਨੈੱਟ ਦੀ ਦੁਨੀਆ 'ਚ ਹਰ ਵਿਅਕਤੀ ਸਾਹਮਣੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਸਵਰਡ ਦੀ ਵਰਤੋਂ ਕਰਨ ਦੀ ਨੌਬਤ ਆ ਹੀ ਜਾਂਦੀ ਹੈ। ਇਸ ਲਈ ਪਾਸਵਰਡ 'ਚ ਸੰਨ੍ਹ ਲੱਗਣ ਦੀਆਂ ਖਬਰਾਂ ਇੰਟਰਨੈੱਟ ਦੀ ਦੁਨੀਆ ਨਾਲ ਜੁੜੇ ਹਰ ਵਿਅਕਤੀ ਦੀ ਘਬਰਾਹਟ ਵਧਾ ਦਿੰਦੀਆਂ ਹਨ। ਅਜਿਹੀ ਹਰ ਖਬਰ ਤੋਂ ਬਾਅਦ ਕਈ ਲੋਕ ਆਪਣੇ ਪਾਸਵਰਡ ਬਦਲਦੇ ਆਮ ਨਜ਼ਰ ਆਉਂਦੇ ਹਨ।
ਕੰਪਨੀਆਂ ਵੀ ਅਕਸਰ ਆਪਣੇ ਮੁਲਾਜ਼ਮਾਂ ਨੂੰ ਸਮੇਂ-ਸਮੇਂ 'ਤੇ ਈਮੇਲ ਅਤੇ ਹੋਰ ਅਕਾਊਂਟ ਦੇ ਪਾਸਵਰਡ ਬਦਲਣ ਦੀ ਸਲਾਹ ਦਿੰਦੀਆਂ ਰਹਿੰਦੀਆਂ ਹਨ। ਪਾਸਵਰਡ ਕੀ ਹੈ ਅਤੇ ਇਸ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਇਹ ਸਵਾਲ ਸਾਰਿਆਂ ਦੇ ਮਨ ਵਿਚ ਰਹਿੰਦਾ ਹੈ। ਆਸਾਨ ਸ਼ਬਦਾਂ ਵਿਚ ਸਮਝੀਏ ਤਾਂ ਪਾਸਵਰਡ ਆਪਣੇ ਨਾਂ ਨਾਲ ਹੀ ਇਕ ਸੰਦੇਸ਼ ਦਿੰਦਾ ਹੈ ਕਿ ਇਸ ਨੂੰ ਹਮੇਸ਼ਾ ਆਪਣੇ ਹੀ ਕੋਲ ਰੱਖੀਏ। ਜਿਵੇਂ ਹੀ ਪਾਸਵਰਡ ਤੁਹਾਡੇ ਤੋਂ ਦੂਰ ਹੋਇਆ ਯਾਨੀ ਤੁਸੀਂ ਕਿਸੇ ਹੋਰ ਨੂੰ ਦੱਸਿਆ, ਤੁਸੀਂ ਖਤਰੇ ਵਿਚ ਆ ਜਾਂਦੇ ਹੋ।
ਕਿਵੇਂ ਦਾ ਹੋਵੇ ਪਾਸਵਰਡ?
ਪਾਸਵਰਡ ਰੱਖਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਦੇ ਵੀ ਅਜਿਹਾ ਪਾਸਵਰਡ ਰੱਖਣ ਤੋਂ ਬਚੋ ਜਿਸ ਦਾ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੋਵੇ। ਪਾਸਵਰਡ ਵਿਚ ਆਪਣਾ ਜਾਂ ਕਿਸੇ ਜਾਣੂ, ਪਰਿਵਾਰਕ ਮੈਂਬਰ ਦਾ ਨਾਂ ਬਿਲਕੁਲ ਨਾ ਰੱਖੋ। ਸਿਫਰ ਤੋਂ ਨੌਂ ਤਕ ਦੀ ਗਿਣਤੀ ਜਾਂ ਏਬੀਸੀਡੀ ਵਰਗੇ ਆਸਾਨ ਪਾਸਵਰਡ ਰੱਖਣਾ ਵੀ ਖ਼ਤਰਨਾਕ ਹੋ ਸਕਦਾ ਹੈ। ਜੇਕਰ ਕਿਸੇ ਦਾ ਨਾਂ ਪਾਸਵਰਡ 'ਚ ਇਸਤੇਮਾਲ ਕਰਨਾ ਹੀ ਹੋਵੇ ਤਾਂ ਕੋਸ਼ਿਸ ਕਰੋ ਕਿ ਉਸ ਦੇ ਅੱਗੇ ਜਾਂ ਪਿੱਛੇ ਪੰਜ ਜਾਂ ਛੇ ਅੰਕਾਂ ਦਾ ਕੁਝ ਅਜਿਹਾ ਕੰਬੀਨੇਸ਼ਨ ਰੱਖੋ, ਜਿਸ ਦਾ ਅੰਦਾਜ਼ਾ ਨਾ ਲਗਾਇਆ ਜਾ ਸਕੇ। ਇਹ ਕੰਬੀਨੇਸ਼ਨ ਉਸੇ ਵਿਅਕਤੀ ਦਾ ਜਨਮ ਦਿਨ, ਮੋਬਾਈਲ ਨੰਬਰ, ਤੁਹਾਡਾ ਜਨਮ ਦਿਨ ਜਾਂ ਮੋਬਾਈਲ ਨੰਬਰ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ।
ਹਰ ਥਾਂ ਵੱਖ-ਵੱਖ ਰੱਖੋ ਪਾਸਵਰਡ
ਅੱਜ ਦੀ ਤਰੀਕ 'ਚ ਪਾਸਵਰਡ ਦਾ ਇਸਤੇਮਾਲ ਏਨੀ ਥਾਂ 'ਤੇ ਕਰਨਾ ਪੈਂਦਾ ਹੈ ਕਿ ਇਨ੍ਹਾਂ ਨੂੰ ਯਾਦ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਮੁਸ਼ਕਲ ਤੋਂ ਬਚਣ ਲਈ ਕਈ ਲੋਕ ਹਰ ਥਾਂ ਇੱਕੋ ਹੀ ਜਿਹੇ ਪਾਸਵਰਡ ਦਾ ਇਸਤੇਮਾਲ ਕਰਨ ਲੱਗਦੇ ਹਨ। ਇਸ ਤਰ੍ਹਾਂ ਕਰਨਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਬੈਂਕਿੰਗ ਪਾਸਵਰਡ, ਈਮੇਲ ਆਈਡੀ ਦਾ ਪਾਸਵਰਡ ਹਮੇਸ਼ਾ ਵੱਖ-ਵੱਖ ਰੱਖੋ। ਨਾਲ ਹੀ ਇਨ੍ਹਾਂ 'ਚੋਂ ਕੋਈ ਵੀ ਪਾਸਵਰਡ ਕਿਤੇ ਹੋਰ ਇਸਤੇਮਾਲ ਨਾ ਕਰੋ।
ਕਿਵੇਂ ਲੱਗਦੀ ਹੈ ਸੰਨ੍ਹ?
ਆਮਤੌਰ 'ਤੇ ਹੈਕਰ ਅਕਸਰ ਛੋਟੀ ਅਤੇ ਘੱਟ ਸੁਰੱਖਿਅਤ ਵੈੱਬਸਾਈਟਸ ਨੂੰ ਨਿਸ਼ਾਨਾ ਬਣਾਉਂਦੇ ਹਨ। ਕਈ ਲੋਕਾਂ ਦੇ ਮਨ ਵਿਚ ਸਵਾਲ ਆਉਂਦਾ ਹੈ ਕਿ ਇਸ ਡਿਟੇਲ ਨੂੰ ਚੋਰੀ ਕਰ ਕੇ ਹੈਕਰ ਕੀ ਕਰ ਲਵੇਗਾ? ਜਾਂ ਉਸ ਡੈਟੇ ਨਾਲ ਕਿਸੇ ਨੂੰ ਕੀ ਨੁਕਸਾਨ ਹੈ? ਅਸਲ 'ਚ ਇਕ ਹੀ ਈਮੇਲ ਆਈਡੀ ਅਤੇ ਇਕੋ ਜਿਹਾ ਪਾਸਵਰਡ ਕਈ ਥਾਈਂ ਇਸਤੇਮਾਲ ਕਰਨ ਵਾਲਿਆਂ ਨੂੰ ਅਜਿਹੀ ਸਥਿਤੀ 'ਚ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਹੈਕਰ ਨੂੰ ਕਿਸੇ ਇਕ ਵੈਬਸਾਈਟ 'ਤੇ ਤੁਹਾਡੇ ਲੌਗਇਨ ਆਈਡੀ ਅਤੇ ਪਾਸਵਰਡ ਦਾ ਪਤਾ ਲਗਦਾ ਹੈ ਤਾਂ ਉਹ ਉਸ ਦਾ ਇਸਤੇਮਾਲ ਹਰ ਸੰਭਾਵਿਤ ਥਾਂ ਕਰਦਾ ਹੈ। ਕਿਸੇ ਵੀ ਦੂਜੀ ਥਾਂ 'ਤੇ ਜੇਕਰ ਤੁਸੀਂ ਉਸੇ ਆਈਡੀ ਅਤੇ ਪਾਸਵਰਡ ਦਾ ਇਸਤੇਮਾਲ ਕੀਤਾ ਹੋਵੇਗਾ ਤਾਂ ਉਹ ਖੁਦ-ਬ-ਖੁਦ ਹੈਕਰ ਦੇ ਹੱਥ ਲੱਗ ਜਾਵੇਗਾ। ਜ਼ਾਹਿਰ ਹੈ, ਸਾਨੂੰ ਇਸ ਨੂੰ ਲੈ ਕੇ ਚੁਕੰਨੇ ਰਹਿਣ ਦੀ ਲੋੜ ਹੈ।