- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਕੋਈ ਅਣਜਾਣ ਲਿੰਕ ਆਉਂਦਾ ਹੈ ਤਾਂ ਉਸ ’ਤੇ ਕਲਿੱਕ ਨਾ ਕਰੋ। ਉਸ ਨੂੰ ਖੋਲ੍ਹਣ ਨਾਲ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਹੋ ਸਕਦਾ ਹੈ। ਮੋਬਾਈਲ ਫੋਨ ਹੈਕ ਕਰਨ ਤੋਂ ਬਾਅਦ ਸਾਈਬਰ ਠੱਗ ਉਨ੍ਹਾਂ ਦੇ ਬੈਂਕ ਖਾਤੇ ਅਤੇ ਓਟੀਪੀ ਦੀ ਜਾਣਕਾਰੀ ਹਾਸਲ ਕਰ ਲੈਣਗੇ। ਇਸ ਤੋਂ ਬਾਅਦ ਖਾਤੇ ਵਿਚੋਂ ਪੈਸਿਆਂ ਦੀ ਗੈਰ-ਕਾਨੂੰਨੀ ਨਿਕਾਸੀ ਕਰ ਲਈ ਜਾਵੇਗੀ।

ਕੰਚਨ ਸੌਰਭ ਮਿਸ਼ਰਾ, ਦੇਵਘਰ : ਸਾਈਬਰ ਥਾਣੇ ਦੀ ਪੁਲਿਸ ਨੇ ਮੰਗਲਵਾਰ ਨੂੰ ਅੱਧਾ ਦਰਜਨ ਸਾਈਬਰ ਠੱਗੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ 'ਚ ਜ਼ਿਲ੍ਹੇ ਦੇ ਸਾਰਠ ਥਾਣਾ ਖੇਤਰ ਦੇ ਪਥਰੱਡਾ ਓਪੀ ਖੇਤਰ ਦੇ ਉਬੀਆ ਪਿੰਡ ਵਾਸੀ ਮਨੀਸ਼ ਕੁਮਾਰ ਵੀ ਸ਼ਾਮਲ ਹੈ। ਮਨੀਸ਼ ਬਾਰੇ ਪੁਲਿਸ ਦੀ ਜਾਂਚ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਹੈਰਾਨ ਕਰਨ ਵਾਲੀ ਹੈ। ਜਾਣਕਾਰੀ ਅਨੁਸਾਰ, ਪਹਿਲਾਂ ਉਸ ਦੇ ਪਿਤਾ ਮਜ਼ਦੂਰੀ ਕਰਦੇ ਸਨ। ਖੇਤੀ ਲਈ ਉਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਸੀ। ਕਿਸੇ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਸ ਦਾ ਪਰਿਵਾਰ ਬੀਪੀਐਲ ਦੀ ਸ਼੍ਰੇਣੀ 'ਚ ਆਉਂਦਾ ਸੀ।
ਇਸ ਤੋਂ ਬਾਅਦ ਮਨੀਸ਼ ਨੇ ਕਰੀਬ ਸੱਤ-ਅੱਠ ਸਾਲ ਪਹਿਲਾਂ ਸਾਈਬਰ ਠੱਗੀ ਦੇ ਧੰਦੇ 'ਚ ਆਪਣਾ ਪੈਰ ਰੱਖਿਆ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਮਜ਼ਦੂਰ ਦਾ ਪੁੱਤਰ ਮਨੀਸ਼ ਸਾਈਬਰ ਠੱਗਾਂ ਦਾ ਗੁਰੂ ਬਣ ਬੈਠਾ।
ਅੱਜ ਉਸ ਕੋਲ ਕਾਫ਼ੀ ਜਾਇਦਾਦ ਹੈ। ਪਿੰਡ ਵਿਚ ਵਧੀਆ ਘਰ ਹੈ। ਉਸ ਵਿਚ ਸੁੱਖ-ਸਹੂਲਤਾਂ ਦੇ ਸਾਰੇ ਸਾਧਨ ਉਪਲਬਧ ਹਨ। ਸੂਤਰਾਂ ਮੁਤਾਬਕ ਦੇਵਘਰ, ਦੁਮਕਾ, ਦੁਰਗਾਪੁਰ ਅਤੇ ਕੋਲਕਾਤਾ ਵਿਚ ਉਸ ਦੀ ਜਾਇਦਾਦ ਹੈ। ਉਸ ਕੋਲ ਚਾਰ ਪਹੀਆ ਤੇ ਦੋ ਪਹੀਆ ਵਾਹਨ ਹਨ। ਅੱਜ ਉਹ ਖਾਕਪਤੀ ਤੋਂ ਕਰੋੜਪਤੀ ਬਣ ਬੈਠਾ ਹੈ। ਉਹ ਆਪਣੀ ਜ਼ਿੰਦਗੀ ਕਿਸੇ ਰਾਜੇ ਵਾਂਗ ਜੀਣ ਲੱਗ ਪਿਆ ਹੈ।
ਮਨੀਸ਼ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਫਰਜ਼ੀ ਏਪੀਕੇ ਫਾਈਲ ਬਣਾਉਣ ਦਾ ਮਾਹਿਰ ਹੈ। ਉਸ ਨੇ ਪਹਿਲਾਂ ਖੁਦ ਏਪੀਕੇ ਫਾਈਲ ਬਣਾਉਣ ਦਾ ਗੁਰ ਸਿੱਖਿਆ। ਇਸ ਤੋਂ ਬਾਅਦ ਉਸ ਨੇ ਆਪਣੇ ਨਾਲ ਹੋਰ ਨੌਜਵਾਨਾਂ ਨੂੰ ਜੋੜਨ ਦਾ ਕੰਮ ਕੀਤਾ। ਉਸ ਨਾਲ 60 ਤੋਂ ਵੱਧ ਨੌਜਵਾਨ ਜੁੜੇ ਹੋਏ ਹਨ। ਇਹ ਨੌਜਵਾਨ ਜ਼ਿਲ੍ਹੇ ਦੇ ਸਾਰਠ, ਪਥਰੱਡਾ, ਪਥਰੌਲ ਅਤੇ ਮਧੂਪੁਰ ਥਾਣਾ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ। ਮਨੀਸ਼ ਉਨ੍ਹਾਂ ਲੋਕਾਂ ਨੂੰ ਫਰਜ਼ੀ ਏਪੀਕੇ ਫਾਈਲ ਅਤੇ ਆਮ ਲੋਕਾਂ ਦੇ ਮੋਬਾਈਲ ਨੰਬਰਾਂ ਦੀ ਸੂਚੀ ਉਪਲਬਧ ਕਰਵਾਉਂਦਾ ਹੈ। ਉਸ ਦੇ ਸ਼ਾਗਿਰਦ ਉਨ੍ਹਾਂ ਨੰਬਰਾਂ ’ਤੇ ਫਰਜ਼ੀ ਏਪੀਕੇ ਫਾਈਲ ਭੇਜ ਕੇ ਲੋਕਾਂ ਦੇ ਮੋਬਾਈਲ ਫੋਨ ਹੈਕ ਕਰਕੇ ਠੱਗੀ ਕਰਦੇ ਹਨ। ਮਨੀਸ਼ ਨੂੰ ਠੱਗੀ ਦੀ ਕਮਾਈ ਦਾ ਇਕ ਹਿੱਸਾ ਇਨ੍ਹਾਂ ਨੌਜਵਾਨਾਂ ਤੋਂ ਕਮਿਸ਼ਨ ਦੇ ਤੌਰ ’ਤੇ ਮਿਲਦਾ ਹੈ। ਇਸ ਤਰ੍ਹਾਂ ਆਪਣੇ ਚੇਲਿਆਂ ਨਾਲ ਮਿਲ ਕੇ ਮਨੀਸ਼ ਦਿਨੋਂ-ਦਿਨ ਮਾਲਾਮਾਲ ਹੁੰਦਾ ਚਲਾ ਗਿਆ।
ਸੂਤਰਾਂ ਦੇ ਮੁਤਾਬਕ, ਮਨੀਸ਼ ਪਿੰਡ ਅਤੇ ਇਲਾਕੇ 'ਚ ਬਹੁਤ ਘੱਟ ਨਜ਼ਰ ਆਉਂਦਾ ਸੀ। ਉਹ ਅਤੇ ਉਸ ਦੇ ਸਾਥੀ ਕੋਲਕਾਤਾ ਤੇ ਹੋਰ ਵੱਡੇ ਸ਼ਹਿਰਾਂ ਦੇ ਮਹਿੰਗੇ ਹੋਟਲਾਂ ਦੇ ਕਮਰਿਆਂ 'ਚ ਬੈਠ ਕੇ ਸਾਈਬਰ ਠੱਗੀ ਦਾ ਧੰਦਾ ਚਲਾਉਂਦੇ ਹਨ। ਪੁਲਿਸ ਦੀ ਉਸ ’ਤੇ ਕਾਫ਼ੀ ਦਿਨਾਂ ਤੋਂ ਨਜ਼ਰ ਸੀ, ਪਰ ਉਹ ਹੁਣ ਤਕ ਪੁਲਿਸ ਨੂੰ ਚਕਮਾ ਦਿੰਦਾ ਆ ਰਿਹਾ ਸੀ।
ਪਤਾ ਲੱਗਾ ਹੈ ਕਿ ਉਹ ਪਹਿਲਾਂ ਇਲਾਕੇ ਦੇ ਨੌਜਵਾਨਾਂ ਪਿੱਛੇ ਪੈਸਾ ਖਰਚ ਕਰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਬੈਠੇ-ਬੈਠੇ ਆਸਾਨੀ ਨਾਲ ਪੈਸਾ ਕਮਾਉਣ ਲਈ ਪ੍ਰੇਰਿਤ ਕਰਦਾ ਹੈ। ਨੌਜਵਾਨ ਜਦੋਂ ਉਸ ਦੇ ਜਾਲ 'ਚ ਫਸ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਈਬਰ ਠੱਗੀ ਦਾ ਗੁਰ ਸਿਖਾਉਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਤੋਂ ਆਪਣੇ ਲਈ ਕੰਮ ਕਰਵਾਉਂਦਾ ਹੈ।
ਅਜਿਹੇ ਵਿਚ ਉਸ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੂੰ ਇਕ ਵੱਡੇ ਸਾਈਬਰ ਠੱਗੀ ਗਿਰੋਹ ਦੇ ਨੈੱਟਵਰਕ ਨੂੰ ਤੋੜਨ 'ਚ ਮਦਦ ਮਿਲੇਗੀ। ਪੁਲਿਸ ਨੂੰ ਉਸ ਦੇ ਨੈੱਟਵਰਕ 'ਚ ਸ਼ਾਮਲ ਹੋਰ ਨੌਜਵਾਨਾਂ ਦੀ ਵੀ ਭਾਲ ਹੈ।
ਸਾਈਬਰ ਥਾਣੇ ਦੀ ਪੁਲਿਸ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੇ ਮੋਬਾਈਲ ਫੋਨ ਦੀ ਵਰਤੋਂ ਦੌਰਾਨ ਸਾਵਧਾਨ ਰਹਿਣ। ਆਪਣੇ ਬੈਂਕ ਖਾਤੇ ਤੇ ਓਟੀਪੀ ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰੋ।
ਉੱਥੇ ਹੀ, ਜੇਕਰ ਕੋਈ ਅਣਜਾਣ ਲਿੰਕ ਆਉਂਦਾ ਹੈ ਤਾਂ ਉਸ ’ਤੇ ਕਲਿੱਕ ਨਾ ਕਰੋ। ਉਸ ਨੂੰ ਖੋਲ੍ਹਣ ਨਾਲ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਹੋ ਸਕਦਾ ਹੈ। ਮੋਬਾਈਲ ਫੋਨ ਹੈਕ ਕਰਨ ਤੋਂ ਬਾਅਦ ਸਾਈਬਰ ਠੱਗ ਉਨ੍ਹਾਂ ਦੇ ਬੈਂਕ ਖਾਤੇ ਅਤੇ ਓਟੀਪੀ ਦੀ ਜਾਣਕਾਰੀ ਹਾਸਲ ਕਰ ਲੈਣਗੇ। ਇਸ ਤੋਂ ਬਾਅਦ ਖਾਤੇ 'ਚੋਂ ਪੈਸਿਆਂ ਦੀ ਗੈਰ-ਕਾਨੂੰਨੀ ਨਿਕਾਸੀ ਕਰ ਲਈ ਜਾਵੇਗੀ।