- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰੱਖਿਆ ਬਲਾਂ ਦੀ ਇਸ ਕਾਰਵਾਈ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਸ਼ਾਹ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ।

ਜਾਗਰਣ ਸੰਵਾਦਦਾਤਾ, ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਲਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱਤਵਾਦੀ ਲਤੀਫ ਅਹਿਮਦ ਭੱਟ ਮਾਰਿਆ ਗਿਆ ਹੈ। ਕੁਲਗਾਮ ਵਿੱਚ ਸੀਆਰਪੀਐੱਫ ਦੀ ਟੀਮ 'ਤੇ ਹਮਲਾ ਕਰਨ ਤੋਂ ਬਾਅਦ ਲਤੀਫ ਭੱਜ ਕੇ ਇੱਕ ਮਸਜਿਦ ਵਿੱਚ ਲੁਕ ਗਿਆ ਸੀ। ਜਵਾਨਾਂ ਨੇ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਗੋਲੀਬਾਰੀ ਜਾਰੀ ਰੱਖੀ।
ਸੁਰੱਖਿਆ ਬਲਾਂ ਦੀ ਇਸ ਕਾਰਵਾਈ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਸ਼ਾਹ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਲਿਖਿਆ, ''ਜੰਮੂ-ਕਸ਼ਮੀਰ ਪੁਲਿਸ (JKP), ਭਾਰਤੀ ਫੌਜ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਘਾਟੀ ਵਿੱਚ ਲਸ਼ਕਰ-ਏ-ਤੋਇਬਾ ਦਾ ਆਖਰੀ ਜਾਣਿਆ ਜਾਂਦਾ ਸਰਗਰਮ ਸਥਾਨਕ ਅੱਤਵਾਦੀ ਲਤੀਫ ਭੱਟ ਅੱਜ ਤੜਕੇ ਕੁਲਗਾਮ ਵਿੱਚ ਇੱਕ ਮੁਹਿੰਮ ਦੌਰਾਨ ਮਾਰਿਆ ਗਿਆ। ਇਸ ਤੋਂ ਇਕ ਦਿਨ ਪਹਿਲਾਂ ਉਸ ਦੇ ਅੱਤਵਾਦੀ ਸਾਥੀ ਉਮਰ ਨਿਸਾਰ ਨੂੰ ਵੀ ਕੁਲਗਾਮ ਵਿੱਚ ਮਾਰ ਦਿੱਤਾ ਗਿਆ ਸੀ।
ਪੂਰੇ ਆਪ੍ਰੇਸ਼ਨ ਦੌਰਾਨ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਉੱਚ ਪੱਧਰੀ ਤਾਲਮੇਲ ਦੇਖਣ ਨੂੰ ਮਿਲਿਆ। ਦੇਸ਼ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਬਹਾਦਰ ਜਵਾਨਾਂ ਦੇ ਸਾਹਸ ਅਤੇ ਬਹਾਦਰੀ ਨੂੰ ਸਲਾਮ ਕਰਦਾ ਹੈ।''
ਕੁਲਗਾਮ ਦਾ ਹੀ ਰਹਿਣ ਵਾਲਾ ਸੀ ਅੱਤਵਾਦੀ
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਕੁਲਗਾਮ ਮੁਕਾਬਲੇ ਵਿੱਚ ਮਾਰਿਆ ਗਿਆ ਅੱਤਵਾਦੀ ਲਸ਼ਕਰ-ਏ-ਤੋਇਬਾ (LeT) ਦਾ ਕਮਾਂਡਰ ਮੁਹੰਮਦ ਲਤੀਫ ਭੱਟ ਕੁਲਗਾਮ ਦੇ ਖਰੇਵਾਨ ਇਲਾਕੇ ਦਾ ਰਹਿਣ ਵਾਲਾ ਸੀ। ਮੁਕਾਬਲੇ ਵਾਲੀ ਥਾਂ ਤੋਂ ਮਾਰੇ ਗਏ ਅੱਤਵਾਦੀ ਦੀ ਲਾਸ਼ ਅਤੇ ਇਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।
ਕਸ਼ਮੀਰ ਘਾਟੀ ਵਿੱਚ ਅੱਤਵਾਦ ਦਾ ਨਵਾਂ ਚਿਹਰਾ ਬਣਿਆ ਟੀਆਰਐੱਫ ਦਾ ਖੁਦਮੁਖਤਿਆਰ ਕਮਾਂਡਰ ਲਤੀਫ ਅਹਿਮਦ ਭੱਟ ਆਪਣੀ ਮੌਤ ਸਾਹਮਣੇ ਦੇਖ ਕੇ ਜੰਗਲਪੋਰਾ, ਕੁਲਗਾਮ ਦੀ ਇਕ ਮਸਜਿਦ ਵਿੱਚ ਦਾਖ਼ਲ ਹੋ ਗਿਆ ਸੀ। ਹਾਲਾਂਕਿ, ਸੁਰੱਖਿਆ ਬਲਾਂ ਨੇ ਪੂਰੀ ਸੂਝ-ਬੂਝ ਅਤੇ ਸੰਜਮ ਨਾਲ ਕਾਰਵਾਈ ਕਰਦਿਆਂ ਉਸ ਨੂੰ ਮਾਰ ਦਿੱਤਾ। ਉਸ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ।
ਸੁਰੱਖਿਆ ਬਲਾਂ ਨੇ ਵੀਡੀਓ ਕਾਲ ਰਾਹੀਂ ਭੱਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਹਥਿਆਰ ਸੁੱਟਣ ਲਈ ਕਿਹਾ। ਇਕ ਅਧਿਕਾਰੀ ਨੇ ਉਸ ਨੂੰ ਆਤਮ-ਸਮਰਪਣ ਕਰਨ ਲਈ ਮਨਾਉਂਦਿਆਂ ਕਿਹਾ, ''ਅਸੀਂ ਤੁਹਾਡੇ ਨਾਲ ਹਾਂ।'' ਪਰ ਭੱਟ ਨੇ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਅਤੇ ਜਵਾਬ ਦਿੱਤਾ, ''ਮੈਨੂੰ ਅੱਲ੍ਹਾ ਨਾਲ ਮੁਲਾਕਾਤ ਕਰਨੀ ਹੈ। ਮੈਂ ਬਹੁਤ ਖੁਸ਼ ਹਾਂ।''
ਇਕ ਸਾਲ ਪਹਿਲਾਂ ਹੀ ਅੱਤਵਾਦੀ ਬਣਿਆ ਸੀ ਲਤੀਫ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਅੱਤਵਾਦੀ ਬਣਿਆ ਲਤੀਫ ਅਹਿਮਦ ਭੱਟ 15 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਸੀ। ਉਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ ਅਤੇ ਕਾਲਜ ਵਿੱਚ ਵੀ ਦਾਖ਼ਲਾ ਲਿਆ ਸੀ, ਪਰ ਕੁਝ ਸਮੇਂ ਬਾਅਦ ਪੜ੍ਹਾਈ ਛੱਡ ਦਿੱਤੀ।
ਉਸ ਨੇ ਕੁਝ ਸਮਾਂ ਪਲੰਬਰ, ਇਲੈਕਟ੍ਰੀਸ਼ੀਅਨ ਅਤੇ ਤਰਖਾਣ ਵਜੋਂ ਵੀ ਕੰਮ ਕੀਤਾ। ਲਤੀਫ ਨੇ ਇਸ ਸਾਲ ਜੁਲਾਈ ਵਿੱਚ ਅਨੰਤਨਾਗ ਦੇ ਲਾਲ ਚੌਕ ਵਿੱਚ ਇਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰਨ ਤੋਂ ਇਲਾਵਾ ਕੁਲਗਾਮ ਵਿੱਚ ਛੱਤੀਸਗੜ੍ਹ ਦੇ ਦੋ ਮਜ਼ਦੂਰਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਸੀ।
ਉਸ ਦੇ ਸਾਥੀ ਉਮਰ ਨਿਸਾਰ ਨੂੰ ਦੋ ਦਿਨ ਪਹਿਲਾਂ ਹੀ ਸੁਰੱਖਿਆ ਬਲਾਂ ਨੇ ਲਾਰੂ ਵਿੱਚ ਹੋਏ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ, ਜਦਕਿ ਲਤੀਫ ਉੱਥੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਜੰਗਲਪੋਰਾ ਪਹੁੰਚ ਗਿਆ ਸੀ।
ਅਖਰਾਨ, ਕੁਲਗਾਮ ਵਿੱਚ ਸੀਆਰਪੀਐੱਫ ਦੀ ਟੀਮ 'ਤੇ ਹੋਏ ਹਮਲੇ ਤੋਂ ਬਾਅਦ ਹੀ ਸੁਰੱਖਿਆ ਬਲਾਂ ਨੇ ਲਤੀਫ ਭੱਟ ਅਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ।
500 ਤੋਂ ਵੱਧ ਸ਼ੱਕੀ ਵਿਅਕਤੀਆਂ ਤੋਂ ਕੀਤੀ ਪੁੱਛਗਿੱਛ
ਇਸ ਮੁਹਿੰਮ ਦੌਰਾਨ ਪੁਲਿਸ ਨੇ 500 ਤੋਂ ਵੱਧ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ 20 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ। ਇਸੇ ਦੌਰਾਨ ਲਸ਼ਕਰ ਅਤੇ ਟੀਆਰਐੱਫ ਨਾਲ ਜੁੜੇ ਤਿੰਨ ਓਵਰਗ੍ਰਾਊਂਡ ਵਰਕਰਾਂ ਦੀ ਵੀ ਕਥਿਤ ਤੌਰ 'ਤੇ ਪਛਾਣ ਕੀਤੀ ਗਈ। ਇਸ ਦੌਰਾਨ ਲਤੀਫ ਭੱਟ ਦੇ ਕੁਝ ਸੰਭਾਵਿਤ ਟਿਕਾਣਿਆਂ ਬਾਰੇ ਵੀ ਜਾਣਕਾਰੀ ਮਿਲੀ।
ਕਿਵੇਂ ਸ਼ੁਰੂ ਹੋਇਆ ਆਪ੍ਰੇਸ਼ਨ?
ਅਧਿਕਾਰੀਆਂ ਮੁਤਾਬਕ, ਜੰਮੂ-ਕਸ਼ਮੀਰ ਪੁਲਿਸ ਤੋਂ ਮਿਲੀ ਪੱਕੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਜੰਗਲਪੋਰਾ ਇਲਾਕੇ ਵਿੱਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਤਲਾਸ਼ੀ ਦੌਰਾਨ ਜਦੋਂ ਜਵਾਨ ਉਸ ਦੇ ਟਿਕਾਣੇ ਵੱਲ ਵਧੇ ਤਾਂ ਅੱਤਵਾਦੀ ਲਤੀਫ ਨੇ ਘੇਰਾਬੰਦੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪਰ ਸੁਰੱਖਿਆ ਬਲਾਂ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਉਸ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਆਪਣਾ ਬਚਾਅ ਕਰਨ ਲਈ ਉਹ ਨੇੜਲੀ ਮਸਜਿਦ ਵਿੱਚ ਦਾਖ਼ਲ ਹੋ ਗਿਆ।
ਮਸਜਿਦ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਬਲਾਂ ਨੇ ਗੋਲੀਬਾਰੀ ਰੋਕ ਦਿੱਤੀ ਅਤੇ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਦੱਸਿਆ ਜਾਂਦਾ ਹੈ ਕਿ ਉਹ ਅੱਜ ਤੜਕੇ ਢਾਈ ਵਜੇ ਮਸਜਿਦ ਵਿੱਚ ਦਾਖ਼ਲ ਹੋਇਆ ਸੀ।
ਅੱਤਵਾਦੀ ਦੇ ਮਸਜਿਦ ਵਿੱਚ ਦਾਖ਼ਲ ਹੋਣ ਦੀ ਸੂਚਨਾ ਮਿਲਦੇ ਹੀ ਫੌਜ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਖੁਦ ਅਤੇ ਸਥਾਨਕ ਮੌਲਵੀ ਰਾਹੀਂ ਉਸ ਨੂੰ ਆਤਮ-ਸਮਰਪਣ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਕੁਲਗਾਮ ਦੇ ਐੱਸਐੱਸਪੀ ਇਨਾਇਤ ਅਲੀ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਮਸਜਿਦ ਨੂੰ ਨੁਕਸਾਨ ਤੋਂ ਬਚਾਉਣ ਲਈ ਬੇਹੱਦ ਸੰਜਮ ਵਰਤਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਧਾਰਮਿਕ ਸਥਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਮਸਜਿਦ ਪੂਰੀ ਤਰ੍ਹਾਂ ਸੁਰੱਖਿਅਤ ਰਹੀ।