- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵਾਈਜ਼ਰੀ ਵਿਚ ਖਾਧ ਕਾਰੋਬਾਰੀਆਂ ਨੂੰ ਇਨ੍ਹਾਂ ਪਦਾਰਥਾਂ ਦੀ ਸਟੋਰੇਜ ਅਤੇ ਢੋਆਈ ਤੋਂ ਲੈ ਕੇ ਗਾਹਕਾਂ ਤੱਕ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ ਦੌਰਾਨ ਤੈਅ ਤਾਪਮਾਨ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਐੱਫ਼ਐੱਸਐੱਸਏਆਈ ਨੇ ਸਫ਼ਾਈ, ਸੁਰੱਖਿਅਤ ਪੈਕਿੰਗ ਅਤੇ ਖ਼ੁਰਾਕੀ ਪਦਾਰਥਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ’ਤੇ ਵੀ ਜ਼ੋਰ ਦਿੱਤਾ ਹੈ।

ਨਵੀਂ ਦਿੱਲੀ (ਪੀਟੀਆਈ) : ਖੋਆ, ਪਨੀਰ, ਮੀਟ ਅਤੇ ਮੱਛੀ ਵਰਗੇ ਜਲਦੀ ਖ਼ਰਾਬ ਹੋਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਸਟੋਰੇਜ ਅਤੇ ਇਕ ਥਾਂ ਤੋਂ ਦੂਜੀ ਥਾਂ ਤੱਕ ਢੋਆਈ ਵਿਚ ਹੁਣ ਲਾਪਰਵਾਹੀ ਨਹੀਂ ਚੱਲੇਗੀ। ਤਿਉਹਾਰਾਂ ਦੌਰਾਨ ਖ਼ੁਰਾਕੀ ਪਦਾਰਥਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ਼ਐੱਸਐੱਸਏਆਈ) ਨੇ ਖਾਧ ਕਾਰੋਬਾਰੀਆਂ (ਐੱਫ਼ਬੀਓਜ਼) ਲਈ ਇਨ੍ਹਾਂ ਪਦਾਰਥਾਂ ਦੀ ਸਟੋਰੇਜ ਅਤੇ ਢੋਆਈ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦਾ ਮਕਸਦ ਖ਼ੁਰਾਕੀ ਪਦਾਰਥਾਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
ਐਡਵਾਈਜ਼ਰੀ ਵਿਚ ਖਾਧ ਕਾਰੋਬਾਰੀਆਂ ਨੂੰ ਇਨ੍ਹਾਂ ਪਦਾਰਥਾਂ ਦੀ ਸਟੋਰੇਜ ਅਤੇ ਢੋਆਈ ਤੋਂ ਲੈ ਕੇ ਗਾਹਕਾਂ ਤੱਕ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ ਦੌਰਾਨ ਤੈਅ ਤਾਪਮਾਨ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਐੱਫ਼ਐੱਸਐੱਸਏਆਈ ਨੇ ਸਫ਼ਾਈ, ਸੁਰੱਖਿਅਤ ਪੈਕਿੰਗ ਅਤੇ ਖ਼ੁਰਾਕੀ ਪਦਾਰਥਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ’ਤੇ ਵੀ ਜ਼ੋਰ ਦਿੱਤਾ ਹੈ। ਅਥਾਰਟੀ ਨੇ ਸੂਬਿਆਂ ਦੇ ਖਾਧ ਸੁਰੱਖਿਆ ਅਧਿਕਾਰੀਆਂ ਨੂੰ ਸਖ਼ਤ ਨਿਗਰਾਨੀ ਰੱਖਣ ਅਤੇ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਾਰਵਾਈ ਕਰਨ ਲਈ ਵੀ ਕਿਹਾ ਹੈ।
ਐੱਫ਼ਐੱਸਐੱਸਏਆਈ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਕਿਹਾ ਕਿ ਐੱਫ਼ਬੀਓਜ਼ ਨੂੰ ਖੋਆ, ਪਨੀਰ, ਮੀਟ ਅਤੇ ਮੱਛੀ ਵਰਗੇ ਜਲਦੀ ਖ਼ਰਾਬ ਹੋਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਪੂਰੀ ਸਪਲਾਈ ਲੜੀ-ਖ਼ਰੀਦ ਤੋਂ ਲੈ ਕੇ ਖਪਤਕਾਰ ਤੱਕ ਪਹੁੰਚਾਉਣ ਤੱਕ-ਵਿਚ ਸਫ਼ਾਈ ਅਤੇ ਤਾਪਮਾਨ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਖਾਧ ਸੁਰੱਖਿਆ ਅਤੇ ਮਿਆਰ (ਖਾਧ ਕਾਰੋਬਾਰ ਦਾ ਲਾਇਸੈਂਸ ਅਤੇ ਰਜਿਸਟ੍ਰੇਸ਼ਨ) ਨਿਯਮਾਵਲੀ, 2011 ਦੀ ਅਨੁਸੂਚੀ-4 ਤਹਿਤ ਐੱਫ਼ਬੀਓਜ਼ ਲਈ ਸਫ਼ਾਈ ਅਤੇ ਸਵੱਛਤਾ ਸਬੰਧੀ ਪ੍ਰਬੰਧ ਤੈਅ ਕੀਤੇ ਗਏ ਹਨ।
15 ਅਕਤੂਬਰ ਨੂੰ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਐੱਫ਼ਐੱਸਐੱਸਏਆਈ ਦੇ ਧਿਆਨ ਵਿਚ ਆਇਆ ਹੈ ਕਿ ਖੋਆ, ਪਨੀਰ, ਮੀਟ ਅਤੇ ਮੱਛੀ ਵਰਗੇ ਜਲਦੀ ਖ਼ਰਾਬ ਹੋਣ ਵਾਲੇ ਖ਼ੁਰਾਕੀ ਪਦਾਰਥਾਂ ਨੂੰ ਕਈ ਵਾਰ ਢੁੱਕਵੇਂ ਤਾਪਮਾਨ ’ਤੇ ਨਹੀਂ ਰੱਖਿਆ ਜਾਂਦਾ ਅਤੇ ਨਾ ਹੀ ਉਨ੍ਹਾਂ ਦੀ ਸਟੋਰੇਜ ਜਾਂ ਢੋਆਈ ਤੈਅ ਤਾਪਮਾਨ ’ਤੇ ਕੀਤੀ ਜਾਂਦੀ ਹੈ। ਇਸ ਕਾਰਨ ਹਾਨੀਕਾਰਕ ਸੂਖਮ ਜੀਵ ਤੇਜ਼ੀ ਨਾਲ ਵਧ ਸਕਦੇ ਹਨ ਅਤੇ ਪਦਾਰਥਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦਾ ਖਾਧ ਸੁਰੱਖਿਆ ਅਤੇ ਜਨਤਕ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਇਹ ਸਵੱਛਤਾ ਨਿਯਮਾਂ ਦੀ ਉਲੰਘਣਾ ਵੀ ਮੰਨੀ ਜਾਵੇਗੀ। ਐੱਫ਼ਐੱਸਐੱਸਏਆਈ ਨੇ ਇਨ੍ਹਾਂ ਪਦਾਰਥਾਂ ਦੇ ਉਤਪਾਦਨ, ਪੈਕਿੰਗ, ਸਟੋਰੇਜ, ਢੋਆਈ, ਵੰਡ ਅਤੇ ਬਿਕਵਾਲੀ ਨਾਲ ਜੁੜੇ ਸਾਰੇ ਐੱਫ਼ਬੀਓਜ਼ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
---------
ਸਾਫ਼ ਤੇ ਢੱਕੇ ਵਾਹਨਾਂ ਰਾਹੀਂ ਹੀ ਹੋਵੇਗੀ ਢੋਆਈ
ਐੱਫ਼ਐੱਸਐੱਸਏਆਈ ਨੇ ਹਦਾਇਤ ਦਿੱਤੀ ਹੈ ਕਿ ਖ਼ੁਰਾਕੀ ਪਦਾਰਥਾਂ ਦੀ ਢੋਆਈ ਲਈ ਢੱਕੇ ਹੋਏ ਅਤੇ ਸਾਫ਼ ਵਾਹਨਾਂ ਦੀ ਵਰਤੋਂ ਕੀਤੀ ਜਾਵੇ। ਪੈਕਿੰਗ ਲਈ ਖ਼ੁਰਾਕੀ ਪਦਾਰਥਾਂ ਵਾਸਤੇ ਸੁਰੱਖਿਅਤ ਸਮੱਗਰੀ ਵਰਤਣੀ ਹੋਵੇਗੀ। ਸਟੋਰੇਜ, ਲੱਦਾਈ, ਉਤਾਰਾਈ ਅਤੇ ਢੋਆਈ ਦੌਰਾਨ ਖ਼ੁਰਾਕੀ ਪਦਾਰਥਾਂ ਨੂੰ ਧੂੜ, ਨਮੀ, ਕੀੜਿਆਂ ਅਤੇ ਹੋਰ ਖ਼ੁਰਾਕੀ ਪਦਾਰਥਾਂ ਤੋਂ ਹੋਣ ਵਾਲੇ ਦੂਸ਼ਣ ਤੋਂ ਬਚਾਉਣਾ ਲਾਜ਼ਮੀ ਹੋਵੇਗਾ।
ਕਾਰੋਬਾਰੀਆਂ ਨੂੰ ਖ਼ੁਰਾਕੀ ਪਦਾਰਥਾਂ ਦੀਆਂ ਖੇਪਾਂ ਨਾਲ ਸਬੰਧਤ ਰਿਕਾਰਡ ਸੰਭਾਲ ਕੇ ਰੱਖਣ ਲਈ ਕਿਹਾ ਗਿਆ ਹੈ। ਲੋੜ ਪੈਣ ’ਤੇ ਉਨ੍ਹਾਂ ਨੂੰ ਬਿੱਲ, ਚਲਾਨ ਅਤੇ ਹੋਰ ਸਬੰਧਤ ਦਸਤਾਵੇਜ਼ ਵੀ ਪੇਸ਼ ਕਰਨੇ ਹੋਣਗੇ, ਤਾਂ ਜੋ ਖ਼ੁਰਾਕੀ ਪਦਾਰਥਾਂ ਦੀ ਸਪਲਾਈ ਅਤੇ ਉਨ੍ਹਾਂ ਦੇ ਸਰੋਤ ਦਾ ਪਤਾ ਲਾਇਆ ਜਾ ਸਕੇ।
ਐੱਫ਼ਐੱਸਐੱਸਏਆਈ ਨੇ ਸੂਬਿਆਂ ਦੇ ਖਾਧ ਸੁਰੱਖਿਆ ਕਮਿਸ਼ਨਰਾਂ, ਭਾਰਤੀ ਰੇਲਵੇ ਅਤੇ ਅਥਾਰਟੀ ਦੇ ਖੇਤਰੀ ਡਾਇਰੈਕਟਰਾਂ ਨੂੰ ਕਿਹਾ ਹੈ ਕਿ ਉਹ ਸਬੰਧਤ ਲਾਇਸੈਂਸਿੰਗ ਅਧਿਕਾਰੀਆਂ ਅਤੇ ਖਾਧ ਸੁਰੱਖਿਆ ਅਧਿਕਾਰੀਆਂ ਨੂੰ ਨਿਯਮਾਂ ਦੀ ਪਾਲਣਾ ’ਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦੇਣ। ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਅਧਿਕਾਰੀਆਂ ਨੂੰ ਖਾਧ ਪਦਾਰਥ ਜ਼ਬਤ ਕਰਨ ਅਤੇ ਨਸ਼ਟ ਕਰਨ ਸਮੇਤ ਢੁੱਕਵੀਂ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ।