Indian Navy ਦੀ ਤਾਕਤ 'ਚ ਵਾਧਾ! ਅਤਿ-ਆਧੁਨਿਕ ਗਸ਼ਤੀ ਜੰਗੀ ਬੇੜਾ 'ਸ਼੍ਰੇਅਸ' ਲਾਂਚ, ਸਮੁੰਦਰੀ ਲੁੱਟ ਤੇ ਘੁਸਪੈਠ ਨੂੰ ਰੋਕਣ 'ਚ ਹੋਵੇਗਾ ਮਦਦਗਾਰ
ਵਾਈਸ ਐਡਮਿਰਲ ਅਜੈ ਕੋਚਰ ਨੇ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਤੀਜੇ ਬੇੜੇ ਦੇ ਜਲਾਵਤਰਨ 'ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਜੀਆਰਐੱਸਈ 'ਚ ਦਿਨ-ਰਾਤ ਕੀਤੀ ਜਾ ਰਹੀ ਮਿਹਨਤ ਦੇ ਨਾਲ ਭਾਰਤੀ ਜੰਗੀ ਬੇੜੇ ਬਣਾਉਣ ਦੇ ਉਦਯੋਗ ਦੀ ਵਧਦੀ ਰਫ਼ਤਾਰ, ਸਮਰੱਥਾ ਅਤੇ ਮਜ਼ਬੂਤੀ ਨੂੰ ਦਰਸਾਉਂਦੀ ਹੈ।
Publish Date: Sat, 10 Oct 2026 04:52 PM (IST)
Updated Date: Sat, 10 Oct 2026 05:06 PM (IST)
ਸਟੇਟ ਬਿਊਰੋ, ਕੋਲਕਾਤਾ : ਭਾਰਤੀ ਜਲ ਸੈਨਾ ਦੀ ਸਮੁੰਦਰੀ ਨਿਗਰਾਨੀ ਅਤੇ ਸੁਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੋਲਕਾਤਾ ਸਥਿਤ ਗਾਰਡਨਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (ਜੀਆਰਐੱਸਈ) ਨੇ ਸ਼ਨੀਵਾਰ ਨੂੰ ਅਗਲੀ ਪੀੜ੍ਹੀ ਦੇ ਸਮੁੰਦਰੀ ਗਸ਼ਤੀ ਬੇੜੇ (ਐੱਨਜੀਓਪੀਵੀ) 'ਸ਼੍ਰੇਯਸ' ਦਾ ਜਲਾਵਤਰਨ ਕੀਤਾ।
ਇਹ ਭਾਰਤੀ ਜਲ ਸੈਨਾ ਲਈ ਜੀਆਰਐੱਸਈ ਵੱਲੋਂ ਬਣਾਏ ਜਾ ਰਹੇ ਚਾਰ ਬੇੜਿਆਂ ਦੀ ਲੜੀ ਦਾ ਤੀਜਾ ਜੰਗੀ ਬੇੜਾ ਹੈ। ਰੱਖਿਆ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦੇ ਅਦਾਰੇ ਜੀਆਰਐੱਸਈ ਨੇ ਰਿਕਾਰਡ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਇਸ ਲੜੀ ਦੇ ਤਿੰਨ ਬੇੜਿਆਂ ਦਾ ਜਲਾਵਤਰਨ ਕਰਕੇ ਪ੍ਰਾਜੈਕਟ ਦੀ ਰਫ਼ਤਾਰ ਤੇਜ਼ ਕੀਤੀ ਹੈ।
ਕੋਲਕਾਤਾ ਦੇ ਜੀਆਰਐੱਸਈ ਦੇ ਰਾਜਾਬਗਾਨ ਡੌਕਯਾਰਡ 'ਚ ਕਰਵਾਏ ਗਏ ਸਮਾਗਮ 'ਚ ਭਾਰਤੀ ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਅਜੈ ਕੋਚਰ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਉਨ੍ਹਾਂ ਦੀ ਪਤਨੀ ਰੇਯਮਨ ਕੋਚਰ ਨੇ ਰਵਾਇਤੀ ਢੰਗ ਨਾਲ ਜੰਗੀ ਬੇੜੇ ਦਾ ਜਲਾਵਤਰਨ ਕੀਤਾ ਅਤੇ ਇਸ ਦਾ ਨਾਂ ਰੱਖਿਆ।
ਇਸ ਮੌਕੇ ਜੀਆਰਐੱਸਈ ਅਤੇ ਭਾਰਤੀ ਜਲ ਸੈਨਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜਲਾਵਤਰਨ ਤੋਂ ਬਾਅਦ ਇਸ ਬੇੜੇ ਨੂੰ ਸਮੁੰਦਰ 'ਚ ਵੱਖ-ਵੱਖ ਤਰ੍ਹਾਂ ਦੇ ਟੈਸਟਾਂ 'ਚੋਂ ਲੰਘਾਇਆ ਜਾਵੇਗਾ। ਇਸ 'ਚ ਅਤਿ-ਆਧੁਨਿਕ ਸੈਂਸਰ ਅਤੇ ਹੋਰ ਉਪਕਰਨ ਲਗਾਏ ਜਾਣਗੇ। ਟੈਸਟਿੰਗ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸ ਨੂੰ ਜਲ ਸੈਨਾ ਦੇ ਹਵਾਲੇ ਕਰ ਦਿੱਤਾ ਜਾਵੇਗਾ।
113 ਮੀਟਰ ਲੰਬਾ ਅਤੇ 3,000 ਟਨ ਵਜ਼ਨੀ ਹੈ ਜੰਗੀ ਬੇੜਾ
ਅਧਿਕਾਰੀਆਂ ਨੇ ਦੱਸਿਆ ਕਿ 'ਸ਼੍ਰੇਯਸ' ਲਗਪਗ 113 ਮੀਟਰ ਲੰਬਾ ਅਤੇ 14.6 ਮੀਟਰ ਚੌੜਾ ਹੈ। ਇਸ ਦਾ ਵਜ਼ਨ ਲਗਪਗ 3,000 ਟਨ ਹੈ ਅਤੇ ਇਹ ਵੱਧ ਤੋਂ ਵੱਧ 23 ਨੌਟ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। 14 ਨੌਟ ਦੀ ਕਰੂਜ਼ਿੰਗ ਸਪੀਡ 'ਤੇ ਇਸ ਦੀ ਸੰਚਾਲਨ ਦੂਰੀ 8,500 ਸਮੁੰਦਰੀ ਮੀਲ ਤੱਕ ਹੋਵੇਗੀ।
ਪਹਿਲਾਂ ਬਣਾਏ ਗਏ ਸਮੁੰਦਰੀ ਗਸ਼ਤੀ ਬੇੜਿਆਂ ਦੇ ਮੁਕਾਬਲੇ ਇਹ ਨਵੇਂ ਬੇੜੇ ਵਧੇਰੇ ਵੱਡੇ ਅਤੇ ਸਮਰੱਥ ਹਨ। ਇਨ੍ਹਾਂ 'ਚ ਲੰਬੇ ਸਮੇਂ ਤੱਕ ਸਮੁੰਦਰ 'ਚ ਰਹਿਣ ਦੀ ਬਿਹਤਰ ਸਮਰੱਥਾ, ਵਧੇਰੇ ਮਾਰਕ ਸਮਰੱਥਾ ਅਤੇ ਵੱਖ-ਵੱਖ ਤਰ੍ਹਾਂ ਦੇ ਅਭਿਆਨ ਚਲਾਉਣ ਦੀ ਯੋਗਤਾ ਹੋਵੇਗੀ।
ਇਨ੍ਹਾਂ ਜੰਗੀ ਬੇੜਿਆਂ ਦੀ ਵਰਤੋਂ ਤੱਟਵਰਤੀ ਅਤੇ ਡੂੰਘੇ ਸਮੁੰਦਰ 'ਚ ਸਥਿਤ ਸੰਪਤੀਆਂ ਦੀ ਸੁਰੱਖਿਆ, ਸਮੁੰਦਰੀ ਨਿਗਰਾਨੀ, ਸ਼ੱਕੀ ਜਹਾਜ਼ਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਤਲਾਸ਼ੀ ਲੈਣ, ਸਮੁੰਦਰੀ ਬਾਰੂਦੀ ਸੁਰੰਗਾਂ ਨਾਲ ਜੁੜੇ ਅਭਿਆਨਾਂ ਅਤੇ ਵਿਸ਼ੇਸ਼ ਕਾਰਵਾਈਆਂ ਲਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸਮੁੰਦਰੀ ਡਕੈਤੀ ਵਿਰੋਧੀ ਕਾਰਵਾਈਆਂ, ਘੁਸਪੈਠ ਰੋਕਣ, ਮਨੁੱਖੀ ਸਹਾਇਤਾ, ਆਫ਼ਤ ਰਾਹਤ, ਖੋਜ ਅਤੇ ਬਚਾਅ ਮੁਹਿੰਮਾਂ ਦੇ ਨਾਲ-ਨਾਲ ਲੋੜ ਪੈਣ 'ਤੇ ਹਸਪਤਾਲ ਨਾਲ ਸਬੰਧਤ ਸੇਵਾਵਾਂ ਦੇਣ 'ਚ ਵੀ ਇਨ੍ਹਾਂ ਦੀ ਅਹਿਮ ਭੂਮਿਕਾ ਹੋਵੇਗੀ।
ਜੀਆਰਐੱਸਈ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਕਮੋਡੋਰ ਪੀਆਰ ਹਰੀ ਨੇ ਕਿਹਾ ਕਿ ਨਵੀਂ ਪੀੜ੍ਹੀ ਦੇ ਇਹ ਬੇੜੇ ਆਕਾਰ, ਸਮੁੰਦਰ 'ਚ ਲੰਬੇ ਸਮੇਂ ਤੱਕ ਅਭਿਆਨ ਚਲਾਉਣ ਦੀ ਸਮਰੱਥਾ, ਵਿਸਥਾਪਨ ਅਤੇ ਉਪਕਰਨਾਂ ਤੇ ਹਥਿਆਰਾਂ ਦੇ ਮਾਮਲੇ 'ਚ ਪੁਰਾਣੇ ਸਮੁੰਦਰੀ ਗਸ਼ਤੀ ਬੇੜਿਆਂ ਨਾਲੋਂ ਵਧੇਰੇ ਉੱਨਤ ਹਨ।
ਇਸ ਲੜੀ ਦੇ ਪਹਿਲੇ ਬੇੜੇ 'ਸੰਘਮਿੱਤਰਾ' ਦਾ ਜਲਾਵਤਰਨ 20 ਮਈ 2026 ਨੂੰ ਅਤੇ ਦੂਜੇ ਬੇੜੇ 'ਸ਼੍ਰੁਤੀ' ਦਾ 11 ਅਗਸਤ 2026 ਨੂੰ ਹੋਇਆ ਸੀ। 'ਸ਼੍ਰੇਯਸ' ਦੇ ਜਲਾਵਤਰਨ ਨਾਲ ਜੀਆਰਐੱਸਈ ਨੇ ਭਾਰਤੀ ਜਲ ਸੈਨਾ ਦੇ 11 ਬੇੜਿਆਂ ਵਾਲੇ ਐੱਨਜੀਓਪੀਵੀ ਪ੍ਰੋਗਰਾਮ ਤਹਿਤ ਆਪਣੇ ਚਾਰ ਬੇੜਿਆਂ ਦੇ ਪ੍ਰਾਜੈਕਟ 'ਚ ਇਕ ਹੋਰ ਅਹਿਮ ਪੜਾਅ ਪਾਰ ਕਰ ਲਿਆ ਹੈ।
ਤੀਜੇ ਬੇੜੇ ਦੇ ਜਲਾਵਤਰਨ 'ਤੇ ਵਾਈਸ ਐਡਮਿਰਲ ਨੇ ਕੀਤੀ ਜੀਆਰਐੱਸਈ ਦੀ ਸ਼ਲਾਘਾ
ਇਸ ਮੌਕੇ ਵਾਈਸ ਐਡਮਿਰਲ ਅਜੈ ਕੋਚਰ ਨੇ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਤੀਜੇ ਬੇੜੇ ਦੇ ਜਲਾਵਤਰਨ 'ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਜੀਆਰਐੱਸਈ 'ਚ ਦਿਨ-ਰਾਤ ਕੀਤੀ ਜਾ ਰਹੀ ਮਿਹਨਤ ਦੇ ਨਾਲ ਭਾਰਤੀ ਜੰਗੀ ਬੇੜੇ ਬਣਾਉਣ ਦੇ ਉਦਯੋਗ ਦੀ ਵਧਦੀ ਰਫ਼ਤਾਰ, ਸਮਰੱਥਾ ਅਤੇ ਮਜ਼ਬੂਤੀ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਸਮੁੰਦਰੀ ਦੇਸ਼ ਲਈ ਇਸ ਖੇਤਰ 'ਚ ਲਗਾਤਾਰ ਅਤੇ ਭਰੋਸੇਯੋਗ ਸਮੁੰਦਰੀ ਮੌਜੂਦਗੀ ਬਣਾਈ ਰੱਖਣੀ ਜ਼ਰੂਰੀ ਹੈ। ਦੇਸ਼ ਦੀ ਲੰਬੀ ਤੱਟਰੇਖਾ, ਵਿਸ਼ਾਲ ਵਿਸ਼ੇਸ਼ ਆਰਥਿਕ ਖੇਤਰ ਅਤੇ ਸਮੁੰਦਰ 'ਤੇ ਨਿਰਭਰ ਆਰਥਿਕ ਤੇ ਊਰਜਾ ਹਿੱਤਾਂ ਕਾਰਨ ਅਜਿਹੇ ਬੇੜਿਆਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ।