
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕਲਾ ਬਾਜ਼ਾਰ ਵਿਚ ਪਿਛਲੇ ਕੁਝ ਸਾਲਾਂ ਵਿਚ ਜਿਸ ਤਰ੍ਹਾਂ ਕੀਮਤਾਂ ਦੇ ਨਵੇਂ ਰਿਕਾਰਡ ਬਣੇ ਹਨ, ਉਹ ਇਸ ਬਦਲਾਅ ਨੂੰ ਸਮਝਣ ਦਾ ਇਕ ਸੰਕੇਤ ਹੈ। ਅੰਮ੍ਰਿਤਾ ਸ਼ੇਰਗਿਲ ਦੀ ‘ਦਿ ਸਟੋਰੀਟੈਲਰ’ 2023 ਵਿਚ 61.8 ਕਰੋੜ ਰੁਪਏ ਵਿਚ ਵੇਚੀ ਗਈ। ਇਸ ਤੋਂ ਬਾਅਦ ਐੱਮਐੱਫ ਹੁਸੈਨ ਦੀ ‘ਗ੍ਰਾਮ ਯਾਤਰਾ’ ਨੂੰ 2025 ਵਿਚ 118 ਕਰੋੜ ਰੁਪਏ ਦੀ ਬੋਲੀ ਮਿਲੀ। 2026 ਦੀ ਨਿਲਾਮੀ ਵਿਚ ਰਾਜਾ ਰਵੀ ਵਰਮਾ ਦੀ ‘ਯਸ਼ੋਧਾ ਅਤੇ ਕ੍ਰਿਸ਼ਨ’ ਦੀ ਕੀਮਤ 167.2 ਕਰੋੜ ਰੁਪਏ ਮੰਨੀ ਗਈ।

ਨਵੀਂ ਦਿੱਲੀ (ਪੀਟੀਆਈ) : ਭਾਰਤੀ ਕਲਾ ਬਾਜ਼ਾਰ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਕਲਾ ਦੇ ਕਦਰਦਾਨ ਸਿਰਫ਼ ਵੱਡੇ ਅਤੇ ਸਥਾਪਤ ਨਾਵਾਂ ਦੇ ਪਿੱਛੇ ਨਹੀਂ ਭੱਜ ਰਹੇ, ਸਗੋਂ ਘੱਟ ਚਰਚਿਤ ਕਲਾਕਾਰਾਂ ਦੀਆਂ ਚੰਗੀਆਂ ਕਲਾਕ੍ਰਿਤੀਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਆਪਣੇ ਸੰਗ੍ਰਹਿ ਦਾ ਹਿੱਸਾ ਬਣਾਉਣ ਦੀ ਦੌੜ ਵੀ ਵਧ ਰਹੀ ਹੈ। ਭਾਰਤ ਵਿਚ ਵਧ ਰਹੀ ਖ਼ੁਸ਼ਹਾਲੀ ਦੇ ਨਾਲ ਲੋਕਾਂ ਦੇ ਖ਼ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਮਹਿੰਗੀਆਂ ਕਾਰਾਂ, ਘੜੀਆਂ ਜਾਂ ਘਰਾਂ ਦੇ ਨਾਲ-ਨਾਲ ਹੁਣ ਇਕ ਚੰਗੀ ਕਲਾਕ੍ਰਿਤੀ ਵੀ ਸਮਾਜਿਕ ਪਛਾਣ, ਨਿੱਜੀ ਪਸੰਦ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਬਣ ਰਹੀ ਹੈ। ਕਿਸੇ ਖ਼ਰੀਦਦਾਰ ਲਈ ਇਕ ਕਲਾਕ੍ਰਿਤੀ ਨਿਵੇਸ਼ ਹੋ ਸਕਦੀ ਹੈ, ਦੂਜੇ ਲਈ ਇੱਜ਼ਤ, ਕਿਸੇ ਲਈ ਵਿਰਾਸਤ ਅਤੇ ਕਿਸੇ ਲਈ ਅਜਿਹੀ ਚੀਜ਼ ਜਿਸ ਨੂੰ ਦੇਖ ਕੇ ਉਸ ਨੂੰ ਆਪਣੇ ਸਮੇਂ ਅਤੇ ਆਪਣੀ ਕਹਾਣੀ ਦਾ ਅਹਿਸਾਸ ਹੁੰਦਾ ਹੈ।
ਭਾਰਤੀ ਕਲਾ ਬਾਜ਼ਾਰ ਵਿਚ ਪਿਛਲੇ ਕੁਝ ਸਾਲਾਂ ਵਿਚ ਜਿਸ ਤਰ੍ਹਾਂ ਕੀਮਤਾਂ ਦੇ ਨਵੇਂ ਰਿਕਾਰਡ ਬਣੇ ਹਨ, ਉਹ ਇਸ ਬਦਲਾਅ ਨੂੰ ਸਮਝਣ ਦਾ ਇਕ ਸੰਕੇਤ ਹੈ। ਅੰਮ੍ਰਿਤਾ ਸ਼ੇਰਗਿਲ ਦੀ ‘ਦਿ ਸਟੋਰੀਟੈਲਰ’ 2023 ਵਿਚ 61.8 ਕਰੋੜ ਰੁਪਏ ਵਿਚ ਵੇਚੀ ਗਈ। ਇਸ ਤੋਂ ਬਾਅਦ ਐੱਮਐੱਫ ਹੁਸੈਨ ਦੀ ‘ਗ੍ਰਾਮ ਯਾਤਰਾ’ ਨੂੰ 2025 ਵਿਚ 118 ਕਰੋੜ ਰੁਪਏ ਦੀ ਬੋਲੀ ਮਿਲੀ। 2026 ਦੀ ਨਿਲਾਮੀ ਵਿਚ ਰਾਜਾ ਰਵੀ ਵਰਮਾ ਦੀ ‘ਯਸ਼ੋਧਾ ਅਤੇ ਕ੍ਰਿਸ਼ਨ’ ਦੀ ਕੀਮਤ 167.2 ਕਰੋੜ ਰੁਪਏ ਮੰਨੀ ਗਈ। ਪਰ ਕਹਾਣੀ ਸਿਰਫ਼ ਇਨ੍ਹਾਂ ਵੱਡੇ ਨਾਵਾਂ ਦੀ ਨਹੀਂ ਹੈ। ਅਸਲ ਬਦਲਾਅ ਉਨ੍ਹਾਂ ਕਲਾਕ੍ਰਿਤੀਆਂ ਵਿਚ ਦਿਖਾਈ ਦਿੰਦਾ ਹੈ ਜਿਨ੍ਹਾਂ ਤੋਂ ਲੋਕ ਸ਼ਾਇਦ ਇੰਨਾ ਜਾਣੂ ਨਾ ਹੋਣ। ਅਸਿਤ ਕੁਮਾਰ ਹਾਲਦਾਰ ਦੀ ‘ਮਦਰ ਇੰਡੀਆ (ਬੰਗਾਲ ਵੰਡ)’ ਦਾ ਆਧਾਰ ਮੁੱਲ 8-12 ਲੱਖ ਰੁਪਏ ਸੀ ਪਰ ਇਹ 2.07 ਕਰੋੜ ਰੁਪਏ ਵਿਚ ਵੇਚੀ ਗਈ। ਇਸ ਦਾ ਮਤਲਬ ਹੈ ਕਿ ਅਨੁਮਾਨਤ ਕੀਮਤ ਤੋਂ ਲਗਪਗ 25 ਗੁਣਾ ਵੱਧ। ਸ਼ਾਂਤੀ ਦਵੇ ਦੀ ‘ਅਨਟਾਈਟਲਡ (1971)’ ਦਾ ਆਧਾਰ ਮੁੱਲ 32-45 ਲੱਖ ਰੁਪਏ ਸੀ ਪਰ ਇਸ ਦੀ ਬੋਲੀ 3.25 ਕਰੋੜ ਰੁਪਏ ਤੱਕ ਪਹੁੰਚ ਗਈ।
ਲਗਜ਼ਰੀ ਇੰਟੈਲੀਜੈਂਸ ਮੈਗਜ਼ੀਨ ‘ਲਕਸਟ੍ਰੇਪ’ ਅਨੁਸਾਰ ਸਦੀ ਦੀ ਸ਼ੁਰੂਆਤ ਵਿਚ ਕੁਝ ਕਰੋੜ ਰੁਪਏ ਦਾ ਕਲਾ ਬਾਜ਼ਾਰ ਹੁਣ ਲਗਪਗ 3,000 ਕਰੋੜ ਰੁਪਏ ਦਾ ਬਣ ਚੁੱਕਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਧੁਨਿਕ ਸ਼ੈਲੀ ਦੇ ਕਲਾਕਾਰਾਂ (ਮਾਡਰਨਿਸਟ) ਨੇ ਜੋ ਆਧਾਰ ਤਿਆਰ ਕੀਤਾ, ਸਮਕਾਲੀ ਕਲਾਕਾਰਾਂ ਨੂੰ ਉਸ ਦਾ ਫ਼ਾਇਦਾ ਮਿਲ ਰਿਹਾ ਹੈ। ਦੱਸਣਾ ਜ਼ਰੂਰੀ ਹੈ ਕਿ 19ਵੀਂ ਸਦੀ ਦੇ ਆਖ਼ਰ ਤੋਂ 1980-90 ਤੱਕ ਦੇ ਕਲਾਕਾਰਾਂ ਨੂੰ ਮਾਡਰਨਿਸਟ ਅਤੇ ਉਸ ਤੋਂ ਬਾਅਦ ਦੇ ਕਲਾਕਾਰਾਂ ਨੂੰ ਸਮਕਾਲੀ (ਕੰਟੈਂਪਰੇਰੀ) ਕਲਾਕਾਰ ਕਿਹਾ ਜਾਂਦਾ ਹੈ।
ਹਾਲੀਆ ਸਾਲਾਂ ਵਿਚ, ਨਲਿਨੀ ਮਲਾਨੀ, ਨਸਰੀਨ ਮੁਹੰਮਦੀ ਅਤੇ ਭੂਪੇਨ ਖੱਕਰ ਜਿਹੇ ਭਾਰਤੀ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਮਿਊਜ਼ੀਅਮ ਆਫ ਮਾਡਰਨ ਆਰਟ, ਟੇਟ ਮਾਡਰਨ, ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਅਤੇ ਵੈਨਿਸ ਬੀਐਨਾਲੇ ਜਿਹੇ ਮਸ਼ਹੂਰ ਮਿਊਜ਼ੀਅਮਾਂ ਅਤੇ ਸੰਸਥਾਵਾਂ ਵਿਚ ਅਕਸਰ ਪ੍ਰਦਰਸ਼ਿਤ ਕੀਤਾ ਗਿਆ ਹੈ।
ਓਥੇ ਹੀ ਭਾਰਤੀ ਖੇਰ, ਸ਼ਿਲਪਾ ਗੁਪਤਾ, ਜਿਤੀਸ਼ ਕੱਲਾਟ, ਮਿੱਠੂ ਸੇਨ ਅਤੇ ਵੀ. ਰਮੇਸ਼ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਆਦਾ ਪਛਾਣ ਮਿਲੀ ਹੈ।
ਆਰਟ ਫੇਅਰ ਅਤੇ ਪ੍ਰਦਰਸ਼ਨੀਆਂ ਨੇ ਵੀ ਇਸ ਬਦਲਾਅ ਨੂੰ ਤੇਜ਼ੀ ਦਿੱਤੀ ਹੈ। ਫਰਵਰੀ ਵਿਚ ਹੋਏ ਇੰਡੀਆ ਆਰਟ ਫੇਅਰ ਦੇ 17ਵੇਂ ਐਡੀਸ਼ਨ ਵਿਚ 133 ਕਲਾਕਾਰ ਸ਼ਾਮਲ ਹੋਏ, ਜਿਨ੍ਹਾਂ ਵਿਚ ਲਗਪਗ 25 ਭਾਰਤ ਦੇ ਬਾਹਰੋਂ ਆਏ ਸਨ। ਕੋਚੀ-ਮੁਜ਼ਿਰਿਸ ਬੀਐਨਾਲੇ ਜਿਹੇ ਆਯੋਜਨ ਭਾਰਤੀ ਦਰਸ਼ਕਾਂ ਨੂੰ ਦੁਨੀਆ ਦੀ ਕਲਾ ਨਾਲ ਅਤੇ ਵਿਦੇਸ਼ੀ ਦਰਸ਼ਕਾਂ ਨੂੰ ਭਾਰਤੀ ਕਲਾ ਨਾਲ ਜੋੜ ਰਹੇ ਹਨ।
ਕਲਾ ਬਾਜ਼ਾਰ ਦੇ ਜਾਣਕਾਰਾਂ ਅਨੁਸਾਰ, ਇਸ ਦੇ ਪਿੱਛੇ ਸਿਰਫ਼ ਨਿਵੇਸ਼ ਦਾ ਗਣਿਤ ਨਹੀਂ ਹੈ। ਚੰਗੀ ਕਲਾਕ੍ਰਿਤੀ ਖ਼ਰੀਦਣ ਵਾਲਾ ਵਿਅਕਤੀ ਆਪਣੇ ਘਰ ਵਿਚ ਸਿਰਫ਼ ਇਕ ਮਹਿੰਗੀ ਚੀਜ਼ ਨਹੀਂ ਲਿਆਉਂਦਾ, ਸਗੋਂ ਉਹ ਆਪਣੀ ਪਸੰਦ ਅਤੇ ਸ਼ਖ਼ਸੀਅਤ ਦਾ ਇਕ ਹਿੱਸਾ ਵੀ ਉੱਥੇ ਰੱਖਦਾ ਹੈ। ਇਹੀ ਕਾਰਨ ਹੈ ਕਿ ਕਲਾ ਖ਼ਰੀਦਣ ਦਾ ਫ਼ੈਸਲਾ ਕਈ ਵਾਰ ਸ਼ੇਅਰ ਜਾਂ ਸੰਪਤੀ ਵਿਚ ਨਿਵੇਸ਼ ਤੋਂ ਅਲੱਗ ਹੁੰਦਾ ਹੈ। ਇੱਥੇ ਖ਼ਰੀਦਦਾਰ ਲਈ ਇਹ ਵੀ ਮਹੱਤਵਪੂਰਨ ਹੈ ਕਿ ਉਹ ਕਿਸ ਕਲਾਕਾਰ ਨੂੰ ਸਮਝਦਾ ਹੈ, ਕਿਸ ਕਲਾਕ੍ਰਿਤੀ ਨਾਲ ਜੁੜਾਅ ਮਹਿਸੂਸ ਕਰਦਾ ਹੈ ਅਤੇ ਉਸ ਦੇ ਸੰਗ੍ਰਹਿ ਦੀ ਆਪਣੀ ਇਕ ਕਹਾਣੀ ਹੋਵੇ।
ਸੈਫਰਨਆਰਟ ਦੇ ਕੋ-ਫਾਊਂਡਰ ਅਤੇ ਸੀਈਓ ਦਿਨੇਸ਼ ਵਜ਼ੀਰਾਨੀ ਅਨੁਸਾਰ, ਖ਼ਰੀਦਦਾਰ ਬਿਹਤਰ ਕਲਾਕ੍ਰਿਤੀਆਂ ਦਾ ਹਿੱਸਾ ਹਾਸਲ ਕਰਨਾ ਚਾਹੁੰਦੇ ਹਨ। ਆਸਟਾਗੁਰੂ ਦੇ ਮਾਰਕੀਟਿੰਗ ਡਾਇਰੈਕਟਰ ਮਨੋਜ ਮਨਸੁਖਾਨੀ ਦਾ ਕਹਿਣਾ ਹੈ ਕਿ ਭਾਰਤੀ ਮਾਡਰਨਿਸਟ ਸ਼ੈਲੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਿਲ ਰਹੀ ਪਛਾਣ ਨੇ ਵੀ ਬਾਜ਼ਾਰ ਵਿਚ ਨਵੀਂ ਦਿਲਚਸਪੀ ਪੈਦਾ ਕੀਤੀ ਹੈ। ਉਨ੍ਹਾਂ ਅਨੁਸਾਰ, ਇਸ ਵਿਚ ਦੁਰਲਭਤਾ, ਵਧਦੀ ਸਮਝ ਅਤੇ ਸੰਸਕ੍ਰਿਤਕ ਆਤਮ-ਵਿਸ਼ਵਾਸ ਤਿੰਨਾਂ ਦੀ ਭੂਮਿਕਾ ਹੈ।
ਇੱਥੇ ਨਵੀਂ ਪੀੜ੍ਹੀ ਦਾ ਬਦਲਦਾ ਨਜ਼ਰੀਆ ਵੀ ਮਹੱਤਵਪੂਰਨ ਹੈ। ਕਈ ਨੌਜਵਾਨ ਕੁਲੈਕਟਰ ਸਿੱਧੇ ਕਰੋੜਾਂ ਦੀਆਂ ਇਤਿਹਾਸਕ ਕਲਾਕ੍ਰਿਤੀਆਂ ਨਾਲ ਸ਼ੁਰੂਆਤ ਨਹੀਂ ਕਰ ਰਹੇ। ਉਹ ਸਮਕਾਲੀ ਜਾਂ ਤੁਲਨਾਤਮਕ ਤੌਰ ’ਤੇ ਘੱਟ ਕੀਮਤ ਵਾਲੀ ਕਲਾਕ੍ਰਿਤੀ ਖ਼ਰੀਦ ਕੇ ਬਾਜ਼ਾਰ ਨੂੰ ਸਮਝ ਰਹੇ ਹਨ। ਹੌਲੀ-ਹੌਲੀ ਇਹ ਸ਼ੌਕ ਸੰਗ੍ਰਹਿ ਵਿਚ ਬਦਲਦਾ ਹੈ ਅਤੇ ਸੰਗ੍ਰਹਿ ਕਈ ਵਾਰ ਨਿਵੇਸ਼ ਦਾ ਰੂਪ ਵੀ ਲੈ ਲੈਂਦਾ ਹੈ।