ਭਾਰਤ ਨੂੰ ਟ੍ਰੇਡ ਡੀਲ 'ਤੇ ਮਿਲੇਗੀ ਖ਼ੁਸ਼ਖ਼ਬਰੀ! ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਟੈਰਿਫ 'ਚ ਫ਼ਾਇਦਾ ਦੇਵੇਗਾ ਅਮਰੀਕਾ
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਤਹਿਤ ਅਮਰੀਕਾ ਨੇ ਭਾਰਤ ਨੂੰ ਹੋਰ ਮੁਕਾਬਲੇਬਾਜ਼ ਅਰਥਵਿਵਸਥਾਵਾਂ ਦੇ ਮੁਕਾਬਲੇ ਟੈਰਿਫ (ਸ਼ੁਲਕ) 'ਚ ਫ਼ਾਇਦਾ ਦੇਣ ਦਾ ਭਰੋਸਾ ਦਿੱਤਾ ਹੈ।
Publish Date: Sat, 14 Nov 2026 03:56 PM (IST)
Updated Date: Sat, 14 Nov 2026 03:58 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਸਮਝੌਤੇ ਦੇ ਪਹਿਲੇ ਪੜਾਅ ਅਤੇ ਵਿਆਪਕ ਸਮਝੌਤੇ ਨੂੰ ਲੈ ਕੇ ਗੱਲਬਾਤ ਜਾਰੀ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਅਮਰੀਕਾ ਭਾਰਤ 'ਤੇ ਲੱਗਣ ਵਾਲੇ ਟੈਰਿਫ (ਸ਼ੁਲਕ) ਨੂੰ ਘਟਾ ਸਕਦਾ ਹੈ।
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਤਹਿਤ ਅਮਰੀਕਾ ਨੇ ਭਾਰਤ ਨੂੰ ਹੋਰ ਮੁਕਾਬਲੇਬਾਜ਼ ਅਰਥਵਿਵਸਥਾਵਾਂ ਦੇ ਮੁਕਾਬਲੇ ਟੈਰਿਫ (ਸ਼ੁਲਕ) 'ਚ ਫ਼ਾਇਦਾ ਦੇਣ ਦਾ ਭਰੋਸਾ ਦਿੱਤਾ ਹੈ।
ਭਾਰਤ 'ਤੇ ਲੱਗਣ ਵਾਲਾ ਟੈਰਿਫ ਘਟਾਏਗਾ ਅਮਰੀਕਾ
ਅਧਿਕਾਰੀ ਨੇ ਕਿਹਾ, "ਅਮਰੀਕਾ ਨੇ ਵਪਾਰ ਸਮਝੌਤੇ 'ਚ ਭਾਰਤ ਨੂੰ ਉਸ ਦੇ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਟੈਰਿਫ 'ਚ ਫ਼ਾਇਦਾ ਦੇਣ ਦਾ ਭਰੋਸਾ ਦਿੱਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਟੈਰਿਫ ਦਾ ਢਾਂਚਾ ਕਿਸ ਤਰ੍ਹਾਂ ਤਿਆਰ ਹੁੰਦਾ ਹੈ।" ਅਧਿਕਾਰੀ ਨੇ ਦੱਸਿਆ ਕਿ ਭਾਰਤ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਪਹਿਲੇ ਪੜਾਅ ਅਤੇ ਵਿਆਪਕ ਦੁਵੱਲੇ ਵਪਾਰ ਸਮਝੌਤੇ (BTA) ਨੂੰ ਲੈ ਕੇ ਗੱਲਬਾਤ ਨਾਲੋ-ਨਾਲ ਚੱਲ ਰਹੀ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਸੇਵਾਵਾਂ ਨਾਲ ਜੁੜੇ ਮੁੱਦਿਆਂ ਨੂੰ ਸ਼ੁਰੂਆਤੀ ਪੈਕੇਜ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਨ੍ਹਾਂ 'ਤੇ ਦੂਜੇ ਪੜਾਅ ਦੀ ਗੱਲਬਾਤ ਦੌਰਾਨ ਚਰਚਾ ਹੋਵੇਗੀ, ਜੋ ਵਿਆਪਕ BTA ਦਾ ਹੀ ਹਿੱਸਾ ਹੋਵੇਗਾ। ਅਧਿਕਾਰੀ ਮੁਤਾਬਕ, ਅੰਤਿਮ ਸਮਝੌਤਾ ਇਕ ਕਾਨੂੰਨੀ ਦਸਤਾਵੇਜ਼ ਦੇ ਰੂਪ 'ਚ ਹੋਵੇਗਾ, ਜਿਸ ਨਾਲ ਕੁਝ ਪਰਿਸ਼ਿਸ਼ਟ ਵੀ ਜੁੜੇ ਹੋਣਗੇ। ਇਸ 'ਚ ਕਸਟਮ ਡਿਊਟੀ ਅਤੇ ਵਪਾਰ ਨੂੰ ਆਸਾਨ ਬਣਾਉਣ ਲਈ ਇਕ ਵੱਖਰਾ ਅਧਿਆਇ ਵੀ ਸ਼ਾਮਲ ਹੋਵੇਗਾ।
ਭਾਰਤ-ਅਮਰੀਕਾ ਵਿਚਾਲੇ ਟ੍ਰੇਡ ਡੀਲ
ਏਐੱਨਆਈ ਮੁਤਾਬਕ, ਇਸ ਤੋਂ ਪਹਿਲਾਂ ਵਣਜ ਮੰਤਰਾਲੇ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਪਿਛਲੇ ਹਫ਼ਤੇ ਭਾਰਤ ਅਤੇ ਅਮਰੀਕਾ ਵਿਚਾਲੇ ਕਸਟਮ ਡਿਊਟੀ ਅਤੇ ਵਪਾਰ ਨੂੰ ਸੁਖਾਲਾ ਬਣਾਉਣ ਨੂੰ ਲੈ ਕੇ ਚਰਚਾ ਹੋਈ ਸੀ। ਇਸ ਮੁੱਦੇ 'ਤੇ ਗੱਲਬਾਤ ਲਈ 2-3 ਨਵੰਬਰ ਨੂੰ ਅਮਰੀਕਾ ਦੀ ਦੋ ਮੈਂਬਰੀ ਟੀਮ ਭਾਰਤ ਆਈ ਸੀ। ਦੋਵੇਂ ਦੇਸ਼ ਇਸ ਵਪਾਰ ਸਮਝੌਤੇ 'ਤੇ ਪੜਾਅਵਾਰ ਗੱਲਬਾਤ ਕਰ ਰਹੇ ਹਨ।