ਭਾਰਤ ਨੂੰ ਮਿਲੀ ਮੁਰਗੀਆਂ ਨੂੰ Bird Flu ਤੋਂ ਬਚਾਉਣ ਵਾਲੀ ਪਹਿਲੀ ਸਵਦੇਸ਼ੀ ਵੈਕਸੀਨ; ਕੀਮਤ, ਵਾਇਰਸ ਦਾ ਵੇਰੀਐਂਟ ਤੇ ਜਾਣੋ ਖ਼ਾਸ ਗੱਲਾਂ
ਭਾਰਤ ਨੇ H5N1 ਬਰਡ ਫਲੂ ਦੇ ਖ਼ਿਲਾਫ਼ ਪਹਿਲੀ ਸਵਦੇਸ਼ੀ ਵੈਕਸੀਨ ਵਿਕਸਤ ਕੀਤੀ। ਭਾਰਤ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਪਿਛਲੇ ਦੋ ਦਹਾਕਿਆਂ ਦੌਰਾਨ ਦੇਸ਼ 'ਚ ਬਰਡ ਫਲੂ ਦੇ ਸੈਂਕੜੇ ਪ੍ਰਕੋਪ ਸਾਹਮਣੇ ਆਏ ਹਨ। ਇਨ੍ਹਾਂ ਪ੍ਰਕੋਪਾਂ ਕਾਰਨ ਵੱਡੀ ਗਿਣਤੀ 'ਚ ਪੰਛੀਆਂ ਦੀ ਮੌਤ ਹੋਈ ਅਤੇ ਕਈ ਪੰਛੀਆਂ ਨੂੰ ਲਾਗ ਫੈਲਣ ਤੋਂ ਰੋਕਣ ਲਈ ਮਾਰਨਾ ਪਿਆ।
Publish Date: Sat, 21 Nov 2026 01:33 PM (IST)
Updated Date: Sat, 21 Nov 2026 01:40 PM (IST)
ਜੇਐੱਨਐੱਨ, ਨਵੀਂ ਦਿੱਲੀ : ਭਾਰਤ ਨੇ H5N1 ਏਵੀਅਨ ਇਨਫਲੂਐਂਜ਼ਾ, ਜਿਸ ਨੂੰ ਆਮ ਤੌਰ 'ਤੇ ਬਰਡ ਫਲੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਖ਼ਿਲਾਫ਼ ਆਪਣੀ ਪਹਿਲੀ ਸਵਦੇਸ਼ੀ ਵੈਕਸੀਨ ਵਿਕਸਤ ਕਰ ਲਈ ਹੈ। ਭੋਪਾਲ ਸਥਿਤ ਇੱਕ ਖੋਜ ਸੰਸਥਾ ਦੇ ਵਿਗਿਆਨੀਆਂ ਨੇ ਇਸ ਨੂੰ ਤਿਆਰ ਕੀਤਾ ਹੈ। ਇਸ ਕਦਮ ਨੂੰ ਦੇਸ਼ ਦੀ ਵਾਰ-ਵਾਰ ਹੋਣ ਵਾਲੇ ਬਰਡ ਫਲੂ ਦੇ ਪ੍ਰਕੋਪ ਨਾਲ ਨਜਿੱਠਣ ਦੀ ਸਮਰੱਥਾ ਵਧਾਉਣ ਵੱਲ ਇੱਕ ਮਹੱਤਵਪੂਰਨ ਉਪਲਬਧੀ ਮੰਨਿਆ ਜਾ ਰਿਹਾ ਹੈ। ਇਹ ਵੈਕਸੀਨ ਭਾਰਤ ਦੇ ਪੋਲਟਰੀ ਖੇਤਰ 'ਚ ਬਰਡ ਫਲੂ ਦੇ ਜ਼ਿਆਦਾਤਰ ਮਾਮਲਿਆਂ ਲਈ ਜ਼ਿੰਮੇਵਾਰ ਵਾਇਰਸ ਦੇ ਸਟ੍ਰੇਨ ਨੂੰ ਨਿਸ਼ਾਨਾ ਬਣਾਉਂਦੀ ਹੈ। ਇਸ ਨਾਲ ਕਿਸਾਨਾਂ ਨੂੰ ਆਪਣੇ ਪੰਛੀਆਂ ਦੀ ਸੁਰੱਖਿਆ ਲਈ ਸਸਤਾ ਵਿਕਲਪ ਮਿਲਣ ਦੀ ਉਮੀਦ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਇਸ ਵੈਕਸੀਨ ਨੂੰ ਲਾਂਚ ਕੀਤਾ। ਇਸ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਅਧੀਨ ਕੰਮ ਕਰਨ ਵਾਲੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ (NIHSAD) ਨੇ ਵਿਕਸਤ ਕੀਤਾ ਹੈ। ਇਹ ਵੈਕਸੀਨ ਨਕਾਰਾ ਵਾਇਰਸ ਤਕਨੀਕ 'ਤੇ ਆਧਾਰਿਤ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਦੇਸ਼ 'ਚ ਕੀਤੀ ਗਈ ਖੋਜ ਰਾਹੀਂ ਤਿਆਰ ਕੀਤਾ ਗਿਆ ਹੈ। ਇਹ ਖ਼ਾਸ ਤੌਰ 'ਤੇ H5N1 ਕਲੇਡ 2.3.2.1a ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਉਹ ਸਟ੍ਰੇਨ ਹੈ, ਜੋ ਭਾਰਤ ਦੇ ਪੋਲਟਰੀ ਫਾਰਮਾਂ 'ਚ ਬਰਡ ਫਲੂ ਦੇ ਜ਼ਿਆਦਾਤਰ ਪ੍ਰਕੋਪਾਂ ਨਾਲ ਜੁੜਿਆ ਹੋਇਆ ਹੈ।
ਭਾਰਤ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਪਿਛਲੇ ਦੋ ਦਹਾਕਿਆਂ ਦੌਰਾਨ ਦੇਸ਼ 'ਚ ਬਰਡ ਫਲੂ ਦੇ ਸੈਂਕੜੇ ਪ੍ਰਕੋਪ ਸਾਹਮਣੇ ਆਏ ਹਨ। ਇਨ੍ਹਾਂ ਪ੍ਰਕੋਪਾਂ ਕਾਰਨ ਵੱਡੀ ਗਿਣਤੀ 'ਚ ਪੰਛੀਆਂ ਦੀ ਮੌਤ ਹੋਈ ਅਤੇ ਕਈ ਪੰਛੀਆਂ ਨੂੰ ਲਾਗ ਫੈਲਣ ਤੋਂ ਰੋਕਣ ਲਈ ਮਾਰਨਾ ਪਿਆ।
ਭਾਰਤ ਦੀ ਪਹਿਲੀ ਸਵਦੇਸ਼ੀ H5N1 ਵੈਕਸੀਨ ਦਾ ਮਹੱਤਵ ਤੇ ਕੀਮਤ
ਇਸ ਵੈਕਸੀਨ ਦਾ ਸਭ ਤੋਂ ਵੱਡਾ ਫਾਇਦਾ ਇਸ ਦੀ ਕੀਮਤ ਹੈ। ਚੌਹਾਨ ਅਨੁਸਾਰ, ਇਸ ਦੀ ਹਰੇਕ ਖੁਰਾਕ ਦੀ ਕੀਮਤ ਸਿਰਫ਼ 1 ਤੋਂ 2 ਰੁਪਏ ਹੋਣ ਦੀ ਉਮੀਦ ਹੈ। ਇਸ ਨਾਲ ਇਹ ਛੋਟੇ ਪੋਲਟਰੀ ਕਿਸਾਨਾਂ ਦੀ ਪਹੁੰਚ 'ਚ ਵੀ ਹੋਵੇਗੀ। ਇਹ H5N1 ਕਲੇਡ 2.3.2.1a ਦੇ ਖ਼ਿਲਾਫ਼ ਇਕ ਨਕਾਰਾ ਵੈਕਸੀਨ ਹੈ। ਇਸ ਦਾ ਮਤਲਬ ਹੈ ਕਿ ਵਿਗਿਆਨੀਆਂ ਨੇ ਵਾਇਰਸ ਦੇ ਨਕਾਰਾ ਰੂਪ ਦੀ ਵਰਤੋਂ ਕੀਤੀ ਹੈ ਤਾਂ ਜੋ ਇਹ ਪੰਛੀਆਂ ਨੂੰ ਬਿਮਾਰ ਕੀਤੇ ਬਿਨਾਂ ਉਨ੍ਹਾਂ ਦੇ ਸਰੀਰ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਕਸਤ ਕਰ ਸਕੇ। ਭਾਰਤ 'ਚ ਬਰਡ ਫਲੂ ਦੇ ਜ਼ਿਆਦਾਤਰ ਪ੍ਰਕੋਪਾਂ ਲਈ ਜ਼ਿੰਮੇਵਾਰ ਸਟ੍ਰੇਨ 'ਤੇ ਧਿਆਨ ਕੇਂਦਰਿਤ ਕਰ ਕੇ ਇਸ ਵੈਕਸੀਨ ਦਾ ਉਦੇਸ਼ ਪੋਲਟਰੀ ਖੇਤਰ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨਾ ਹੈ।
NIHSAD ਦੀ ਜਿਸ ਟੀਮ ਨੇ ਇਸ ਨੂੰ ਵਿਕਸਤ ਕੀਤਾ ਹੈ, ਉਸ 'ਚ ਡਾ. ਐੱਸ. ਨਾਗਰਾਜਨ, ਡਾ. ਮਨੋਜ ਕੁਮਾਰ, ਡਾ. ਸੀ. ਤੋਸ਼, ਡਾ. ਐੱਚ.ਵੀ. ਮੁਰੁਗਕਰ, ਡਾ. ਅਨਿਕੇਤ ਸਨਿਆਲ, ਡਾ. ਸੇਂਥਿਲ ਕੁਮਾਰ ਡੀ., ਡਾ. ਨਵੀਨ ਕੁਮਾਰ ਅਤੇ ਡਾ. ਯੋਗੀਸ਼ਾਰਾਧਿਆ ਆਰ. ਸ਼ਾਮਲ ਹਨ।
ਚੌਹਾਨ ਨੇ ਇਸ ਨੂੰ H5N1 ਦੇ ਇਸ ਖ਼ਾਸ ਵੇਰੀਐਂਟ ਦੇ ਖ਼ਿਲਾਫ਼ 'ਦੁਨੀਆ ਦੀ ਪਹਿਲੀ ਵੈਕਸੀਨ' ਦੱਸਿਆ। ਇਸ ਉਪਲਬਧੀ ਨਾਲ ਉਮੀਦ ਹੈ ਕਿ ਭਾਰਤ ਭਵਿੱਖ 'ਚ ਬਰਡ ਫਲੂ ਦੇ ਪ੍ਰਕੋਪ ਨਾਲ ਨਜਿੱਠਣ ਲਈ ਦਰਾਮਦ ਕੀਤੇ ਵਿਕਲਪਾਂ 'ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਤਕਨੀਕ ਦੀ ਵਰਤੋਂ ਕਰ ਸਕੇਗਾ। ਹਾਲਾਂਕਿ, ਵੈਕਸੀਨ ਨੂੰ ਵੱਡੇ ਪੱਧਰ 'ਤੇ ਉਪਲਬਧ ਕਰਵਾਉਣ, ਟੀਕਾਕਰਨ ਪ੍ਰੋਗਰਾਮ ਤੇ ਕਿਹੜੇ ਪੰਛੀਆਂ ਨੂੰ ਇਸ ਦੇ ਦਾਇਰੇ 'ਚ ਸ਼ਾਮਲ ਕੀਤਾ ਜਾਵੇਗਾ, ਇਸ ਬਾਰੇ ਅਜੇ ਵਿਸਤ੍ਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਭਾਰਤ ਨੂੰ H5N1 ਵੈਕਸੀਨ ਦੀ ਲੋੜ ਕਿਉਂ ਹੈ?
H5N1 ਏਵੀਅਨ ਇਨਫਲੂਐਂਜ਼ਾ ਦਾ ਇੱਕ ਬਹੁਤ ਹੀ ਖ਼ਤਰਨਾਕ ਤੇ ਘਾਤਕ ਰੂਪ ਹੈ ਜੋ ਮੁੱਖ ਤੌਰ 'ਤੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਪੋਲਟਰੀ ਦੇ ਝੁੰਡਾਂ 'ਚ ਤੇਜ਼ੀ ਨਾਲ ਫੈਲਦਾ ਹੈ। ਜਦੋਂ ਇਸ ਦਾ ਪ੍ਰਕੋਪ ਹੁੰਦਾ ਹੈ, ਤਾਂ ਵੱਡੀ ਗਿਣਤੀ 'ਚ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਜਾਂ ਲਾਗ ਨੂੰ ਰੋਕਣ ਲਈ ਉਨ੍ਹਾਂ ਨੂੰ ਮਾਰਨਾ ਪੈਂਦਾ ਹੈ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਚਿਕਨ ਤੇ ਆਂਡਿਆਂ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ।
ਭਾਰਤ 'ਚ 2006 'ਚ ਮਹਾਰਾਸ਼ਟਰ ਦੇ ਨਵਾਪੁਰ 'ਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਰਡ ਫਲੂ ਦੇ 500 ਤੋਂ ਵੱਧ ਪ੍ਰਕੋਪ ਦਰਜ ਕੀਤੇ ਜਾ ਚੁੱਕੇ ਹਨ। ਪਹਿਲੇ ਪ੍ਰਕੋਪ ਦੌਰਾਨ ਲਗਭਗ 10 ਲੱਖ ਮੁਰਗੀਆਂ ਦੀ ਮੌਤ ਹੋਈ ਸੀ ਅਤੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੱਡੀ ਗਿਣਤੀ 'ਚ ਹੋਰ ਪੰਛੀਆਂ ਨੂੰ ਵੀ ਮਾਰਨਾ ਪਿਆ ਸੀ। ਪਿਛਲੇ ਸਾਲਾਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਰਡ ਫਲੂ ਦੇ ਪ੍ਰਕੋਪ ਸਾਹਮਣੇ ਆਉਂਦੇ ਰਹੇ ਹਨ। 2021 'ਚ ਇੱਕ ਵਾਰ ਫਿਰ ਇਸ ਦੇ ਪ੍ਰਕੋਪ ਦੌਰਾਨ ਲਗਭਗ 9 ਲੱਖ ਮੁਰਗੀਆਂ ਦੀ ਮੌਤ ਹੋਈ ਸੀ। ਖੇਤੀਬਾੜੀ ਮੰਤਰੀ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਸਾਲ ਹੁਣ ਤੱਕ ਲਗਪਗ 2 ਲੱਖ ਪੰਛੀਆਂ ਦਾ ਨੁਕਸਾਨ ਹੋ ਚੁੱਕਾ ਹੈ।
ਭਾਰਤ 'ਚ ਬਰਡ ਫਲੂ ਦਾ ਤਾਜ਼ਾ ਪ੍ਰਕੋਪ
ਹਾਲ ਹੀ 'ਚ ਕੇਰਲ ਦੇ ਅਲੱਪੁਝਾ ਜ਼ਿਲ੍ਹੇ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ। ਅਧਿਕਾਰੀਆਂ ਨੇ ਵੱਡੇ ਪੱਧਰ 'ਤੇ ਪੰਛੀਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਅਤੇ 18 ਨਵੰਬਰ ਨੂੰ 18,600 ਤੋਂ ਵੱਧ ਪੰਛੀਆਂ ਦੇ ਨਾਲ 28,040 ਆਂਡਿਆਂ ਨੂੰ ਨਸ਼ਟ ਕਰ ਦਿੱਤਾ। ਇਹ ਮੁਹਿੰਮ ਪ੍ਰਭਾਵਿਤ ਪੋਲਟਰੀ ਫਾਰਮਾਂ ਅਤੇ ਅੰਬਾਲਾਪੁਝਾ ਨਾਰਥ, ਅੰਬਾਲਾਪੁਝਾ ਸਾਊਥ ਅਤੇ ਚੇਨਿਥਲਾ-ਥ੍ਰਿੱਪੁਰੁਥੁਰਾ ਪੰਚਾਇਤਾਂ ਦੇ ਇੱਕ ਕਿਲੋਮੀਟਰ ਦੇ ਘੇਰੇ 'ਚ ਚਲਾਈ ਗਈ। ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹੇ ਦੇ ਕੁਰਿੰਜਿਪਡੀ ਤਾਲੁਕ ਦੇ ਕੱਟਿਯਨਕੁੱਪਮ ਪਿੰਡ ਸਥਿਤ ਇੱਕ ਪੋਲਟਰੀ ਫਾਰਮ ਤੋਂ ਲਏ ਗਏ ਮੁਰਗੀਆਂ ਦੇ ਨਮੂਨਿਆਂ 'ਚ H5N1 ਵਾਇਰਸ ਪਾਇਆ ਗਿਆ।
NIHSAD ਨੇ 5 ਨਵੰਬਰ ਨੂੰ ਲਾਗ ਦੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ 7,116 ਮੁਰਗੀਆਂ, 11,057 ਬੱਤਖਾਂ ਅਤੇ 447 ਬਟੇਰਾਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ ਲਗਪਗ 100 ਕਿਲੋਗ੍ਰਾਮ ਪੋਲਟਰੀ ਫੀਡ ਵੀ ਨਸ਼ਟ ਕੀਤੀ ਗਈ। ਇਸ ਤੋਂ ਪਹਿਲਾਂ ਅਕਤੂਬਰ 'ਚ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਬੁੱਕਰਾਯਸਮੁਦਰਮ ਮੰਡਲ ਦੇ ਸਿੱਧਾਰਾਮਪੁਰਮ ਪਿੰਡ ਸਥਿਤ ਇੱਕ ਫਾਰਮ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ। ਉੱਥੇ ਲਗਭਗ 2,500 ਦੇਸੀ ਮੁਰਗੀਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਅਲਰਟ ਜਾਰੀ ਕੀਤਾ ਸੀ।