- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
19 ਨਵੰਬਰ ਨੂੰ ਬੈਂਗਲੁਰੂ ਵਿਚ ਹੋਏ ਟੈਕ ਸਮਿਟ ਦੌਰਾਨ ਪੁਲਾੜ ਵਿਚ ਦਵਾਈਆਂ ਬਣਾਉਣ ਅਤੇ ਉਨ੍ਹਾਂ ਦੀ ਜਾਂਚ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਸਥਾਰ ਨਾਲ ਚਰਚਾ ਹੋਈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ, ਕਾਨਫਰੰਸ ਵਿਚ ਖੋਜਕਰਤਾਵਾਂ, ਨੀਤੀ-ਘਾੜਿਆਂ ਅਤੇ ਉੱਦਮੀਆਂ ਨੇ ਵਿਚਾਰ ਕੀਤਾ ਕਿ ਭਾਰਤ ਦਾ ਪ੍ਰਸਤਾਵਿਤ ਪੁਲਾੜ ਢਾਂਚਾ ਬਾਇਓਟੈਕਨੋਲੋਜੀ ਅਤੇ ਫਾਰਮਾ ਖੇਤਰ ਵਿਚ ਭਾਲ ਨੂੰ ਕਿਵੇਂ ਅੱਗੇ ਵਧਾ ਸਕਦਾ ਹੈ।

ਨਵੀਂ ਦਿੱਲੀ (ਆਈਏਐੱਨਐੱਸ) : ਭਾਰਤ ਹੁਣ ਆਪਣੀਆਂ ਪੁਲਾੜ ਸਮਰੱਥਾਵਾਂ ਦੀ ਵਰਤੋਂ ਦਵਾਈਆਂ ਅਤੇ ਟੀਕਿਆਂ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਲੱਭਣ ਲਈ ਕਰਨਾ ਚਾਹੁੰਦਾ ਹੈ। ਇਸ ਦਿਸ਼ਾ ਵਿਚ ਵਿਗਿਆਨੀਆਂ, ਬਾਇਓਟੈਕ ਕੰਪਨੀਆਂ ਅਤੇ ਸਟਾਰਟਅੱਪਾਂ ਨੇ ਮਾਈਕ੍ਰੋਗ੍ਰੈਵਿਟੀ-ਭਾਵ ਬਹੁਤ ਘੱਟ ਗੁਰੂਤਾਕਰਸ਼ਨ ਵਾਲੀ ਸਥਿਤੀ-ਵਿਚ ਖੋਜ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦਾ ਮਕਸਦ ਨਵੀਆਂ ਤਕਨੀਕਾਂ ਅਤੇ ਦਵਾਈਆਂ ਵਿਕਸਿਤ ਕਰਨਾ ਹੈ, ਤਾਂ ਜੋ ਭਵਿੱਖ ਵਿਚ ਇਲਾਜ ਦੇ ਹੋਰ ਬਿਹਤਰ ਬਦਲ ਮਿਲ ਸਕਣ।
19 ਨਵੰਬਰ ਨੂੰ ਬੈਂਗਲੁਰੂ ਵਿਚ ਹੋਏ ਟੈਕ ਸਮਿਟ ਦੌਰਾਨ ਪੁਲਾੜ ਵਿਚ ਦਵਾਈਆਂ ਬਣਾਉਣ ਅਤੇ ਉਨ੍ਹਾਂ ਦੀ ਜਾਂਚ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਸਥਾਰ ਨਾਲ ਚਰਚਾ ਹੋਈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ, ਕਾਨਫਰੰਸ ਵਿਚ ਖੋਜਕਰਤਾਵਾਂ, ਨੀਤੀ-ਘਾੜਿਆਂ ਅਤੇ ਉੱਦਮੀਆਂ ਨੇ ਵਿਚਾਰ ਕੀਤਾ ਕਿ ਭਾਰਤ ਦਾ ਪ੍ਰਸਤਾਵਿਤ ਪੁਲਾੜ ਢਾਂਚਾ ਬਾਇਓਟੈਕਨੋਲੋਜੀ ਅਤੇ ਫਾਰਮਾ ਖੇਤਰ ਵਿਚ ਭਾਲ ਨੂੰ ਕਿਵੇਂ ਅੱਗੇ ਵਧਾ ਸਕਦਾ ਹੈ।
ਭਾਰਤ ਨੂੰ ਦੁਨੀਆ ਦੀ ‘ਫਾਰਮੇਸੀ’ ਕਿਹਾ ਜਾਂਦਾ ਹੈ। ਦੇਸ਼ ਦੁਨੀਆ ਭਰ ਵਿਚ ਸਸਤੀਆਂ ਦਵਾਈਆਂ ਅਤੇ ਟੀਕਿਆਂ ਦੀ ਸਪਲਾਈ ਕਰਦਾ ਹੈ। ਹੁਣ ਇਸ ਮਜ਼ਬੂਤ ਫਾਰਮਾ ਉਦਯੋਗ ਨੂੰ ਪੁਲਾੜ ਪ੍ਰੋਗਰਾਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪੁਲਾੜ ਵਿਚ ਮੌਜੂਦ ਮਾਈਕ੍ਰੋਗ੍ਰੈਵਿਟੀ ਦਾ ਮਾਹੌਲ ਦਵਾਈਆਂ ਦੇ ਵਿਕਾਸ ਨਾਲ ਜੁੜੇ ਅਜਿਹੇ ਪ੍ਰਯੋਗਾਂ ਦਾ ਮੌਕਾ ਦੇ ਸਕਦਾ ਹੈ, ਜਿਨ੍ਹਾਂ ਨੂੰ ਧਰਤੀ ’ਤੇ ਕਰਨਾ ਮੁਸ਼ਕਲ ਹੈ।
ਧਰਤੀ ਦਾ ਗੁਰੂਤਾਕਰਸ਼ਨ ਪ੍ਰੋਟੀਨ ਕ੍ਰਿਸਟਲ ਬਣਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਇਹ ਕ੍ਰਿਸਟਲ ਪ੍ਰੋਟੀਨ ਦੀ ਅਣੂ-ਬਣਤਰ ਨੂੰ ਸਮਝਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੁਲਾੜ ਵਿਚ ਗੁਰੂਤਾਕਰਸ਼ਨ ਦਾ ਅਸਰ ਬਹੁਤ ਘੱਟ ਹੋਣ ਕਾਰਨ ਕੁਝ ਪ੍ਰੋਟੀਨ ਕ੍ਰਿਸਟਲ ਹੋਰ ਵਿਵਸਥਿਤ ਢੰਗ ਨਾਲ ਬਣ ਸਕਦੇ ਹਨ। ਇਸ ਨਾਲ ਵਿਗਿਆਨੀ ਉਨ੍ਹਾਂ ਦੀ ਬਣਤਰ ਦਾ ਹੋਰ ਬਾਰੀਕੀ ਨਾਲ ਅਧਿਐਨ ਕਰ ਸਕਦੇ ਹਨ। ਇਹ ਜਾਣਕਾਰੀ ਦਵਾਈਆਂ ਦੀ ਬਣਤਰ ਤਿਆਰ ਕਰਨ ਅਤੇ ਇਲਾਜ ਦੇ ਨਵੇਂ ਤਰੀਕੇ ਵਿਕਸਿਤ ਕਰਨ ਵਿਚ ਮਦਦਗਾਰ ਹੋ ਸਕਦੀ ਹੈ।
ਦੇਸ਼ ਦੀ ਪ੍ਰਮੁੱਖ ਬਾਇਓਫਾਰਮਾ ਕੰਪਨੀ ਬਾਇਓਕਾਨ ਵੀ ਇਸ ਖੇਤਰ ਵਿਚ ਸੰਭਾਵਨਾਵਾਂ ਦੇਖ ਰਹੀ ਹੈ। ਕੰਪਨੀ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾ ਮੁਤਾਬਕ, ਪੁਲਾੜ ਤਕਨੀਕ ਅਣੂਆਂ ਦੀ ਬਣਤਰ ਸਮਝਣ ਅਤੇ ਉਸ ਵਿਚ ਤਬਦੀਲੀਆਂ ਦੀਆਂ ਸੰਭਾਵਨਾਵਾਂ ਲੱਭਣ ਵਿਚ ਮਦਦ ਕਰ ਸਕਦੀ ਹੈ। ਇਸ ਨਾਲ ਨਵੇਂ ਅਣੂਆਂ ਤੇ ਦਵਾਈਆਂ ਦੇ ਵਿਕਾਸ ਦੀਆਂ ਬਿਹਤਰ ਪ੍ਰਕਿਰਿਆਵਾਂ ਲਈ ਰਾਹ ਖੁੱਲ੍ਹ ਸਕਦੇ ਹਨ।
ਪੁਲਾੜ-ਅਧਾਰਿਤ ਜੀਵ-ਵਿਗਿਆਨਕ ਭਾਲ ਵਿਚ ਦੁਨੀਆ ਦੀ ਵਧਦੀ ਦਿਲਚਸਪੀ ਦਾ ਇਕ ਹੋਰ ਕਾਰਨ ਵੀ ਹੈ। ਕੌਮਾਂਤਰੀ ਪੁਲਾੜ ਸਟੇਸ਼ਨ ਦੇ 2030 ਦੇ ਆਸ-ਪਾਸ ਸੇਵਾਮੁਕਤ ਹੋਣ ਦੀ ਉਮੀਦ ਹੈ। ਇਸ ਨੂੰ ਦੇਖਦਿਆਂ ਕਈ ਦੇਸ਼ ਅਤੇ ਨਿੱਜੀ ਕੰਪਨੀਆਂ ਭਵਿੱਖ ਦੀਆਂ ਲੋੜਾਂ ਲਈ ਵਪਾਰਕ ਪੁਲਾੜ ਪ੍ਰਯੋਗਸ਼ਾਲਾਵਾਂ ਬਣਾਉਣ ਵੱਲ ਵਧ ਰਹੀਆਂ ਹਨ।
ਭਾਰਤ ਵੀ ਪ੍ਰਸਤਾਵਿਤ ਭਾਰਤੀ ਪੁਲਾੜ ਸਟੇਸ਼ਨ ਰਾਹੀਂ ਇਸ ਖੇਤਰ ਵਿਚ ਆਪਣੀ ਥਾਂ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਉਮੀਦ ਹੈ ਕਿ ਇਹ 2035 ਤੱਕ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਕਾਨਫਰੰਸ ਵਿਚ ਹੋਈ ‘ਸਪੇਸ ਬਾਇਓ ਸੰਗੋਸ਼ਠੀ’ ਦੌਰਾਨ ਮਾਹਿਰਾਂ ਨੇ ਚਰਚਾ ਕੀਤੀ ਕਿ ਭਵਿੱਖ ਵਿਚ ਇਹ ਸਟੇਸ਼ਨ ਕੌਮਾਂਤਰੀ ਬਾਇਓਟੈਕਨੋਲੋਜੀ ਅਤੇ ਦਵਾਈ ਭਾਲ ਦੇ ਇਕ ਅਹਿਮ ਕੇਂਦਰ ਵਜੋਂ ਕਿਵੇਂ ਉੱਭਰ ਸਕਦਾ ਹੈ।
ਹਾਲਾਂਕਿ, ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਲਈ ਭਾਰਤੀ ਪੁਲਾੜ ਸਟੇਸ਼ਨ ਦੇ ਪੂਰੀ ਤਰ੍ਹਾਂ ਤਿਆਰ ਹੋਣ ਦੀ ਉਡੀਕ ਕਰਨੀ ਲਾਜ਼ਮੀ ਨਹੀਂ। ਮਾਈਕ੍ਰੋਗ੍ਰੈਵਿਟੀ ਵਿਚ ਖੋਜ ਲਈ ਲੋੜੀਂਦੀ ਵਰਤੋਂ ਇਸ ਤੋਂ ਪਹਿਲਾਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਨਾਲ ਭਾਰਤ ਨੂੰ ਪੁਲਾੜ-ਅਧਾਰਤ ਦਵਾਈ ਖੋਜ ਦੇ ਖੇਤਰ ਵਿਚ ਸ਼ੁਰੂਆਤੀ ਬੜ੍ਹਤ ਹਾਸਲ ਕਰਨ ਦਾ ਮੌਕਾ ਮਿਲ ਸਕਦਾ ਹੈ।