21 ਸਾਲਾਂ ਬਾਅਦ ਵੋਟਰ ਸੂਚੀ ਦੀ ਡੂੰਘੀ ਜਾਂਚ, ਇਸੇ ਕਰਕੇ ਕੱਟੇ ਗਏ ਕਰੋੜਾਂ ਨਾਂ; 2012 ਦੇ ਨਿਯਮਾਂ ਨੇ ਕਿਵੇਂ ਵਧਾਈ ਗੜਬੜ?
2025 ਤੋਂ ਪਹਿਲਾਂ ਐੱਸਆਈਆਰ ਅੱਠ ਵਾਰ ਹੋ ਚੁੱਕੀ ਹੈ। 2004 ਤੱਕ ਇਹ ਲਗਾਤਾਰ ਪੰਜ ਤੋਂ ਸੱਤ ਸਾਲਾਂ ਦੇ ਵਕਫ਼ੇ ਵਿਚ ਹੁੰਦੀ ਆਈ ਹੈ। ਇਸ ਦਾ ਸਿਲਸਿਲਾ ਉਦੋਂ ਟੁੱਟਿਆ, ਜਦੋਂ 2012 ਵਿਚ ਚੋਣ ਕਮਿਸ਼ਨ ਨੇ ਵੋਟਰ ਸੂਚੀ ਨੂੰ ਸਹੀ ਅਤੇ ਨੁਕਸ ਰਹਿਤ ਰੱਖਣ ਲਈ ਐੱਸਆਈਆਰ ਦੀ ਥਾਂ ਹਰ ਸਾਲ ਹੋਣ ਵਾਲੀ ਖ਼ਾਸ ਸੰਖੇਪ ਸੋਧ (SIR) ਨੂੰ ਤਰਜੀਹ ਦਿੱਤੀ।
Publish Date: Sun, 18 Oct 2026 10:36 AM (IST)
Updated Date: Sun, 18 Oct 2026 10:39 AM (IST)
ਅਰਵਿੰਦ ਪਾਂਡੇ, ਜਾਗਰਣ ਨਵੀਂ ਦਿੱਲੀ : ਵੋਟਰ ਸੂਚੀ ਦੀ ਖ਼ਾਸ ਡੂੰਘੀ ਸੁਧਾਈ (SIR) ਦਾ ਵਿਰੋਧ ਕਰ ਰਹੀਆਂ ਰਾਜਨੀਤਕ ਪਾਰਟੀਆਂ ਵੱਲੋਂ ਵਾਰ-ਵਾਰ 13 ਕਰੋੜ ਨਾਂ ਹਟਾਏ ਜਾਣ ਦਾ ਅੰਕੜਾ ਦਿੱਤਾ ਜਾ ਰਿਹਾ ਹੈ। ਜਦਕਿ ਵੱਡੀ ਗੱਲ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਜੇ ਐੱਸਆਈਆਰ 21 ਸਾਲਾਂ ਦੇ ਵਕਫ਼ੇ ਮਗਰੋਂ ਨਾ ਹੋਈ ਹੁੰਦੀ ਤਾਂ ਸੰਭਵ ਹੈ ਕਿ ਇਹ ਅੰਕੜਾ ਵੀ ਘੱਟ ਹੀ ਹੁੰਦਾ। ਜਿਸ ਐੱਸਆਈਆਰ ਨੂੰ ਹਰ ਪੰਜ ਸਾਲਾਂ ਬਾਅਦ ਕਰਵਾਉਣ ਦੀ ਰਵਾਇਤ ਰਹੀ ਸੀ, ਉਹ 1984 ਤੋਂ ਬਾਅਦ ਸੱਤ-ਅੱਠ ਸਾਲਾਂ ਦੇ ਵਕਫ਼ੇ ’ਤੇ ਹੋਣ ਲੱਗ ਪਈ ਅਤੇ 2004 ਤੋਂ ਬਾਅਦ ਤਾਂ ਇਸ ਨੂੰ ਕਰੀਬ-ਕਰੀਬ ਭੁਲਾ ਹੀ ਦਿੱਤਾ ਗਿਆ ਸੀ। ਇਸੇ ਦੌਰਾਨ 2012 ਵਿਚ ਈਆਰਓ ਹੈਂਡਬੁੱਕ ਵਿਚ ਕੁਝ ਅਜਿਹੀਆਂ ਤਬਦੀਲੀਆਂ ਕੀਤੀਆਂ ਗਈਆਂ, ਜਿਨ੍ਹਾਂ ਕਾਰਨ ਮ੍ਰਿਤਕ ਜਾਂ ਹੋਰ ਥਾਂ ਜਾ ਚੁੱਕੇ ਵੋਟਰਾਂ ਦੇ ਨਾਂ ਹਟਾਉਣ ਦਾ ਕੰਮ ਵੀ ਲਗਭਗ ਰੁਕ ਗਿਆ ਸੀ।
2025 ਤੋਂ ਪਹਿਲਾਂ ਐੱਸਆਈਆਰ ਅੱਠ ਵਾਰ ਹੋ ਚੁੱਕੀ ਹੈ। 2004 ਤੱਕ ਇਹ ਲਗਾਤਾਰ ਪੰਜ ਤੋਂ ਸੱਤ ਸਾਲਾਂ ਦੇ ਵਕਫ਼ੇ ਵਿਚ ਹੁੰਦੀ ਆਈ ਹੈ। ਇਸ ਦਾ ਸਿਲਸਿਲਾ ਉਦੋਂ ਟੁੱਟਿਆ, ਜਦੋਂ 2012 ਵਿਚ ਚੋਣ ਕਮਿਸ਼ਨ ਨੇ ਵੋਟਰ ਸੂਚੀ ਨੂੰ ਸਹੀ ਅਤੇ ਨੁਕਸ ਰਹਿਤ ਰੱਖਣ ਲਈ ਐੱਸਆਈਆਰ ਦੀ ਥਾਂ ਹਰ ਸਾਲ ਹੋਣ ਵਾਲੀ ਖ਼ਾਸ ਸੰਖੇਪ ਸੋਧ (ਐੱਸਐੱਸਆਰ) ਨੂੰ ਤਰਜੀਹ ਦਿੱਤੀ। ਇਸ ਕਾਰਨ ਪਿਛਲੇ 22 ਸਾਲਾਂ ਤੋਂ ਵੋਟਰ ਸੂਚੀ ਨੂੰ ਸਿਰਫ਼ ਐੱਸਐੱਸਆਰ ਰਾਹੀਂ ਹੀ ਦਰੁਸਤ ਕਰਨ ਦੀ ਖ਼ਾਨਾਪੂਰਤੀ ਕੀਤੀ ਜਾਂਦੀ ਰਹੀ ਹੈ। ਨਤੀਜਾ ਇਹ ਨਿਕਲਿਆ ਕਿ ਦੋ ਦਹਾਕਿਆਂ ਦੌਰਾਨ ਵੋਟਰ ਸੂਚੀ ਵਿਚ ਵੱਡੀ ਗਿਣਤੀ ਵਿਚ ਮ੍ਰਿਤਕ, ਹੋਰ ਥਾਵਾਂ ’ਤੇ ਚਲੇ ਗਏ ਅਤੇ ਦੋਹਰੀ ਵੋਟ ਵਾਲੇ ਵੋਟਰ ਇਕੱਠੇ ਹੁੰਦੇ ਗਏ।
ਅਜਿਹੀ ਸਥਿਤੀ ਵਿਚ ਸਵਾਲ ਉੱਠਦਾ ਹੈ ਕਿ ਐੱਸਐੱਸਆਰ ਦੌਰਾਨ ਅਜਿਹੇ ਨਾਂ ਕਿਉਂ ਨਹੀਂ ਹਟਾਏ ਗਏ? ਇਸ ਦੇ ਪਿੱਛੇ ਵੀ ਕਈ ਵੱਡੇ ਕਾਰਨ ਸਾਹਮਣੇ ਆਏ ਹਨ। ਪਹਿਲਾ, ਐੱਸਆਈਆਰ ਦੌਰਾਨ ਘਰ-ਘਰ ਜਾ ਕੇ ਵੋਟਰਾਂ ਦੀ ਜਾਂਚ ਕੀਤੀ ਜਾਂਦੀ ਸੀ, ਜਿਸ ਵਿਚ ਮ੍ਰਿਤਕ ਵੋਟਰ, ਹੋਰ ਥਾਂ ਚਲੇ ਗਏ ਅਤੇ ਦੋਹਰੀ ਵੋਟ ਵਾਲੇ ਵੋਟਰਾਂ ਦੀ ਪਛਾਣ ਆਸਾਨੀ ਨਾਲ ਹੋ ਜਾਂਦੀ ਸੀ। ਦੂਜੇ ਪਾਸੇ, ਐੱਸਐੱਸਆਰ ਦੌਰਾਨ ਵੋਟਰ ਸੂਚੀ ਦੀ ਸੋਧ ਲਈ ਘਰ-ਘਰ ਨਹੀਂ ਜਾਇਆ ਜਾਂਦਾ। ਇਸ ਵਿਚ ਵੋਟਰਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੋਟਿੰਗ ਕੇਂਦਰ ’ਤੇ ਆ ਕੇ ਇਹ ਦੱਸਣਾ ਪੈਂਦਾ ਹੈ ਕਿ ਕੌਣ ਮਰ ਗਿਆ ਹੈ ਜਾਂ ਕੌਣ ਹੋਰ ਥਾਂ ਚਲਾ ਗਿਆ ਹੈ। ਵੋਟਰ ਸੂਚੀ ਵਿਚ ਗੜਬੜ ਵਧਣ ਦੀ ਸ਼ੁਰੂਆਤ ਇੱਥੋਂ ਹੀ ਹੋਈ। 2012 ਵਿਚ ਮੁਸ਼ਕਲ ਉਦੋਂ ਖੜ੍ਹੀ ਹੋ ਗਈ, ਜਦੋਂ ਚੋਣ ਕਮਿਸ਼ਨ ਨੇ ਈਆਰਓ ਹੈਂਡਬੁੱਕ ਵਿੱਚੋਂ ਨਾਂ ਹਟਾਉਣ ਸਬੰਧੀ ਵੱਡੀ ਤਬਦੀਲੀ ਕਰ ਦਿੱਤੀ। ਕਮਿਸ਼ਨ ਨੇ ਇਹ ਪ੍ਰਬੰਧ ਪਾਰਦਰਸ਼ਤਾ ਦੇ ਲਿਹਾਜ਼ ਨਾਲ ਕੀਤਾ ਸੀ ਪਰ ਇਹ ਵੋਟਰ ਸੂਚੀ ਵਿਚ ਗੜਬੜ ਵਧਣ ਦਾ ਵੱਡਾ ਕਾਰਨ ਬਣ ਗਿਆ। ਇਸ ਤਹਿਤ ਮ੍ਰਿਤਕ ਵੋਟਰ ਦਾ ਨਾਂ ਹਟਾਉਣ ਲਈ ਅਰਜ਼ੀ ਦੇ ਨਾਲ ਮੌਤ ਦਾ ਸਰਟੀਫਿਕੇਟ ਮੰਗਿਆ ਜਾਣ ਲੱਗਾ। ਇਸ ਕਾਰਨ ਲੋਕ ਅਜਿਹੀ ਅਰਜ਼ੀ ਦੇਣ ਤੋਂ ਕਤਰਾਉਣ ਲੱਗੇ। ਸਿੱਟੇ ਵਜੋਂ ਮ੍ਰਿਤਕਾਂ ਦੇ ਨਾਂ ਵੋਟਰ ਸੂਚੀ ਵਿਚ ਬਣੇ ਹੀ ਰਹੇ।
ਉੱਥੇ, ਇਸ ਤਬਦੀਲੀ ਤਹਿਤ ਹੋਰ ਥਾਂ ਚਲੇ ਜਾਣ ਵਾਲੇ ਵੋਟਰਾਂ ਲਈ ਵੀ ਨਿਯਮ ਸਖ਼ਤ ਕਰ ਦਿੱਤੇ ਗਏ। ਇਸ ਵਿਚ ਇਹ ਵਿਵਸਥਾ ਸੀ ਕਿ ਜਦੋਂ ਤੱਕ ਵੋਟਰ ਦਾ ਨਾਂ ਉਸ ਥਾਂ ਦੀ ਸੂਚੀ ਵਿਚ ਦਰਜ ਨਹੀਂ ਹੋ ਜਾਂਦਾ, ਜਿੱਥੇ ਉਹ ਤਬਦੀਲ ਹੋ ਕੇ ਗਿਆ ਹੈ, ਅਤੇ ਉਸ ਦੀ ਸੂਚੀ ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਰਾਹੀਂ ਮੁਹੱਈਆ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਸ ਦਾ ਨਾਂ ਪੁਰਾਣੀ ਥਾਂ ਤੋਂ ਨਹੀਂ ਹਟਾਇਆ ਜਾਂਦਾ ਸੀ। ਇਸ ਦੇ ਨਾਲ ਹੀ, ਜੇ ਕੋਈ ਵਿਅਕਤੀ ਹੋਰ ਥਾਂ ਚਲੇ ਜਾਣ ਮਗਰੋਂ ਆਪਣਾ ਨਾਂ ਹਟਾਉਣ ਲਈ ਅਰਜ਼ੀ ਦਿੰਦਾ ਸੀ, ਤਾਂ ਉਸ ਤੋਂ ਨਵੀਂ ਥਾਂ ’ਤੇ ਰਹਿਣ ਦਾ ਕਿਰਾਇਆਨਾਮਾ, ਬਿਜਲੀ ਦਾ ਬਿੱਲ ਆਦਿ ਮੰਗਿਆ ਜਾਂਦਾ ਸੀ। ਨਤੀਜਾ ਇਹ ਨਿਕਲਿਆ ਕਿ ਲੋਕ ਇਸ ਕਾਗਜ਼ੀ ਝੰਜਟ ਤੋਂ ਬਚਣ ਲੱਗੇ। ਸਿੱਟੇ ਵਜੋਂ, ਹੋਰ ਥਾਂ ਚਲੇ ਜਾਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਦੇ ਨਾਂ ਦੋ ਥਾਵਾਂ ਦੀਆਂ ਵੋਟਰ ਸੂਚੀਆਂ ਵਿਚ ਦਰਜ ਰਹੇ।
2012 ਤੋਂ ਪਹਿਲਾਂ ਬੂਥ ਪੱਧਰੀ ਅਧਿਕਾਰੀ (ਬੀਐੱਲਓ) ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਨਾਂ ਹਟਾ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ, ਵੋਟਰ ਸੂਚੀ ਦਾ ਖਰੜਾ ਵੋਟਿੰਗ ਕੇਂਦਰ ’ਤੇ ਚਿਪਕਾ ਦਿੱਤਾ ਜਾਂਦਾ ਸੀ। ਜੇ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਸੀ ਤਾਂ ਸੁਣਵਾਈ ਲਈ ਨੋਟਿਸ ਭੇਜਿਆ ਜਾਂਦਾ ਸੀ।
ਪਹਿਲਾਂ ਕਦੋਂ-ਕਦੋਂ ਹੋਈ ਐੱਸਆਈਆਰ?
- ਪਹਿਲੀ ਵਾਰ — 1952
- ਦੂਜੀ ਵਾਰ — 1957
- ਤੀਜੀ ਵਾਰ — 1961
- ਚੌਥੀ ਵਾਰ — 1965-66
- ਪੰਜਵੀਂ ਵਾਰ — 1983-84
- ਛੇਵੀਂ ਵਾਰ — 1987-89
- ਸੱਤਵੀਂ ਵਾਰ — 1992-95
- ਅੱਠਵੀਂ ਵਾਰ — 2002-04
ਵੋਟਰ ਸੂਚੀ ਨੂੰ ਨੁਕਸ ਰਹਿਤ ਰੱਖਣ ਲਈ ਕੀ ਪ੍ਰਬੰਧ ਹੈ?
ਲੋਕ ਨੁਮਾਇੰਦਗੀ ਕਾਨੂੰਨ, 1950 ਤਹਿਤ ਵੋਟਰ ਸੂਚੀ ਦੀ ਸੋਧ ਤਿੰਨ ਤਰੀਕਿਆਂ ਨਾਲ ਹੋ ਸਕਦੀ ਹੈ। ਪਹਿਲਾ ਹੈ ਡੂੰਘਾਈ ਨਾਲ ਸੋਧ, ਜਿਸ ਦੌਰਾਨ ਘਰ-ਘਰ ਜਾ ਕੇ ਜਾਂਚ ਕੀਤੀ ਜਾਂਦੀ ਸੀ। ਦੂਜਾ ਹੈ ਸੰਖੇਪ ਸੋਧ। ਇਹ ਸਾਲਾਨਾ ਪ੍ਰਕਿਰਿਆ ਸੀ, ਜੋ ਵੋਟਿੰਗ ਕੇਂਦਰ ’ਤੇ ਹੀ ਚਲਾਈ ਜਾਂਦੀ ਸੀ। ਤੀਜਾ ਹੈ ਖ਼ਾਸ ਸੋਧ, ਇਸ ਤਹਿਤ ਚੋਣ ਕਮਿਸ਼ਨ ਜਦੋਂ ਚਾਹੇ, ਕਿਸੇ ਖੇਤਰ ਵਿਚ ਵੋਟਰ ਸੂਚੀ ਨੂੰ ਨੁਕਸ ਰਹਿਤ ਬਣਾਉਣ ਲਈ ਮੁਹਿੰਮ ਚਲਾ ਸਕਦਾ ਹੈ।
ਹੁਣ ਤਾਂ ਕਮਿਸ਼ਨ ਵੋਟਰ ਸੂਚੀ ਵਿਚ ਨਾਂ ਜੋੜਣ ਦੀ ਮੁਹਿੰਮ ਲਗਾਤਾਰ ਜਾਰੀ ਰੱਖਦਾ ਹੈ। ਇਸ ਤਹਿਤ ਪਹਿਲੀ ਜਨਵਰੀ, ਪਹਿਲੀ ਅਪ੍ਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਵਿਅਕਤੀ ਵੋਟਰ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ।