7 ਸੂਬੇ ਤੇ 20 ਹਜ਼ਾਰ ਰੁਪਏ ਦਾ ਲਾਲਚ...ਹੈਦਰਾਬਾਦ 'ਚ ਗੈਰ-ਕਾਨੂੰਨੀ ਐਗ ਡੋਨੇਸ਼ਨ ਰੈਕੇਟ ਦਾ ਪਰਦਾਫਾਸ਼, 43 ਔਰਤਾਂ ਨੂੰ ਛੁਡਵਾਇਆ
ਔਰਤਾਂ ਨੂੰ ਪੱਛਮੀ ਬੰਗਾਲ, ਛੱਤੀਸਗੜ੍ਹ, ਦਿੱਲੀ, ਅਸਾਮ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਓਡੀਸ਼ਾ ਸਮੇਤ ਸੱਤ ਸੂਬਿਆਂ ਤੋਂ ਹੈਦਰਾਬਾਦ ਲਿਆਂਦਾ ਗਿਆ ਸੀ। ਗਿਰੋਹ ਨੇ ਇਨ੍ਹਾਂ ਔਰਤਾਂ ਨੂੰ ਰੱਖਣ ਲਈ ਵਰਕਿੰਗ ਵੂਮੈਨ ਹੋਸਟਲਾਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਸੀ।
Publish Date: Mon, 02 Nov 2026 03:44 PM (IST)
Updated Date: Mon, 02 Nov 2026 03:46 PM (IST)
ਡਿਜੀਟਲ ਡੈਸਕ, ਹੈਦਰਾਬਾਦ : ਹੈਦਰਾਬਾਦ ਦੇ ਮਲਕਾਜਗਿਰੀ ਪੁਲਿਸ ਕਮਿਸ਼ਨਰੇਟ ਨੇ ਇੱਕ ਵੱਡੇ ਅੰਤਰਰਾਜੀ ਗੈਰ-ਕਾਨੂੰਨੀ ਐਗ ਡੋਨੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਅਧਿਕਾਰੀਆਂ ਅਨੁਸਾਰ, ਆਰਥਿਕ ਤੰਗੀ ਨਾਲ ਜੂਝ ਰਹੀਆਂ ਔਰਤਾਂ ਨੂੰ ਵੱਖ-ਵੱਖ ਸੂਬਿਆਂ ਤੋਂ ਲਿਆ ਕੇ ਗਾਹਕਾਂ ਦੀ ਮੰਗ ਮੁਤਾਬਕ ਚੁਣਿਆ ਜਾਂਦਾ ਸੀ। ਗਾਹਕਾਂ ਦੀ ਪਸੰਦ 'ਚ ਜਾਤੀ, ਧਰਮ, ਰੰਗ, ਕੱਦ, ਸਿੱਖਿਆ ਅਤੇ ਖੇਤਰੀ ਪਿਛੋਕੜ ਵਰਗੀਆਂ ਗੱਲਾਂ ਸ਼ਾਮਲ ਸਨ।
ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ 43 ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਇਸ ਮਾਮਲੇ 'ਚ ਹੋਸਟਲ ਸੰਚਾਲਕ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵ੍ਹਟਸਐਪ ਗਰੁੱਪਾਂ ਰਾਹੀਂ ਚੱਲ ਰਿਹਾ ਸੀ ਦੇਸ਼ ਪੱਧਰੀ ਨੈੱਟਵਰਕ
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦੇ ਤਾਰ ਦੇਸ਼ ਦੇ ਕਈ ਸੂਬਿਆਂ ਤੱਕ ਫੈਲੇ ਹੋਏ ਸਨ। ਮੁੱਖ ਮੁਲਜ਼ਮ ਅਮਿਤ ਸ਼ਰਮਾ ਅਤੇ ਉਸ ਦੇ ਸਾਥੀ ਦੂਜੇ ਸੂਬਿਆਂ ਦੇ ਗੈਰ-ਕਾਨੂੰਨੀ ਏਜੰਟਾਂ ਨਾਲ ਵ੍ਹਾਟਸਐਪ ਗਰੁੱਪਾਂ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਜੁੜੇ ਰਹਿੰਦੇ ਸਨ। ਜਦੋਂ ਵੀ ਕੋਈ ਜੋੜਾ ਐੱਗ ਡੋਨਰ ਦੀ ਭਾਲ 'ਚ ਸੰਪਰਕ ਕਰਦਾ ਸੀ ਤਾਂ ਉਸ ਦੀ ਪਸੰਦ ਅਨੁਸਾਰ ਔਰਤਾਂ ਦੀਆਂ ਤਸਵੀਰਾਂ ਤੇ ਵੇਰਵੇ ਇਨ੍ਹਾਂ ਗਰੁੱਪਾਂ 'ਚ ਸਾਂਝੇ ਕੀਤੇ ਜਾਂਦੇ ਸਨ। ਬੇਗਮਪੇਟ ਦੇ ਇੰਸਪੈਕਟਰ ਪੀ. ਸੈਦੁਲੂ ਨੇ ਦੱਸਿਆ ਕਿ ਮੁਲਜ਼ਮ ਆਰਥਿਕ ਤੰਗੀ ਨਾਲ ਜੂਝ ਰਹੀਆਂ ਔਰਤਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਇਹ ਗੈਰ-ਕਾਨੂੰਨੀ ਧੰਦਾ ਚਲਾ ਰਹੇ ਸਨ।
ਪਸੰਦ ਦੇ ਹਿਸਾਬ ਨਾਲ ਤੈਅ ਹੁੰਦੀ ਸੀ ਕੀਮਤ
ਜਾਂਚ 'ਚ ਖੁਲਾਸਾ ਹੋਇਆ ਹੈ ਕਿ ਗਾਹਕਾਂ ਦੀ ਮੰਗ ਜਿੰਨੀ ਖ਼ਾਸ ਹੁੰਦੀ ਸੀ, ਔਰਤਾਂ ਨੂੰ ਦਿੱਤੀ ਜਾਣ ਵਾਲੀ ਰਕਮ ਅਤੇ ਏਜੰਟਾਂ ਦੀ ਫੀਸ ਵੀ ਉਨੀ ਹੀ ਵਧ ਜਾਂਦੀ ਸੀ। ਆਮ ਤੌਰ 'ਤੇ ਔਰਤਾਂ ਨੂੰ ਪ੍ਰਤੀ ਸਾਈਕਲ 20,000 ਤੋਂ 30,000 ਰੁਪਏ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ। ਉੱਥੇ ਹੀ ਗੋਰੇ ਰੰਗ, ਖ਼ਾਸ ਜਾਤੀ ਜਾਂ ਵਿੱਦਿਅਕ ਯੋਗਤਾ ਵਰਗੀਆਂ ਚੋਣਵੀਆਂ ਮੰਗਾਂ ਲਈ ਇਹ ਰਕਮ 50,000 ਰੁਪਏ ਤੱਕ ਪਹੁੰਚ ਜਾਂਦੀ ਸੀ। ਜ਼ਿਆਦਾਤਰ ਗਾਹਕ ਡੋਨਰ ਦੇ ਰੰਗ-ਰੂਪ ਅਤੇ ਖੇਤਰੀ ਪਿਛੋਕੜ ਨੂੰ ਲੈ ਕੇ ਖ਼ਾਸ ਮੰਗ ਰੱਖਦੇ ਸਨ।
ਵਰਕਿੰਗ ਵੂਮੈਨ ਹੋਸਟਲ ਦੀ ਆੜ 'ਚ ਚੱਲ ਰਿਹਾ ਸੀ ਧੰਦਾ
ਔਰਤਾਂ ਨੂੰ ਪੱਛਮੀ ਬੰਗਾਲ, ਛੱਤੀਸਗੜ੍ਹ, ਦਿੱਲੀ, ਅਸਾਮ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਓਡੀਸ਼ਾ ਸਮੇਤ ਸੱਤ ਸੂਬਿਆਂ ਤੋਂ ਹੈਦਰਾਬਾਦ ਲਿਆਂਦਾ ਗਿਆ ਸੀ। ਗਿਰੋਹ ਨੇ ਇਨ੍ਹਾਂ ਔਰਤਾਂ ਨੂੰ ਰੱਖਣ ਲਈ ਵਰਕਿੰਗ ਵੂਮੈਨ ਹੋਸਟਲਾਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਸੀ।
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਰੂਰ ਨਗਰ ਸਥਿਤ ਸ਼ੈੱਟੀ ਵਰਕਿੰਗ ਵੂਮੈਨ ਹੋਸਟਲ 'ਤੇ ਛਾਪਾ ਮਾਰਿਆ, ਜਿਸ ਦਾ ਸੰਚਾਲਨ ਐਮੀਰੀਸ਼ੈੱਟੀ ਦੁਰਗਾ ਪ੍ਰਸਾਦ ਕਰ ਰਿਹਾ ਸੀ। ਇਸ ਤੋਂ ਬਾਅਦ ਪ੍ਰਕਾਸ਼ ਨਗਰ, ਬੇਗਮਪੇਟ, ਐਰਾਗੱਡਾ ਅਤੇ ਗੋਪਾਲਪੁਰਮ ਸਮੇਤ ਕਈ ਇਲਾਕਿਆਂ 'ਚ ਛਾਪੇਮਾਰੀ ਕਰਕੇ ਕੁੱਲ 43 ਔਰਤਾਂ ਨੂੰ ਛੁਡਵਾਇਆ ਗਿਆ।
ਹਾਰਮੋਨਲ ਟੀਕੇ ਤੇ ਦਵਾਈਆਂ ਜ਼ਬਤ
ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਹਾਰਮੋਨਲ ਟੀਕੇ, ਗੋਲੀਆਂ, ਸਰਿੰਜਾਂ, ਸੂਈਆਂ, ਮੋਬਾਈਲ ਫੋਨ ਅਤੇ ਕਈ ਦਸਤਾਵੇਜ਼ ਜ਼ਬਤ ਕੀਤੇ ਹਨ। ਜ਼ਬਤ ਕੀਤੀਆਂ ਦਵਾਈਆਂ ਅਤੇ ਸਰਿੰਜਾਂ ਨੂੰ ਜਾਂਚ ਲਈ ਗਾਂਧੀ ਹਸਪਤਾਲ ਭੇਜਿਆ ਗਿਆ ਹੈ।
ਪੁਲਿਸ ਇਹ ਪਤਾ ਲਗਾਉਣ 'ਚ ਜੁਟੀ ਹੋਈ ਹੈ ਕਿ ਕੀ ਔਰਤਾਂ ਨੂੰ ਬਿਨਾਂ ਅਧਿਕਾਰ ਦੇ ਹਾਰਮੋਨਲ ਟੀਕੇ ਲਗਾਏ ਜਾ ਰਹੇ ਸਨ ਅਤੇ ਕੀ ਇਨ੍ਹਾਂ ਪ੍ਰਕਿਰਿਆਵਾਂ ਦੌਰਾਨ ਸਿਹਤ ਸੁਰੱਖਿਆ ਤੇ ਸਹਿਮਤੀ ਨਾਲ ਜੁੜੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ।
ਆਈਵੀਐੱਫ ਕੇਂਦਰਾਂ ਦੀ ਭੂਮਿਕਾ ਦੀ ਵੀ ਜਾਂਚ
ਮਲਕਾਜਗਿਰੀ ਦੀ ਪੁਲਿਸ ਕਮਿਸ਼ਨਰ ਬੀ. ਸੁਮਤੀ ਨੇ ਦੱਸਿਆ ਕਿ ਹੋਸਟਲ ਸੰਚਾਲਕ ਦੁਰਗਾ ਪ੍ਰਸਾਦ ਸਮੇਤ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਨਿੱਜੀ ਆਈਵੀਐੱਫ ਕੇਂਦਰ ਅਤੇ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ (ਏਆਰਟੀ) ਬੈਂਕ ਵੀ ਇਸ ਗੈਰ-ਕਾਨੂੰਨੀ ਨੈੱਟਵਰਕ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਸਨ।
ਪੁਲਿਸ ਨੇ ਸਿਹਤ ਵਿਭਾਗ ਤੋਂ ਵੀ ਪੁੱਛਿਆ ਹੈ ਕਿ ਆਈਵੀਐੱਫ ਕੇਂਦਰਾਂ ਨੇ ਡੋਨਰਾਂ ਦੇ ਪਛਾਣ ਪੱਤਰਾਂ ਅਤੇ ਦਸਤਾਵੇਜ਼ਾਂ ਦੀ ਕਿੰਨੀ ਜਾਂਚ ਕੀਤੀ ਸੀ। ਇਸ ਮਾਮਲੇ 'ਚ ਸਰੂਰ ਨਗਰ ਅਤੇ ਬੇਗਮਪੇਟ ਪੁਲਿਸ ਥਾਣਿਆਂ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਅਤੇ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ, 2021 ਦੀਆਂ ਸਬੰਧਤ ਧਾਰਾਵਾਂ ਤਹਿਤ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।