Exclusive: IIT ਦਿੱਲੀ ਦੇ PhD ਵਿਦਿਆਰਥੀ ਨੇ ਨਿਗਲੀਆਂ ਨੀਂਦ ਦੀਆਂ ਗੋਲੀਆਂ, ਡੇਢ ਮਹੀਨੇ ਬਾਅਦ AIIMS 'ਚ ਮੌਤ
IIT Delhi Student Death: PhD ਵਿਦਿਆਰਥੀ ਮਨੀਸ਼ ਆਨੰਦ ਦੀ AIIMS ਟਰਾਮਾ ਸੈਂਟਰ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਮੌਤ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ। IIT ਦਿੱਲੀ ਨੇ ਵਿਦਿਆਰਥੀਆਂ ਨੂੰ ਕਾਊਂਸਲਿੰਗ ਲੈਣ ਦੀ ਅਪੀਲ ਕੀਤੀ।
Publish Date: Sun, 04 Oct 2026 01:26 PM (IST)
Updated Date: Sun, 04 Oct 2026 01:29 PM (IST)
ਲੋਕੇਸ਼ ਸ਼ਰਮਾ, ਨਵੀਂ ਦਿੱਲੀ : IIT ਦਿੱਲੀ 'ਚ ਕਰੀਬ ਡੇਢ ਮਹੀਨੇ ਦੇ ਅੰਤਰਾਲ 'ਚ ਦੂਜੇ ਵਿਦਿਆਰਥੀ ਦੀ ਮੌਤ ਨੇ ਅਦਾਰੇ 'ਚ ਵਿਦਿਆਰਥੀਆਂ 'ਤੇ ਪੈ ਰਹੇ ਮਾਨਸਿਕ ਦਬਾਅ ਤੇ ਉਨ੍ਹਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਾਇਓਕੈਮੀਕਲ ਇੰਜੀਨੀਅਰਿੰਗ ਐਂਡ ਬਾਇਓਟੈਕਨੋਲੋਜੀ ਵਿਭਾਗ 'ਚ PhD ਕਰ ਰਹੇ ਮਨੀਸ਼ ਆਨੰਦ ਨੇ ਬੀਤੀ 18 ਅਗਸਤ ਨੂੰ ਨੀਂਦ ਦੀਆਂ ਗੋਲੀਆਂ ਨਿਗਲ ਲਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ AIIMS ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ। ਕਰੀਬ ਡੇਢ ਮਹੀਨੇ ਬਾਅਦ ਇਲਾਜ ਦੌਰਾਨ 3 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਸੂਤਰਾਂ ਮੁਤਾਬਕ ਵਿਦਿਆਰਥੀ ਨੇ ਤਣਾਅ 'ਚ ਆ ਕੇ ਨੀਂਦ ਦੀਆਂ ਗੋਲੀਆਂ ਲਈਆਂ ਸਨ। ਇਸ ਕਾਰਨ ਇਸ ਘਟਨਾ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਪੂਰੇ ਘਟਨਾਕ੍ਰਮ ਅਤੇ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਮਨੀਸ਼ ਆਨੰਦ IIT ਦਿੱਲੀ ਦੇ ਨੇੜੇ ਕਤਵਾਰੀਆ ਸਰਾਏ 'ਚ ਸਥਿਤ ਇੱਕ PG 'ਚ ਰਹਿੰਦੇ ਸਨ। 18 ਅਗਸਤ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ AIIMS ਦੇ ਜੇਪੀਐਨ ਐਪੈਕਸ ਟਰਾਮਾ ਸੈਂਟਰ ਲਿਜਾਇਆ ਗਿਆ ਸੀ। ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ICU 'ਚ ਦਾਖਲ ਕਰ ਲਿਆ ਸੀ।
ਇਸ ਤੋਂ ਬਾਅਦ ਕਰੀਬ ਡੇਢ ਮਹੀਨੇ ਤਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਆਖ਼ਰਕਾਰ 3 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਸਪਤਾਲ 'ਚ ਉਨ੍ਹਾਂ ਦੇ ਨਾਲ ਰਹੇ। ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸੰਸਥਾਨ 'ਚ ਸੋਗ ਦਾ ਮਾਹੌਲ ਹੈ।
ਡੀਨ ਸਟੂਡੈਂਟ ਅਫੇਅਰਜ਼ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਈ-ਮੇਲ ਭੇਜ ਕੇ ਮਨੀਸ਼ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਗਈ ਅਤੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਗਈ। IIT ਦਿੱਲੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਮੌਤ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਪੁਲਿਸ
ਮਨੀਸ਼ ਨੇ ਇਹ ਕਦਮ ਕਿਉਂ ਚੁੱਕਿਆ ਅਤੇ ਇਸ ਦੇ ਪਿੱਛੇ ਕੋਈ ਨਿੱਜੀ, ਅਕਾਦਮਿਕ ਜਾਂ ਹੋਰ ਕਾਰਨ ਸੀ ਜਾਂ ਨਹੀਂ, ਇਸ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ। IIT ਦਿੱਲੀ ਨੇ ਵੀ ਆਪਣੇ ਈ-ਮੇਲ ਸੰਦੇਸ਼ 'ਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਜੁੜੇ ਹਾਲਾਤਾਂ ਦੀ ਪੁਲਿਸ ਨਿਯਮਾਂ ਮੁਤਾਬਕ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੀ ਅਸਲ ਤਸਵੀਰ ਸਾਹਮਣੇ ਆ ਸਕੇਗੀ।
ਇਕ ਮਹੀਨੇ 'ਚ ਦੂਜੀ ਮੌਤ ਨੇ ਵਧਾਈ ਚਿੰਤਾ
ਮਨੀਸ਼ ਦੀ ਮੌਤ ਉਸ ਸਮੇਂ ਹੋਈ ਹੈ ਜਦੋਂ IIT ਦਿੱਲੀ ਪਹਿਲਾਂ ਹੀ MSc ਫਿਜ਼ਿਕਸ ਦੇ ਵਿਦਿਆਰਥੀ ਰਿਸ਼ੀਕੇਸ਼ ਕੁਮਾਰ ਦੀ 22 ਅਗਸਤ ਨੂੰ ਹੋਈ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਿਹਾ ਹੈ। ਰਿਸ਼ੀਕੇਸ਼ ਦੀ ਮੌਤ ਤੋਂ ਬਾਅਦ ਸੰਸਥਾਨ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਸੀ।
ਇਕ ਵਿਦਿਆਰਥੀ ਦੀ ਮੌਤ ਦੀ ਜਾਂਚ ਪੂਰੀ ਵੀ ਨਹੀਂ ਹੋਈ ਸੀ ਕਿ ਹੁਣ PhD ਵਿਦਿਆਰਥੀ ਮਨੀਸ਼ ਆਨੰਦ ਦੇ ਦੇਹਾਂਤ ਦੀ ਘਟਨਾ ਸਾਹਮਣੇ ਆ ਗਈ। ਲਗਾਤਾਰ ਦੋ ਵਿਦਿਆਰਥੀਆਂ ਦੀ ਮੌਤ ਨੇ IIT ਦਿੱਲੀ ਕੈਂਪਸ 'ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਅਕਾਦਮਿਕ ਦਬਾਅ ਅਤੇ ਸਮੇਂ ਸਿਰ ਭਾਵਨਾਤਮਕ ਸਹਾਇਤਾ ਉਪਲਬਧ ਕਰਵਾਉਣ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
IIT ਦਿੱਲੀ ਦੀ ਵਿਦਿਆਰਥੀਆਂ ਨੂੰ ਕਾਊਂਸਲਿੰਗ ਲੈਣ ਦੀ ਅਪੀਲ
ਮਨੀਸ਼ ਦੇ ਦੇਹਾਂਤ 'ਤੇ IIT ਦਿੱਲੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਇੱਕ-ਦੂਜੇ ਦਾ ਸਹਿਯੋਗ ਕਰਨ ਤੇ ਮੁਸ਼ਕਲ ਹਾਲਾਤ 'ਚ ਸੰਸਥਾਨ ਦੀਆਂ ਕਾਊਂਸਲਿੰਗ ਸੇਵਾਵਾਂ ਦੀ ਮਦਦ ਲੈਣ ਦੀ ਅਪੀਲ ਕੀਤੀ ਹੈ। ਰਜਿਸਟਰਾਰ ਵੱਲੋਂ ਮਨੀਸ਼ ਦੀ ਯਾਦ 'ਚ ਸ਼ੋਕ ਸਭਾ ਕਰਵਾਏ ਜਾਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।