- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਵਾਰ ਨੇ ਦੱਸਿਆ ਕਿ ਜਦੋਂ ਵਿਦਿਆਰਥਣ ਘਰ ਨਹੀਂ ਪਰਤੀ ਤਾਂ ਉਸ ਦੇ ਮਾਪਿਆਂ ਅਤੇ ਉਸੇ ਕਾਲਜ ਵਿਚ ਪੜ੍ਹਨ ਵਾਲੀ ਉਸ ਦੀ ਭੈਣ ਨੇ ਭਾਲ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰ ਬੁੱਧਵਾਰ ਰਾਤ ਕਰੀਬ ਨੌਂ ਵਜੇ ਲੋਨੀ ਕਾਲਭੋਰ ਪੁਲਿਸ ਥਾਣੇ ਪਹੁੰਚੇ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਪੁਣੇ (ਪੀਟੀਆਈ) : ਪੁਣੇ ਜ਼ਿਲ੍ਹੇ ’ਚ ਸਥਿਤ ਇਕ ਕਾਲਜ ਵਿਚ ਤਕਨੀਕੀ ਖ਼ਰਾਬੀ ਕਾਰਨ ਇੰਜੀਨੀਅਰਿੰਗ ਦੀ 19 ਸਾਲਾ ਵਿਦਿਆਰਥਣ ਲਗਪਗ 12 ਘੰਟਿਆਂ ਤੱਕ ਕੈਂਪਸ ਦੀ ਲਿਫਟ ਅੰਦਰ ਫਸੀ ਰਹੀ। ਬੁੱਧਵਾਰ ਸ਼ਾਮ ਕਰੀਬ 6-7 ਵਜੇ ਵਿਦਿਆਰਥਣ ਕਲਾਸ ਵਿਚ ਪੜ੍ਹਾਈ ਕਰਨ ਤੋਂ ਬਾਅਦ ਲਿਫਟ ਰਾਹੀਂ ਹੇਠਾਂ ਉਤਰ ਰਹੀ ਸੀ, ਇਸੇ ਦੌਰਾਨ ਉਹ ਫਸ ਗਈ। ਇਹ ਘਟਨਾ ਲੋਨੀ ਕਾਲਭੋਰ ਸਥਿਤ ਐੱਮਆਈਟੀ ਕਾਲਜ ਦੀ ਹੈ। ਲੋਨੀ ਕਾਲਭੋਰ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਸਮਾਧਾਨ ਪਵਾਰ ਨੇ ਦੱਸਿਆ ਕਿ ਉਹ ਕਲਾਸ ਵਿੱਚੋਂ ਨਿਕਲਣ ਵਾਲੀ ਆਖ਼ਰੀ ਵਿਦਿਆਰਥਣ ਸੀ ਅਤੇ ਪੰਜਵੀਂ ਮੰਜ਼ਿਲ ਤੋਂ ਹੇਠਾਂ ਆ ਰਹੀ ਸੀ, ਉਦੋਂ ਵਾਰ-ਵਾਰ ਬਿਜਲੀ ਜਾਣ ਕਾਰਨ ਲਿਫਟ ਰੁਕ ਗਈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕਾਲਜ ਵਿਚ ਕੋਈ ਵੀ ਵਿਦਿਆਰਥੀ ਮੌਜੂਦ ਨਹੀਂ ਸੀ, ਇਸ ਲਈ ਕਿਸੇ ਦਾ ਧਿਆਨ ਇਸ ਘਟਨਾ ਵੱਲ ਨਹੀਂ ਗਿਆ।
ਪਵਾਰ ਨੇ ਦੱਸਿਆ ਕਿ ਜਦੋਂ ਵਿਦਿਆਰਥਣ ਘਰ ਨਹੀਂ ਪਰਤੀ ਤਾਂ ਉਸ ਦੇ ਮਾਪਿਆਂ ਅਤੇ ਉਸੇ ਕਾਲਜ ਵਿਚ ਪੜ੍ਹਨ ਵਾਲੀ ਉਸ ਦੀ ਭੈਣ ਨੇ ਭਾਲ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰ ਬੁੱਧਵਾਰ ਰਾਤ ਕਰੀਬ ਨੌਂ ਵਜੇ ਲੋਨੀ ਕਾਲਭੋਰ ਪੁਲਿਸ ਥਾਣੇ ਪਹੁੰਚੇ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕੀਤਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਿਸ ਮੁਲਾਜ਼ਮਾਂ ਨੇ ਵੀਰਵਾਰ ਸਵੇਰੇ ਕਰੀਬ 5 ਵਜੇ ਤੱਕ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਤੇ ਇਲਾਕਿਆਂ ਵਿਚ ਤਲਾਸ਼ੀ ਲਈ। ਬਾਅਦ ਵਿਚ ਵਿਦਿਆਰਥਣ ਕਾਲਜ ਦੀ ਪੰਜਵੀਂ ਮੰਜ਼ਿਲ ’ਤੇ ਲਿਫਟ ਦੇ ਅੰਦਰ ਫਸੀ ਹੋਈ ਮਿਲੀ ਅਤੇ ਸਵੇਰੇ ਕਰੀਬ ਸੱਤ ਵਜੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਵਿਦਿਆਰਥਣ ਦੇ ਮਾਪਿਆਂ ਨੇ ਬਾਅਦ ਵਿਚ ਪੁਲਿਸ ਨੂੰ ਦੱਸਿਆ ਕਿ ਧੀ ਦੇ ਸੁਰੱਖਿਅਤ ਮਿਲ ਜਾਣ ਤੋਂ ਬਾਅਦ ਹੁਣ ਉਹ ਸ਼ਿਕਾਇਤ ’ਤੇ ਅੱਗੇ ਕਾਰਵਾਈ ਕਰਨ ਦੇ ਇੱਛੁਕ ਨਹੀਂ ਹਨ। ਪਰ ਪੁਲਿਸ ਨੇ ਕਾਲਜ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ।