10 ਦਿਨ, 3 ਹੋਟਲ ਰੂਮ ਤੇ 3 ਕਤਲ...ਜਵਾਨ ਔਰਤਾਂ ਨਾਲ ਖੌਫਨਾਕ ਵਾਰਦਾਤਾਂ ਮਗਰੋਂ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਪੁਲਿਸ ਨੇ ਹੋਟਲਾਂ ਅਤੇ ਲੌਂਜ ਨੂੰ ਚੌਕਸ ਰਹਿਣ ਲਈ ਕਿਹਾ ਹੈ। ਖਾਸ ਤੌਰ 'ਤੇ ਉਸ ਸਮੇਂ ਜਦੋਂ ਕੋਈ ਜੋੜਾ ਕਮਰਾ ਲੈਂਦਾ ਹੈ ਅਤੇ ਉਨ੍ਹਾਂ 'ਚੋਂ ਇਕ ਵਿਅਕਤੀ ਕਮਰੇ ਤੋਂ ਚਲਾ ਜਾਂਦਾ ਹੈ ਤੇ ਵਾਪਸ ਨਹੀਂ ਆਉਂਦਾ। ਖਾਸ ਧਿਆਨ ਉਨ੍ਹਾਂ ਗਾਹਕਾਂ 'ਤੇ ਦਿੱਤਾ ਜਾ ਰਿਹਾ ਹੈ ਜੋ ਕਮਰਾ ਬੁੱਕ ਕਰਨ ਲਈ ਨਕਲੀ ਆਈਡੀ ਦੀ ਵਰਤੋਂ ਕਰਦੇ ਹਨ।
Publish Date: Tue, 06 Oct 2026 03:36 PM (IST)
Updated Date: Tue, 06 Oct 2026 03:42 PM (IST)
ਡਿਜੀਟਲ ਡੈਸਕ, ਹੈਦਰਾਬਾਦ : ਹੈਦਰਾਬਾਦ 'ਚ ਪਿਛਲੇ 10 ਦਿਨਾਂ ਦੌਰਾਨ ਤਿੰਨ ਜਵਾਨ ਔਰਤਾਂ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਤਿੰਨੋਂ ਘਟਨਾਵਾਂ ਬਿਲਕੁਲ ਵੱਖਰੀਆਂ ਹਨ, ਪਰ ਕਤਲ ਦਾ ਤਰੀਕਾ ਕੁਝ ਹੱਦ ਤਕ ਇਕੋ ਜਿਹਾ ਨਜ਼ਰ ਆ ਰਿਹਾ ਹੈ। ਹੈਦਰਾਬਾਦ 'ਚ ਤਿੰਨ ਵੱਖ-ਵੱਖ ਹੋਟਲਾਂ ਦੇ ਕਮਰਿਆਂ 'ਚ ਤਿੰਨ ਨੌਜਵਾਨ ਔਰਤਾਂ ਦੇ ਕਤਲ ਹੋਏ ਹਨ। ਇਨ੍ਹਾਂ ਕਤਲਾਂ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਅਤੇ ਸਸਤੇ 'ਚ ਕਮਰੇ ਕਿਰਾਏ 'ਤੇ ਦੇਣ ਵਾਲੇ ਛੋਟੇ ਹੋਟਲਾਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।
ਪੁਲਿਸ ਨੇ ਹੋਟਲਾਂ ਅਤੇ ਲੌਂਜ ਨੂੰ ਚੌਕਸ ਰਹਿਣ ਲਈ ਕਿਹਾ ਹੈ। ਖਾਸ ਤੌਰ 'ਤੇ ਉਸ ਸਮੇਂ ਜਦੋਂ ਕੋਈ ਜੋੜਾ ਕਮਰਾ ਲੈਂਦਾ ਹੈ ਅਤੇ ਉਨ੍ਹਾਂ 'ਚੋਂ ਇਕ ਵਿਅਕਤੀ ਕਮਰੇ ਤੋਂ ਚਲਾ ਜਾਂਦਾ ਹੈ ਤੇ ਵਾਪਸ ਨਹੀਂ ਆਉਂਦਾ। ਖਾਸ ਧਿਆਨ ਉਨ੍ਹਾਂ ਗਾਹਕਾਂ 'ਤੇ ਦਿੱਤਾ ਜਾ ਰਿਹਾ ਹੈ ਜੋ ਕਮਰਾ ਬੁੱਕ ਕਰਨ ਲਈ ਨਕਲੀ ਆਈਡੀ ਦੀ ਵਰਤੋਂ ਕਰਦੇ ਹਨ।
ਪੁਲਿਸ ਨੇ ਸੋਮਵਾਰ ਨੂੰ ਹੋਟਲਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਧਾਰ ਜਾਂ ਕਿਸੇ ਹੋਰ ਆਈਡੀ ਦੀ ਅਸਲੀਅਤ ਦੀ ਜਾਂਚ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇਲੰਗਾਨਾ ਹੋਟਲ ਐਸੋਸੀਏਸ਼ਨ ਨੇ ਵੀ ਹੋਟਲਾਂ ਨੂੰ ਸਾਵਧਾਨੀ ਵਰਤਣ ਅਤੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਹੈਦਰਾਬਾਦ 'ਚ ਝਾਰਖੰਡ ਦੀ ਔਰਤ ਦਾ ਕਤਲ
ਝਾਰਖੰਡ ਦੀ ਰਹਿਣ ਵਾਲੀ ਔਰਤ ਤੇ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਉਸ ਦਾ ਦੋਸਤ ਐੱਸ. ਰਵੀ ਤੇਜਾ ਹਾਸਪਿਟੈਲਿਟੀ ਸੈਕਟਰ 'ਚ ਕੰਮ ਕਰਦੇ ਸਨ ਤੇ ਇਕ ਦਿਨ ਪਹਿਲਾਂ ਹੀ ਦੋਵਾਂ ਨੇ ਹੋਟਲ 'ਚ ਚੈੱਕ-ਇਨ ਕੀਤਾ ਸੀ। 22 ਸਤੰਬਰ ਦੀ ਸਵੇਰ ਰਵੀ ਨੇ ਹੋਟਲ ਸਟਾਫ ਨੂੰ ਦੱਸਿਆ ਕਿ ਉਸ ਦੇ ਨਾਲ ਆਈ ਔਰਤ ਬੇਹੋਸ਼ ਹੋ ਗਈ ਹੈ। ਉਹ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਪਹੁੰਚਦੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਹਿਲਾ ਦੀ ਮੌਤ ਦੀ ਗੱਲ ਸੁਣਦੇ ਹੀ ਰਵੀ ਮੌਕੇ ਤੋਂ ਫਰਾਰ ਹੋ ਗਿਆ।
ਮਾਧਾਪੁਰ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੇ ਸਿਰ ਦੇ ਪਿਛਲੇ ਹਿੱਸੇ ਅਤੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਉਸ ਵਿਅਕਤੀ ਨੂੰ ਵਿਸ਼ਾਖਾਪਟਨਮ 'ਚ ਲੱਭ ਲਿਆ। ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਨੂੰ ਕਿੰਗ ਜਾਰਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮੁਲਜ਼ਮ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਹੈਦਰਾਬਾਦ ਲਿਆਂਦਾ ਗਿਆ।
SR ਨਗਰ 'ਚ ਬੈਂਕ ਕਸਟਮਰ ਕੇਅਰ ਐਗਜ਼ੀਕਿਊਟਿਵ ਦਾ ਕਤਲ
SR ਨਗਰ 'ਚ 29 ਸਤੰਬਰ ਨੂੰ ਹੋਟਲ ਦੇ ਇਕ ਕਮਰੇ 'ਚ 34 ਸਾਲਾ ਬੈਂਕ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਲਾਸ਼ ਮਿਲੀ। ਇਹ ਮਹਿਲਾ ਆਪਣੇ ਪਾਰਟਨਰ ਏ. ਸ਼੍ਰੀਨਿਵਾਸ ਨਾਲ ਹੋਟਲ 'ਚ ਠਹਿਰੀ ਸੀ। ਕਮਰੇ ਦੀ ਬੁਕਿੰਗ ਲਈ ਨਕਲੀ ਪਛਾਣ ਪੱਤਰ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਦੋਵੇਂ ਵਿਕਾਰਾਬਾਦ ਦੇ ਰਹਿਣ ਵਾਲੇ ਹਨ ਪਰ ਕੰਮ ਕਾਰਨ ਹੈਦਰਾਬਾਦ 'ਚ ਰਹਿੰਦੇ ਸਨ। ਸ਼੍ਰੀਨਿਵਾਸ ਜਦੋਂ ਮੰਗਲਵਾਰ, 29 ਸਤੰਬਰ ਦੀ ਸਵੇਰ 3:30 ਵਜੇ ਆਪਣਾ ਬੈਗ ਲੈ ਕੇ ਇਕੱਲਾ ਹੋਟਲ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਇਕ ਸਟਾਫ ਮੈਂਬਰ ਨੇ ਉਸ ਤੋਂ ਪੁੱਛਿਆ ਕਿ ਕੀ ਮਹਿਲਾ ਵੀ ਜਾ ਰਹੀ ਹੈ। ਇਸ 'ਤੇ ਉਸ ਨੇ ਕਿਹਾ ਕਿ ਉਹ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਚੈੱਕ-ਆਊਟ ਕਰੇਗੀ।
ਕਈ ਘੰਟਿਆਂ ਤਕ ਦਰਵਾਜ਼ਾ ਨਾ ਖੁੱਲ੍ਹਣ 'ਤੇ ਦੇਰ ਦੁਪਹਿਰ ਸਟਾਫ ਨੇ ਪੁਲਿਸ ਨੂੰ ਫੋਨ ਕੀਤਾ। ਡਿਪਟੀ ਕਮਿਸ਼ਨਰ ਆਫ ਪੁਲਿਸ (DCP) ਏ. ਰਮਨਾ ਰੈੱਡੀ ਨੇ ਦੱਸਿਆ ਕਿ ਮਹਿਲਾ ਦੇ ਸਿਰ 'ਤੇ ਕਿਸੇ ਭਾਰੀ ਚੀਜ਼, ਸੰਭਵ ਤੌਰ 'ਤੇ ਪਰਦੇ ਦੀ ਰੌਡ, ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਕਿਹਾ ਕਿ ਸੰਭਵ ਹੈ ਕਿ ਦੇਰ ਰਾਤ ਦੋਵਾਂ ਵਿਚਕਾਰ ਝਗੜਾ ਹੋਇਆ ਹੋਵੇ ਤੇ ਉਸ ਨੇ ਖਾਣਾ ਖਾਂਦੇ ਸਮੇਂ ਔਰਤ 'ਤੇ ਹਮਲਾ ਕੀਤਾ ਹੋਵੇ। ਉਸ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਬਿਸਤਰੇ 'ਤੇ ਉਸ ਦੇ ਕੋਲ ਹੀ ਬਿਨਾਂ ਖਾਧਾ ਹੋਇਆ ਖਾਣਾ ਪਿਆ ਮਿਲਿਆ। ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਤੇਲਗੂ ਫਿਲਮ ਇੰਡਸਟਰੀ 'ਚ ਛੋਟੇ-ਮੋਟੇ ਕੰਮ ਕਰਦਾ ਹੈ ਅਤੇ ਫਿਲਹਾਲ ਫਰਾਰ ਹੈ। ਉਸ ਦੀ ਭਾਲ ਲਈ ਟੀਮਾਂ ਉਸ ਦੇ ਪਿੰਡ ਭੇਜੀਆਂ ਗਈਆਂ ਹਨ।
ਮਿਆਪੁਰ 'ਚ 27 ਸਾਲਾ ਮੈਡੀਕਲ ਵਿਦਿਆਰਥਣ ਦਾ ਕਤਲ
ਮਿਆਪੁਰ 'ਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ। ਇੱਥੇ ਇਕ ਛੋਟੇ ਹੋਟਲ ਦੇ ਕਮਰੇ 'ਚੋਂ ਸ਼ੁੱਕਰਵਾਰ ਨੂੰ 27 ਸਾਲਾ ਮੈਡੀਕਲ ਵਿਦਿਆਰਥਣ ਦੀ ਸੜੀ ਹੋਈ ਲਾਸ਼ ਮਿਲੀ। ਪੁਲਿਸ ਨੇ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਦਾ ਦ੍ਰਿਸ਼ ਬੇਹੱਦ ਭਿਆਨਕ ਸੀ। ਔਰਤ ਨੇ ਰਵੀ 'ਤੇ ਆਪਣਾ ਸਾਮਾਨ ਵਾਪਸ ਕਰਨ ਲਈ ਦਬਾਅ ਪਾਇਆ ਸੀ। ਇਸ ਤੋਂ ਬਾਅਦ ਰਵੀ ਨੇ ਉਸ ਨੂੰ ਹੈਦਰਾਬਾਦ ਬੁਲਾਇਆ ਅਤੇ ਕਿਹਾ ਕਿ ਉਹ ਉਸ ਦੇ ਗਹਿਣੇ ਵਾਪਸ ਕਰ ਦੇਵੇਗਾ। ਦੋਵੇਂ 30 ਸਤੰਬਰ ਨੂੰ ਹੋਟਲ 'ਚ ਠਹਿਰੇ ਸਨ ਅਤੇ ਬਾਅਦ 'ਚ ਰਵੀ ਇਕੱਲਾ ਹੀ ਉੱਥੋਂ ਚਲਾ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਮਹਿਲਾ ਦੇ ਪਿਤਾ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਸਵਿੱਚ ਆਫ ਸੀ। ਉਹ ਸ਼ਨੀਵਾਰ ਨੂੰ ਹੋਸਟਲ ਵਾਪਸ ਨਹੀਂ ਆਈ ਤਾਂ ਉਸ ਦੇ ਦੋਸਤਾਂ ਨੇ ਵੀ ਉਸ ਦੇ ਪਿਤਾ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਉਸ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਹੋਟਲ 'ਚ ਟ੍ਰੇਸ ਕੀਤੀ, ਜਿੱਥੇ ਉਸ ਦੀ ਸੜੀ ਹੋਈ ਲਾਸ਼ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਤਕੀਏ ਨਾਲ ਦਮ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ ਅਤੇ ਰਵੀ ਫਰਾਰ ਹੈ।