ਕੁਦਰਤ ਤੇ ਵਿਗਿਆਨ ਦਾ ਕਮਾਲ: ਮਧੂਮੱਖੀਆਂ ਦੇ ਖੱਖਰ 'ਚ ਲੁਕਿਆ ਸੀ ਜ਼ਿਆਦਾ ਬਿਜਲੀ ਬਣਾਉਣ ਦਾ ਰਾਜ਼, 142.3% ਵਧਿਆ ਬਿਜਲੀ ਉਤਪਾਦਨ ਮਧੂਮੱਖੀਆਂ ਦੇ ਖੱਖਰ ’ਚ ਇਕ-ਦੂਜੇ ਨਾਲ ਜੁੜੇ ਛੇ-ਕੋਣੀ ਖਾਨੇ ਹੁੰਦੇ ਹਨ। ਇਹ ਬਣਤਰ ਘੱਟ ਸਮੱਗਰੀ ਨਾਲ ਮਜ਼ਬੂਤੀ ਅਤੇ ਬਿਹਤਰ ਢਾਂਚਾ ਦੇਣ ਲਈ ਜਾਣੀ ਜਾਂਦੀ ਹੈ। ਇੰਜੀਨੀਅਰਾਂ ਨੇ ਇਸੇ ਸਿਧਾਂਤ ਤੋਂ ਪ੍ਰੇਰਤ ਹੋ ਕੇ ਇਕ ਲਚਕੀਲਾ, ਪ੍ਰਿੰਟ ਕੀਤਾ ਜਾ ਸਕਣ ਵਾਲਾ ਪਾਲੀਮਰ-ਅਧਾਰਤ ਯਾਂਤ੍ਰਿਕ ਮੈਟਾਮੈਟੀਰੀਅਲ ਤਿਆਰ ਕੀਤਾ ਹੈ।
Publish Date: Tue, 17 Nov 2026 10:50 AM (IST)
Updated Date: Tue, 17 Nov 2026 10:52 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮਨੁੱਖ ਕੁਦਰਤ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਮਧੂਮੱਖੀਆਂ ਦਾ ਖੱਖਰ ਇਸ ਦੀ ਨਵੀਂ ਮਿਸਾਲ ਹੈ। ਇੰਜੀਨੀਅਰਾਂ ਨੇ ਖੱਖਰ ਦੀ ਖ਼ਾਸ ਬਣਤਰ ਤੋਂ ਪ੍ਰੇਰਨਾ ਲੈ ਕੇ ਸੋਲਰ ਪੈਨਲਾਂ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਹੈ, ਜਿਸ ਨਾਲ ਬਿਜਲੀ ਉਤਪਾਦਨ ਵਿਚ ਕਾਫ਼ੀ ਵਾਧਾ ਹੋਇਆ ਹੈ। ਵਰਤੋਂ ਦੌਰਾਨ ਇਸ ਡਿਜ਼ਾਈਨ ਵਾਲੇ ਪੈਨਲਾਂ ਨੇ ਰਵਾਇਤੀ ਸਪਾਟ ਪੈਨਲਾਂ ਦੇ ਮੁਕਾਬਲੇ ਵੱਧ ਤੋਂ ਵੱਧ 142.3 ਫ਼ੀਸਦੀ ਜ਼ਿਆਦਾ ਬਿਜਲੀ ਪੈਦਾ ਕੀਤੀ। ਖ਼ਾਸ ਗੱਲ ਇਹ ਹੈ ਕਿ ਇਸ ਲਈ ਸੂਰਜ ਦੀ ਦਿਸ਼ਾ ਮੁਤਾਬਕ ਪੈਨਲ ਦਾ ਕੋਣ ਬਦਲਣ ਵਾਲੀ ਮੋਟਰ ਦੀ ਲੋੜ ਵੀ ਨਹੀਂ ਪਵੇਗੀ।
ਮੌਜੂਦਾ ਸੋਲਰ ਪੈਨਲਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਉਹ ਸੂਰਜ ਦੀ ਸਿੱਧੀ ਰੌਸ਼ਨੀ ਵਿਚ ਤਾਂ ਚੰਗਾ ਕੰਮ ਕਰਦੇ ਹਨ ਪਰ ਜਦੋਂ ਕਿਰਨਾਂ ਤਿਰਛੇ ਕੋਣ ’ਤੇ ਪੈਂਦੀਆਂ ਹਨ ਤਾਂ ਰੌਸ਼ਨੀ ਦਾ ਇਕ ਹਿੱਸਾ ਪੈਨਲ ਦੀ ਸਤ੍ਹਾ ਨਾਲ ਟਕਰਾਅ ਕੇ ਵਾਪਸ ਮੁੜ ਜਾਂਦਾ ਹੈ। ਇਸ ਕਾਰਨ ਸੂਰਜ ਦੀ ਉਪਲੱਬਧ ਰੌਸ਼ਨੀ ਦੀ ਪੂਰੀ ਵਰਤੋਂ ਨਹੀਂ ਹੋ ਪਾਉਂਦੀ ਅਤੇ ਬਿਜਲੀ ਉਤਪਾਦਨ ਘਟ ਜਾਂਦਾ ਹੈ। ‘ਦਿ ਪਲਸ’ ਦੀ ਰਿਪੋਰਟ ਮੁਤਾਬਕ, ਇੰਜੀਨੀਅਰਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਤਿੰਨ-ਅਯਾਮੀ ਅਵਤਲ ਡਿਜ਼ਾਈਨ ਤਿਆਰ ਕੀਤਾ ਹੈ। ਇਸ ਵਿਚ ਸਪਾਟ ਸਤ੍ਹਾ ਦੀ ਥਾਂ ਮਧੂਮੱਖੀਆਂ ਦੇ ਖੱਖਰ ਵਰਗੀ ਬਣਤਰ ਬਣਾਈ ਗਈ ਹੈ। ਇਸ ਦੀਆਂ ਢਲਾਣ ਵਾਲੀਆਂ ਸਤਾਹਾਂ ਪਰਾਵਰਤਿਤ ਰੌਸ਼ਨੀ ਨੂੰ ਦੂਜੀ ਦਿਸ਼ਾ ਵੱਲ ਮੋੜਦੀਆਂ ਹਨ, ਜਿਸ ਨਾਲ ਉਸ ਦੇ ਮੁੜ ਪੈਨਲ ਵਿਚ ਸਮਾਉਣ ਦੀ ਸੰਭਾਵਨਾ ਬਣਦੀ ਹੈ। ਇਸ ਤਰ੍ਹਾਂ ਰੌਸ਼ਨੀ ਦੀ ਬਰਬਾਦੀ ਘਟਦੀ ਹੈ ਅਤੇ ਬਿਜਲੀ ਉਤਪਾਦਨ ਵਧਦਾ ਹੈ।
ਵਰਤੋਂ ਦੌਰਾਨ ਨਵੇਂ ਡਿਜ਼ਾਈਨ ਵਾਲੇ ਪੈਨਲਾਂ ਦੀ ਕਾਰਗੁਜ਼ਾਰੀ ਵੱਖ-ਵੱਖ ਕੋਣਾਂ ’ਤੇ ਪਰਖੀ ਗਈ। ਨਤੀਜਿਆਂ ਮੁਤਾਬਕ ਸਪਾਟ ਪੈਨਲ ਦੀ ਤੁਲਨਾ ਵਿਚ ਵੱਧ ਤੋਂ ਵੱਧ ਬਿਜਲੀ ਉਤਪਾਦਨ 142.3 ਫ਼ੀਸਦੀ ਵਧਿਆ। ਜਦੋਂ ਸੂਰਜ ਦੀ ਰੌਸ਼ਨੀ ਸਿੱਧੀ, ਯਾਨੀ ਜ਼ੀਰੋ ਡਿਗਰੀ ਦੇ ਕੋਣ ’ਤੇ ਪਈ, ਤਾਂ ਵੀ ਉਤਪਾਦਨ ਵਿਚ 36.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਉੱਥੇ 60 ਡਿਗਰੀ ਦੇ ਕੋਣ ’ਤੇ ਇਹ ਵਾਧਾ 61.8 ਫ਼ੀਸਦੀ ਰਿਹਾ।
ਮਧੂਮੱਖੀਆਂ ਦੇ ਖੱਖਰ ’ਚ ਇਕ-ਦੂਜੇ ਨਾਲ ਜੁੜੇ ਛੇ-ਕੋਣੀ ਖਾਨੇ ਹੁੰਦੇ ਹਨ। ਇਹ ਬਣਤਰ ਘੱਟ ਸਮੱਗਰੀ ਨਾਲ ਮਜ਼ਬੂਤੀ ਅਤੇ ਬਿਹਤਰ ਢਾਂਚਾ ਦੇਣ ਲਈ ਜਾਣੀ ਜਾਂਦੀ ਹੈ। ਇੰਜੀਨੀਅਰਾਂ ਨੇ ਇਸੇ ਸਿਧਾਂਤ ਤੋਂ ਪ੍ਰੇਰਤ ਹੋ ਕੇ ਇਕ ਲਚਕੀਲਾ, ਪ੍ਰਿੰਟ ਕੀਤਾ ਜਾ ਸਕਣ ਵਾਲਾ ਪਾਲੀਮਰ-ਅਧਾਰਤ ਯਾਂਤ੍ਰਿਕ ਮੈਟਾਮੈਟੀਰੀਅਲ ਤਿਆਰ ਕੀਤਾ ਹੈ। ਇਸ ਵਿਚ ਖ਼ਾਸ ਨਮੂਨੇ ਰਾਹੀਂ ਸਮੱਗਰੀ ਦੀ ਸ਼ਕਲ ਅਤੇ ਉਸ ਦੇ ਵਿਹਾਰ ਨੂੰ ਕਾਬੂ ਕੀਤਾ ਜਾ ਸਕਦਾ ਹੈ। ਨਵੇਂ ਡਿਜ਼ਾਈਨ ਦੀ ਇਕ ਹੋਰ ਖ਼ਾਸੀਅਤ ਇਸ ਦਾ ਲਚਕੀਲਾਪਣ ਹੈ। ਇਸ ਕਰ ਕੇ ਸੋਲਰ ਪੈਨਲਾਂ ਦੀ ਵਰਤੋਂ ਸਿਰਫ਼ ਸਪਾਟ ਛੱਤਾਂ ਤੱਕ ਸੀਮਤ ਨਹੀਂ ਰਹੇਗੀ। ਇਨ੍ਹਾਂ ਨੂੰ ਘੁਮਾਅਦਾਰ ਕੰਧਾਂ, ਇਲੈਕਟ੍ਰਿਕ ਵਾਹਨਾਂ ਤੇ ਏਅਰੋਸਪੇਸ ਉਪਕਰਨਾਂ ’ਤੇ ਲਾਉਣ ਦੀਆਂ ਸੰਭਾਵਨਾਵਾਂ ਵੀ ਖੰਗਾਲੀਆਂ ਜਾ ਰਹੀਆਂ ਹਨ। ਅਜਿਹੀਆਂ ਥਾਵਾਂ ’ਤੇ ਰਵਾਇਤੀ ਸਪਾਟ ਪੈਨਲ ਲਾਉਣਾ ਔਖਾ ਹੁੰਦਾ ਹੈ।