ਅਮਰੀਕਾ 'ਚ ਗ੍ਰਿਫ਼ਤਾਰ ਹੋਏ ਹਿਮਾਂਸ਼ੂ ਭਾਊ ਤੇ ਨੀਰਜ ਫਰੀਦਪੁਰੀਆ ਦੀ ਕ੍ਰਾਈਮ ਕੁੰਡਲੀ, ਵਿਦੇਸ਼ ਤੋਂ ਕਿਵੇਂ ਚਲਾ ਰਹੇ ਸੀ ਫਿਰੌਤੀ ਰੈਕੇਟ
ਹਿਮਾਂਸ਼ੂ ਭਾਊ ਨੇ ਹਿਮਾਂਸ਼ੂ ਸਿਗਰੋਹਾ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਵਾਇਆ ਸੀ। ਉੱਥੇ ਹੀ ਨੀਰਜ ਫਰੀਦਪੁਰੀਆ ਨੇ ਨੀਰਜ ਕੌਸ਼ਿਕ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਵਾਇਆ ਸੀ। ਉਹ 2025 ਦੇ ਆਖ਼ਰੀ ਮਹੀਨਿਆਂ 'ਚ ਪੁਰਤਗਾਲ ਤੋਂ ਅਮਰੀਕਾ ਵੀ ਚਲਾ ਗਿਆ ਸੀ।
Publish Date: Sat, 24 Oct 2026 10:02 AM (IST)
Updated Date: Sat, 24 Oct 2026 10:04 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਹਰਿਆਣਾ ਐੱਸਟੀਐੱਫ ਨੇ ਵਿਦੇਸ਼ 'ਚ ਲੁਕੇ ਬੈਠੇ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮੁਹਿੰਮ ਤਹਿਤ ਦੋ ਵੱਡੇ ਅਤੇ ਕਥਿਤ ਤੌਰ 'ਤੇ ਬਦਨਾਮ ਗੈਂਗਸਟਰ ਹਿਮਾਂਸ਼ੂ ਭਾਊ ਅਤੇ ਨੀਰਜ ਫਰੀਦਪੁਰੀਆ ਨੂੰ ਅਮਰੀਕਾ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਿਮਾਂਸ਼ੂ ਭਾਊ ਨੇ ਹਿਮਾਂਸ਼ੂ ਸਿਗਰੋਹਾ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਵਾਇਆ ਸੀ। ਉੱਥੇ ਹੀ ਨੀਰਜ ਫਰੀਦਪੁਰੀਆ ਨੇ ਨੀਰਜ ਕੌਸ਼ਿਕ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਵਾਇਆ ਸੀ। ਉਹ 2025 ਦੇ ਆਖ਼ਰੀ ਮਹੀਨਿਆਂ 'ਚ ਪੁਰਤਗਾਲ ਤੋਂ ਅਮਰੀਕਾ ਵੀ ਚਲਾ ਗਿਆ ਸੀ।
ਅਮਰੀਕਾ ਦੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਹਿਮਾਂਸ਼ੂ ਅਤੇ ਨੀਰਜ ਫਰੀਦਪੁਰੀਆ ਬਾਰੇ ਜਾਣਕਾਰੀ ਜਾਰੀ ਕੀਤੀ ਹੈ। ਦੋਵਾਂ ਨੇ ਫਰਜ਼ੀ ਪਾਸਪੋਰਟ ਬਣਵਾਉਣ ਲਈ ਆਪਣੇ ਨਾਂ ਬਦਲੇ ਸਨ।
ਹਰਿਆਣਾ ਐੱਸਟੀਐੱਫ ਤੋਂ ਮਿਲੇ ਪੁਖ਼ਤਾ ਇਨਪੁਟਸ ਦੇ ਆਧਾਰ 'ਤੇ ਇਹ ਕਾਰਵਾਈ ਅਮਰੀਕੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਅਤੇ ਉਸ ਦੇ ਈਆਰਓ ਡਿਵੀਜ਼ਨ ਦੀ ਮਦਦ ਨਾਲ ਕੀਤੀ ਗਈ ਹੈ। ਹੁਣ ਦੋਵਾਂ ਨੂੰ ਭਾਰਤ ਡਿਪੋਰਟ ਕਰਨ ਲਈ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।
ਵਿਦੇਸ਼ 'ਚ ਬੈਠ ਕੇ ਚਲਾ ਰਿਹਾ ਸੀ ਫਿਰੌਤੀ ਦਾ ਨੈੱਟਵਰਕ
ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਦੇ ਲਾਸ ਵੇਗਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕਈ ਫਰਜ਼ੀ ਪਾਸਪੋਰਟਾਂ ਦੀ ਮਦਦ ਨਾਲ ਅਮਰੀਕਾ ਭੱਜ ਗਿਆ ਸੀ ਅਤੇ ਉੱਥੋਂ ਭਾਰਤ 'ਚ ਫਿਰੌਤੀ ਦਾ ਨੈੱਟਵਰਕ ਚਲਾਉਣ ਦੇ ਦੋਸ਼ ਹਨ। ਉਹ ਹਾਂਸੀ 'ਚ ਜਿਮ ਮਾਲਕ ਕਪਿਲ ਦੇ ਕਤਲ ਸਮੇਤ ਕਈ ਹੋਰ ਗੰਭੀਰ ਮਾਮਲਿਆਂ 'ਚ ਲੰਬੇ ਸਮੇਂ ਤੋਂ ਲੋੜੀਂਦਾ ਸੀ।
ਹਰਿਆਣਾ ਐੱਸਟੀਐੱਫ ਅਮਰੀਕੀ ਪ੍ਰਸ਼ਾਸਨ ਅਤੇ ਕੇਂਦਰੀ ਏਜੰਸੀਆਂ ਦੇ ਸੰਪਰਕ 'ਚ ਹੈ, ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਲਿਆ ਕੇ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕੀਤਾ ਜਾ ਸਕੇ।
ਨੀਰਜ ਫਰੀਦਪੁਰੀਆ ਨੂੰ ਵੀ ਅਮਰੀਕਾ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਫਿਰੌਤੀ, ਕੁੱਟਮਾਰ, ਗੈਰ-ਕਾਨੂੰਨੀ ਵਸੂਲੀ ਅਤੇ ਸੰਗਠਿਤ ਅਪਰਾਧ ਦੇ ਦਰਜਨਾਂ ਗੰਭੀਰ ਮਾਮਲੇ ਦਰਜ ਹਨ। ਉਸ ਦਾ ਨਾਂ ਕਾਂਗਰਸੀ ਆਗੂ ਵਿਕਾਸ ਚੌਧਰੀ ਦੇ ਕਤਲ ਦੇ ਮਾਮਲੇ 'ਚ ਵੀ ਸਾਹਮਣੇ ਆਇਆ ਸੀ। ਐੱਨਆਈਏ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਵੀ ਕਰ ਚੁੱਕੀ ਹੈ।
ਉਹ ਭਾਊ ਗੈਂਗ ਦਾ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ। ਨੀਰਜ ਨੂੰ 2012 ਦੇ ਇਕ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2015 'ਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
2019 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਿਦੇਸ਼ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਸਨ।
ਇਹ ਗ੍ਰਿਫ਼ਤਾਰੀਆਂ ਹਰਿਆਣਾ ਐੱਸਟੀਐੱਫ ਵੱਲੋਂ ਚਲਾਈ ਜਾ ਰਹੀ ਉਸ ਵਿਆਪਕ ਮੁਹਿੰਮ ਦਾ ਹਿੱਸਾ ਹਨ, ਜਿਸ ਤਹਿਤ ਦੇਸ਼ ਤੋਂ ਲੈ ਕੇ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐੱਸਟੀਐੱਫ ਦੇ ਅੰਕੜੇ
- 2026 'ਚ ਹੁਣ ਤੱਕ: 12 ਅਪਰਾਧੀਆਂ ਨੂੰ ਡਿਪੋਰਟ ਜਾਂ ਐਕਸਟਰਾਡਾਈਟ ਕਰਕੇ ਭਾਰਤ ਲਿਆਂਦਾ ਜਾ ਚੁੱਕਾ ਹੈ।
- 2019 ਤੋਂ ਹੁਣ ਤੱਕ: ਕੁੱਲ 25 ਅਪਰਾਧੀਆਂ ਨੂੰ ਵਾਪਸ ਲਿਆਂਦਾ ਗਿਆ ਹੈ।
- ਮੌਜੂਦਾ ਸਮੇਂ: 14 ਗੈਂਗਸਟਰ ਵਿਦੇਸ਼ਾਂ 'ਚ ਹਿਰਾਸਤ 'ਚ ਹਨ।
ਅੰਤਰਰਾਸ਼ਟਰੀ ਪੱਧਰ 'ਤੇ ਕਾਰਵਾਈ: ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਹੁਣ ਤੱਕ 51 ਰੈੱਡ ਕਾਰਨਰ ਨੋਟਿਸ, 138 ਲੁੱਕ ਆਊਟ ਸਰਕੂਲਰ, 52 ਇੰਟਰਪੋਲ ਰੈਫਰੈਂਸ ਅਤੇ 76 ਪਾਸਪੋਰਟ ਰੱਦ ਕਰਨ ਦੀ ਕਾਰਵਾਈ ਕੀਤੀ ਗਈ ਹੈ।
2026 'ਚ ਐੱਸਟੀਐੱਫ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 445 ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਹੈ। ਇਨ੍ਹਾਂ 'ਚ 232 ਗੈਂਗਸਟਰ ਅਤੇ 48 ਇਨਾਮੀ ਅਪਰਾਧੀ ਸ਼ਾਮਲ ਹਨ। ਇਸ ਦੇ ਨਾਲ ਹੀ ਮੁਕਾਬਲਿਆਂ ਦੌਰਾਨ 5 ਗੈਂਗਸਟਰ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਹਰਿਆਣਾ ਐੱਸਟੀਐੱਫ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਸਪੱਸ਼ਟ ਹੈ ਕਿ ਸੂਬਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਸੰਗਠਿਤ ਅਪਰਾਧ ਅਤੇ ਵਿਦੇਸ਼ਾਂ 'ਚ ਲੁਕੇ ਗੈਂਗਸਟਰਾਂ ਦੇ ਨੈੱਟਵਰਕ ਵਿਰੁੱਧ ਕਾਰਵਾਈ ਕਰਨ ਲਈ ਯਤਨਸ਼ੀਲ ਹਨ।