'ਪਤਨੀ ਵਿਹਲੀ ਨਾ ਰਹੇ, ਗੁਜ਼ਾਰਾ ਭੱਤੇ ਦੇ ਨਾਲ ਖ਼ੁਦ ਵੀ ਕਮਾ ਸਕਦੀ ਹੈ', ਹਾਈ ਕੋਰਟ ਦੀ ਅਹਿਮ ਟਿੱਪਣੀ; 25 ਹਜ਼ਾਰ ਰੁਪਏ ਮਹੀਨਾ ਭੱਤਾ ਬਰਕਰਾਰ
ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਤਨੀ ਆਪਣੇ ਪਤੀ ਦੇ ਸਮਾਜਿਕ ਅਤੇ ਆਰਥਿਕ ਪੱਧਰ ਦੇ ਅਨੁਸਾਰ ਜ਼ਿੰਦਗੀ ਜਿਊਣ ਦੀ ਹੱਕਦਾਰ ਹੈ। ਗੁਜ਼ਾਰਾ ਭੱਤਾ ਲੈਣ ਲਈ ਉਸ ਦਾ ਪੂਰੀ ਤਰ੍ਹਾਂ ਬੇਸਹਾਰਾ ਹੋਣਾ ਜ਼ਰੂਰੀ ਨਹੀਂ ਹੈ। ਭੱਤੇ ਦੀ ਰਕਮ ਨਾ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਪਤੀ ’ਤੇ ਅਸਹਿਣਯੋਗ ਬੋਝ ਬਣੇ ਅਤੇ ਨਾ ਹੀ ਇੰਨੀ ਘੱਟ ਕਿ ਪਤਨੀ ਨੂੰ ਤੰਗੀ ਦਾ ਸਾਹਮਣਾ ਕਰਨਾ ਪਵੇ।
Publish Date: Sat, 28 Nov 2026 10:46 AM (IST)
Updated Date: Sat, 28 Nov 2026 10:49 AM (IST)
ਨਵੀਂ ਦੁਨੀਆ ਪ੍ਰਤੀਨਿਧੀ, ਰਤਲਾਮ : ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਗੁਜ਼ਾਰਾ ਭੱਤੇ ਦੇ ਇਕ ਮਾਮਲੇ ’ਚ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪਤਨੀ ਨੂੰ ਵਿਹਲੀ ਜ਼ਿੰਦਗੀ ਨਹੀਂ ਜਿਊਣੀ ਚਾਹੀਦੀ। ਉਹ ਪਤੀ ਤੋਂ ਮਿਲਣ ਵਾਲੇ ਗੁਜ਼ਾਰਾ ਭੱਤੇ ਦੀ ਮਦਦ ਦੇ ਨਾਲ ਰੋਜ਼ੀ-ਰੋਟੀ ਲਈ ਖ਼ੁਦ ਵੀ ਕੁਝ ਕਮਾ ਸਕਦੀ ਹੈ। ਜਸਟਿਸ ਆਲੋਕ ਅਵਸਥੀ ਦੇ ਇਕਹਿਰੇ ਬੈਂਚ ਨੇ ਇੰਦੌਰ ਦੀ ਪਰਿਵਾਰਕ ਅਦਾਲਤ ਵੱਲੋਂ ਤੈਅ ਕੀਤੇ 25 ਹਜ਼ਾਰ ਰੁਪਏ ਮਹੀਨਾਵਾਰ ਗੁਜ਼ਾਰਾ ਭੱਤੇ ਨੂੰ ਬਰਕਰਾਰ ਰੱਖਦਿਆਂ ਪਤੀ ਅਤੇ ਪਤਨੀ ਦੋਵਾਂ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ।
ਪਤੀ-ਪਤਨੀ ਦਾ ਵਿਆਹ 21 ਨਵੰਬਰ 1998 ਨੂੰ ਰਤਲਾਮ ’ਚ ਹੋਇਆ ਸੀ। ਉਨ੍ਹਾਂ ਦੀ ਇਕ ਧੀ ਅਤੇ ਇਕ ਪੁੱਤਰ ਹੈ ਅਤੇ ਦੋਵੇਂ ਬਾਲਗ ਹਨ। ਪਤਨੀ ਨੇ ਪਤੀ ਅਤੇ ਸਹੁਰੇ ਪਰਿਵਾਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਉਸ ਦਾ ਕਹਿਣਾ ਸੀ ਕਿ 2021 ’ਚ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਸਮਝਾਉਣ ਤੋਂ ਬਾਅਦ ਦੋਵੇਂ ਮੁੜ ਇਕੱਠੇ ਰਹਿਣ ਲੱਗੇ, ਪਰ 15 ਅਕਤੂਬਰ 2022 ਨੂੰ ਹੋਏ ਝਗੜੇ ਤੋਂ ਬਾਅਦ ਉਸ ਨੂੰ ਘਰ ਛੱਡਣਾ ਪਿਆ। ਲਗਭਗ ਇਕ ਸਾਲ ਤੱਕ ਗੁਜ਼ਾਰੇ ਦਾ ਪ੍ਰਬੰਧ ਨਾ ਹੋਣ ’ਤੇ ਉਸ ਨੇ ਪਰਿਵਾਰਕ ਅਦਾਲਤ ’ਚ 50 ਹਜ਼ਾਰ ਰੁਪਏ ਮਹੀਨਾਵਾਰ ਭੱਤੇ ਦੀ ਮੰਗ ਕੀਤੀ। ਪਰਿਵਾਰਕ ਅਦਾਲਤ ਨੇ 5 ਜੂਨ 2026 ਨੂੰ 25 ਹਜ਼ਾਰ ਰੁਪਏ ਮਹੀਨਾ ਭੱਤਾ ਤੈਅ ਕੀਤਾ।
ਹਾਈ ਕੋਰਟ ’ਚ ਪਤਨੀ ਵੱਲੋਂ ਦਲੀਲ ਦਿੱਤੀ ਗਈ ਕਿ ਉਸ ਦਾ ਪਤੀ ਪੈਟਰੋਲ ਪੰਪ ਦਾ ਮਾਲਕ ਹੈ ਅਤੇ ਹੋਰ ਸਾਧਨਾਂ ਤੋਂ ਵੀ ਕਮਾਈ ਕਰਦਾ ਹੈ। ਉਸ ਦੀ ਆਮਦਨ ’ਤੇ ਸਹੀ ਢੰਗ ਨਾਲ ਵਿਚਾਰ ਨਹੀਂ ਕੀਤਾ ਗਿਆ। ਪਤੀ ਨੇ ਦਲੀਲ ਦਿੱਤੀ ਕਿ ਪਤਨੀ ਬਿਨਾਂ ਕਿਸੇ ਠੋਸ ਕਾਰਨ ਦੇ ਵੱਖ ਰਹਿ ਰਹੀ ਹੈ। ਉਹ ਪੜ੍ਹੀ-ਲਿਖੀ ਹੈ ਅਤੇ ਅਜਿਹਾ ਕੋਈ ਰਿਕਾਰਡ ਨਹੀਂ ਹੈ ਕਿ ਉਹ ਕਮਾਈ ਨਹੀਂ ਕਰਦੀ। ਪਤੀ ਨੇ ਪਰਿਵਾਰ ਨਾਲ ਮਿਲ ਕੇ ਪੈਟਰੋਲ ਪੰਪ ਚਲਾਉਣ ਅਤੇ ਲਗਭਗ 70 ਹਜ਼ਾਰ ਰੁਪਏ ਮਹੀਨਾ ਕਮਾਉਣ ਦੀ ਗੱਲ ਮੰਨੀ ਸੀ।
ਪਤੀ ਦੇ ਬਰਾਬਰ ਦੇ ਪੱਧਰ ਦੀ ਜ਼ਿੰਦਗੀ ਜਿਊਣ ਦਾ ਹੱਕ
ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਤਨੀ ਆਪਣੇ ਪਤੀ ਦੇ ਸਮਾਜਿਕ ਅਤੇ ਆਰਥਿਕ ਪੱਧਰ ਦੇ ਅਨੁਸਾਰ ਜ਼ਿੰਦਗੀ ਜਿਊਣ ਦੀ ਹੱਕਦਾਰ ਹੈ। ਗੁਜ਼ਾਰਾ ਭੱਤਾ ਲੈਣ ਲਈ ਉਸ ਦਾ ਪੂਰੀ ਤਰ੍ਹਾਂ ਬੇਸਹਾਰਾ ਹੋਣਾ ਜ਼ਰੂਰੀ ਨਹੀਂ ਹੈ। ਭੱਤੇ ਦੀ ਰਕਮ ਨਾ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਪਤੀ ’ਤੇ ਅਸਹਿਣਯੋਗ ਬੋਝ ਬਣੇ ਅਤੇ ਨਾ ਹੀ ਇੰਨੀ ਘੱਟ ਕਿ ਪਤਨੀ ਨੂੰ ਤੰਗੀ ਦਾ ਸਾਹਮਣਾ ਕਰਨਾ ਪਵੇ।