
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨੇਪਾਲ 'ਚ ਫਲੈਸ਼ ਫਲੱਡ ਅਤੇ ਗੰਡਕ ਦਰਿਆ 'ਚ ਸੰਭਾਵੀ ਪਾਣੀ ਦੇ ਵਹਾਅ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਾਲਾਤ ਅਨੁਸਾਰ ਵਾਧੂ NDRF-SDRF ਟੀਮਾਂ, ਕਿਸ਼ਤੀਆਂ ਅਤੇ ਹੋਰ ਰਾਹਤ ਸਾਧਨਾਂ ਦੀ ਤੁਰੰਤ ਤਾਇਨਾਤੀ ਕੀਤੀ ਜਾਵੇਗੀ।

ਅਮਰੇਂਦਰ ਤਿਵਾਰੀ, ਮੁਜ਼ੱਫਰਪੁਰ : ਨੇਪਾਲ 'ਚ ਫਲੈਸ਼ ਫਲੱਡ ਤੋਂ ਬਾਅਦ ਹੁਣ ਬਿਹਾਰ 'ਚ ਗੰਡਕ ਦਰਿਆ ਦੇ ਉਫ਼ਾਨ ਨੂੰ ਲੈ ਕੇ ਖ਼ਤਰਾ ਬਣਿਆ ਹੋਇਆ ਹੈ। ਨੇਪਾਲ ਦੇ ਉੱਪਰੀ ਜਲਗ੍ਰਹਿਣ ਖੇਤਰ ਤੋਂ ਅਚਾਨਕ ਵਧੇ ਪਾਣੀ ਦੇ ਵਹਾਅ ਦਾ ਅਸਰ ਗੰਡਕ ਦਰਿਆ 'ਚ ਦਿਖਾਈ ਦੇਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦਿਆਂ ਬਿਹਾਰ ਸਰਕਾਰ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਗੰਡਕ ਦਰਿਆ 'ਚ ਕਰੀਬ ਤਿੰਨ ਮੀਟਰ ਤਕ ਉੱਚੀ ਫਲੈਸ਼ ਫਲੱਡ ਵੇਵ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਮੁਜ਼ੱਫਰਪੁਰ, ਪੱਛਮੀ ਚੰਪਾਰਣ, ਪੂਰਬੀ ਚੰਪਾਰਨ, ਗੋਪਾਲਗੰਜ, ਸਾਰਨ ਤੇ ਵੈਸ਼ਾਲੀ 'ਚ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਤਾਮੜੀ ਤੇ ਸ਼ਿਵਹਰ ਸਮੇਤ ਹੋਰ ਸੰਵੇਦਨਸ਼ੀਲ ਜ਼ਿਲ੍ਹਿਆਂ ਨੂੰ ਵੀ ਅਲਰਟ ਮੋਡ ’ਤੇ ਰੱਖਿਆ ਗਿਆ ਹੈ।
ਮੁੱਖ ਸਕੱਤਰ ਪ੍ਰਤਯ ਅੰਮ੍ਰਿਤ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਉੱਚ ਪੱਧਰੀ ਸਮੀਖਿਆ ਬੈਠਕ ਹੋਈ। ਵੀਡੀਓ ਕਾਨਫਰੰਸਿੰਗ ਰਾਹੀਂ ਸਬੰਧਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਸੀਨੀਅਰ ਪੁਲਿਸ ਅਧਿਕਾਰੀ ਬੈਠਕ 'ਚ ਸ਼ਾਮਲ ਹੋਏ। ਅਧਿਕਾਰੀਆਂ ਨੂੰ ਸੰਭਾਵੀ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ।
ਬੈਠਕ 'ਚ ਦਰਿਆ ਦੇ ਪਾਣੀ ਦੇ ਪੱਧਰ, ਤਟਬੰਧਾਂ, ਨੀਵੇਂ ਇਲਾਕਿਆਂ, ਪੁਲਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਜਾਂ ਕਿਸੇ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।
ਨੇਪਾਲ ਦੇ ਰਸੂਵਾ, ਨੁਵਾਕੋਟ, ਧਾਦਿੰਗ, ਗੋਰਖਾ, ਲਮਜੁੰਗ ਤੇ ਤਨਹੁੰ ਜ਼ਿਲ੍ਹਿਆਂ ਵਿੱਚ ਫਲੈਸ਼ ਫਲੱਡ ਦਾ ਉੱਚ ਖ਼ਤਰਾ ਦੱਸਿਆ ਗਿਆ ਹੈ। ਇਨ੍ਹਾਂ ਖੇਤਰਾਂ ਤੋਂ ਨਿਕਲਣ ਵਾਲਾ ਪਾਣੀ ਅੱਗੇ ਗੰਡਕ ਦਰਿਆ ਰਸਤੇ ਬਿਹਾਰ ਪਹੁੰਚ ਸਕਦਾ ਹੈ। ਇਸੇ ਸੰਭਾਵਨਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਰਾਹਤ ਅਤੇ ਬਚਾਅ ਦੇ ਸਾਧਨਾਂ ਦੀ ਅਗਾਊਂ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ।
ਸੰਭਾਵੀ ਖ਼ਤਰੇ ਨੂੰ ਦੇਖਦਿਆਂ ਗੋਪਾਲਗੰਜ ਵਿਚ NDRF ਦੀ ਇਕ ਟੀਮ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਬੇਤੀਆ 'ਚ ਵੀ ਕਰੀਬ ਦੋ ਘੰਟਿਆਂ ਦੇ ਅੰਦਰ NDRF ਟੀਮ ਦੀ ਤਾਇਨਾਤੀ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮੁਜ਼ੱਫਰਪੁਰ 'ਚ ਇਕ ਟੀਮ ਨੂੰ ਸਟੈਂਡਬਾਈ ’ਤੇ ਰੱਖਿਆ ਜਾਵੇਗਾ, ਤਾਂ ਜੋ ਲੋੜ ਪੈਣ ’ਤੇ ਉਸ ਨੂੰ ਪ੍ਰਭਾਵਿਤ ਖੇਤਰ 'ਚ ਭੇਜਿਆ ਜਾ ਸਕੇ।
SSB ਵੱਲੋਂ ਵੀ ਲੋੜ ਪੈਣ ’ਤੇ ਤੁਰੰਤ ਕਾਰਵਾਈ ਦਲ ਤੇ ਹੋਰ ਸਹਾਇਤਾ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਵਾਧੂ NDRF-SDRF ਟੀਮਾਂ ਨੂੰ ਵੀ ਲੋੜ ਅਨੁਸਾਰ ਤਿਆਰ ਰੱਖਣ ਲਈ ਕਿਹਾ ਹੈ।
ਜਲ ਸਰੋਤ ਵਿਭਾਗ ਨੂੰ ਗੰਡਕ ਬੈਰਾਜ ਦੇ ਸਾਰੇ ਗੇਟਾਂ ਤੇ ਸਬੰਧਤ ਨਹਿਰਾਂ ਦੇ ਸੰਚਾਲਨ ਰਾਹੀਂ ਪਾਣੀ ਦੇ ਵਹਾਅ ਦਾ ਸੁਰੱਖਿਅਤ ਪ੍ਰਬੰਧਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਜੀਨੀਅਰਾਂ ਨੂੰ ਤਟਬੰਧਾਂ ਅਤੇ ਜਲ ਸਰੋਤਾਂ ਨਾਲ ਜੁੜੇ ਢਾਂਚਿਆਂ ਦੀ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਸੰਵੇਦਨਸ਼ੀਲ ਥਾਵਾਂ ’ਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੰਭਾਵੀ ਪ੍ਰਭਾਵਿਤ ਆਬਾਦੀ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਿਆਂ 'ਚ ਨਿਕਾਸੀ ਯੋਜਨਾ ਤਿਆਰ ਰੱਖਣ ਲਈ ਕਿਹਾ ਗਿਆ ਹੈ। ਲੋੜੀਂਦੀ ਗਿਣਤੀ 'ਚ ਕਿਸ਼ਤੀਆਂ, ਰਾਹਤ ਕੇਂਦਰ ਅਤੇ ਕਮਿਊਨਿਟੀ ਰਸੋਈਆਂ ਦੀ ਵਿਵਸਥਾ ਵੀ ਪਹਿਲਾਂ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੂੰ ਦਰਿਆ ਕੰਢੇ ਤੇ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸਥਿਤੀ ਦੀ ਜਾਣਕਾਰੀ ਦੇਣ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਸਰਕਾਰ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਨਿਯਮਤ ਮੀਡੀਆ ਬ੍ਰੀਫਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਫ਼ਵਾਹਾਂ ’ਤੇ ਰੋਕ ਲਗਾਉਣ ਲਈ ਸੋਸ਼ਲ ਮੀਡੀਆ ਦੀ ਨਿਗਰਾਨੀ ਵੀ ਵਧਾਉਣ ਲਈ ਕਿਹਾ ਗਿਆ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨੇਪਾਲ 'ਚ ਫਲੈਸ਼ ਫਲੱਡ ਅਤੇ ਗੰਡਕ ਦਰਿਆ 'ਚ ਸੰਭਾਵੀ ਪਾਣੀ ਦੇ ਵਹਾਅ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਾਲਾਤ ਅਨੁਸਾਰ ਵਾਧੂ NDRF-SDRF ਟੀਮਾਂ, ਕਿਸ਼ਤੀਆਂ ਅਤੇ ਹੋਰ ਰਾਹਤ ਸਾਧਨਾਂ ਦੀ ਤੁਰੰਤ ਤਾਇਨਾਤੀ ਕੀਤੀ ਜਾਵੇਗੀ।