ਰੂਹ ਕੰਬਾਊ ਘਟਨਾ: ਸੱਟੇਬਾਜ਼ ਪਤੀ ਨੇ ਹੋਮਗਾਰਡ ਪਤਨੀ 'ਤੇ ਚਾਕੂ ਨਾਲ ਕੀਤੇ 20 ਵਾਰ, ਕਤਲ ਤੋਂ ਪਹਿਲਾਂ ਬਣਾਈ ਵੀਡੀਓ
ਵੀਡੀਓ ਵਿੱਚ ਉਸ ਨੇ ਅੱਗੇ ਆਪਣੀ ਖ਼ੌਫ਼ਨਾਕ ਸਾਜ਼ਿਸ਼ ਦਾ ਖੁਲਾਸਾ ਕਰਦੇ ਹੋਏ ਕਿਹਾ, "ਮੈਂ ਆਪਣੀ ਪਤਨੀ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਂ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕਰਕੇ ਸਾਡੇ ਵਿਚਕਾਰਲੇ ਮੁੱਦਿਆਂ ਨੂੰ ਸੁਲਝਾਉਣ ਦੀ ਗੱਲ ਕਹੀ ਸੀ। ਮੈਨੂੰ ਪਤਾ ਸੀ ਕਿ ਉਹ ਸ਼ਾਮ ਨੂੰ ਕੰਮ ਤੋਂ ਘਰ ਪਰਤੇਗੀ
Publish Date: Mon, 15 Jun 2026 03:59 PM (IST)
Updated Date: Mon, 15 Jun 2026 04:06 PM (IST)
ਡਿਜੀਟਲ ਡੈਸਕ, ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਮਹਾਦੇਵਪੁਰਾ ਇਲਾਕੇ ਤੋਂ ਇੱਕ ਰੂਹ ਕੰਬਾਊ ਘਰੇਲੂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਆਨਲਾਈਨ ਸੱਟੇਬਾਜ਼ੀ ਦੀ ਲਤ ਵਿੱਚ ਡੁੱਬੇ ਇੱਕ ਸ਼ਖਸ ਨੇ ਆਪਣੇ ਹੀ ਦੋ ਮਾਸੂਮ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਆਪਣੀ ਹੋਮ ਗਾਰਡ ਪਤਨੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 32 ਸਾਲਾ ਮੰਜੁਲਾ ਵਜੋਂ ਹੋਈ ਹੈ, ਜੋ ਮਹਾਦੇਵਪੁਰਾ ਥਾਣੇ ਵਿੱਚ ਤਾਇਨਾਤ ਸੀ।
ਪੁਲਿਸ ਅਨੁਸਾਰ ਮੁਲਜ਼ਮ ਪਤੀ ਪ੍ਰਦੀਪ ਸੱਟੇਬਾਜ਼ੀ ਵਿੱਚ ਕਰੀਬ 7 ਤੋਂ 8 ਲੱਖ ਰੁਪਏ ਹਾਰ ਚੁੱਕਾ ਸੀ ਅਤੇ ਕਰਜ਼ੇ ਕਾਰਨ ਹੋਏ ਪਾਰਿਵਾਰਿਕ ਕਲੇਸ਼ ਕਰਕੇ ਮੰਜੁਲਾ ਉਸ ਤੋਂ ਵੱਖ ਆਪਣੇ ਪੇਕੇ ਘਰ ਰਹਿ ਰਹੀ ਸੀ। ਐਤਵਾਰ ਸ਼ਾਮ ਨੂੰ ਮੁਲਜ਼ਮ ਸੁਲ੍ਹਾ ਕਰਨ ਅਤੇ ਮਾਫ਼ੀ ਮੰਗਣ ਦੇ ਬਹਾਨੇ ਆਪਣੀ ਜੈਕਟ ਵਿੱਚ ਚਾਕੂ ਛੁਪਾ ਕੇ ਸਹੁਰੇ ਘਰ ਪਹੁੰਚਿਆ ਅਤੇ ਪੈਰਾਂ ਵਿੱਚ ਡਿੱਗਣ ਦਾ ਨਾਟਕ ਕਰਦਿਆਂ ਮੰਜੁਲਾ 'ਤੇ ਲਗਾਤਾਰ 20 ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁੱਢਲੀ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਦੱਸਿਆ ਕਿ ਪ੍ਰਦੀਪ ਨੂੰ ਆਨਲਾਈਨ ਸੱਟੇਬਾਜ਼ੀ ਦੀ ਲਤ ਲੱਗ ਚੁੱਕੀ ਸੀ ਅਤੇ ਉਹ ਆਰਥਿਕ ਤੇ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਕਤਲ ਤੋਂ ਪਹਿਲਾਂ ਉਸ ਨੇ ਇੱਕ ਸੈਲਫੀ ਵੀਡੀਓ ਰਿਕਾਰਡ ਕੀਤੀ ਸੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਸੱਟੇਬਾਜ਼ੀ ਦੀ ਲਤ ਨੇ ਉਸ ਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਕਿਹਾ ਸੀ ਕਿ ਉਹ ਅਤੇ ਉਸ ਦੀ ਪਤਨੀ ਦੋਵੇਂ ਮਰ ਜਾਣਗੇ।
ਵਾਰਦਾਤ ਤੋਂ ਪਹਿਲਾਂ ਬਣਾਈ ਖ਼ੌਫ਼ਨਾਕ ਸੈਲਫੀ ਵੀਡੀਓ
ਪ੍ਰਦੀਪ ਨੇ ਇੱਕ ਸੈਲਫੀ ਵੀਡੀਓ ਵਿੱਚ ਆਪਣੀ ਬਰਬਾਦੀ ਦਾ ਸੱਚ ਕਬੂਲ ਕਰਦਿਆਂ ਕਿਹਾ, "ਆਨਲਾਈਨ ਗੇਮਿੰਗ ਕਾਰਨ ਮੇਰੀ ਵਿਆਹੁਤਾ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ। ਮੇਰੀ ਪਤਨੀ ਅਤੇ ਬੱਚੇ ਸੜਕ 'ਤੇ ਆ ਗਏ। ਅੱਜ ਅਸੀਂ ਦੋਵੇਂ ਮਰ ਰਹੇ ਹਾਂ। ਜ਼ਿੰਦਗੀ ਵਿੱਚ ਪੈਸਾ ਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ।" ਉਸ ਨੇ ਲੋਕਾਂ ਨੂੰ ਨਸੀਹਤ ਦਿੰਦਿਆਂ ਆਨਲਾਈਨ ਗੇਮਾਂ ਨਾ ਖੇਡਣ ਦੀ ਸਲਾਹ ਵੀ ਦਿੱਤੀ।
ਵੀਡੀਓ ਵਿੱਚ ਉਸ ਨੇ ਅੱਗੇ ਆਪਣੀ ਖ਼ੌਫ਼ਨਾਕ ਸਾਜ਼ਿਸ਼ ਦਾ ਖੁਲਾਸਾ ਕਰਦੇ ਹੋਏ ਕਿਹਾ, "ਮੈਂ ਆਪਣੀ ਪਤਨੀ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਂ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕਰਕੇ ਸਾਡੇ ਵਿਚਕਾਰਲੇ ਮੁੱਦਿਆਂ ਨੂੰ ਸੁਲਝਾਉਣ ਦੀ ਗੱਲ ਕਹੀ ਸੀ। ਮੈਨੂੰ ਪਤਾ ਸੀ ਕਿ ਉਹ ਸ਼ਾਮ ਨੂੰ ਕੰਮ ਤੋਂ ਘਰ ਪਰਤੇਗੀ। ਜੇਕਰ ਮੈਂ ਉਸ ਤੋਂ ਮਾਫ਼ੀ ਮੰਗੀ ਅਤੇ ਉਸ ਨੇ ਮੇਰੇ ਕੋਲ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਉਸ ਨੂੰ ਤੁਰੰਤ ਮਾਰ ਦਿਆਂਗਾ। ਮੇਰੀ ਪਤਨੀ ਅਸਲ ਵਿੱਚ ਬਹੁਤ ਚੰਗੀ ਇਨਸਾਨ ਹੈ ਪਰ ਉਹ ਆਪਣੇ ਪੇਕੇ ਵਾਲਿਆਂ ਦੇ ਬਹਿਕਾਵੇ ਵਿੱਚ ਹੈ।" ਵੀਡੀਓ ਦੇ ਅਖੀਰ ਵਿੱਚ ਉਸ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਮਾਫ਼ੀ ਵੀ ਮੰਗੀ।
ਮ੍ਰਿਤਕ ਮੰਜੁਲਾ ਦੀ ਮਾਂ (ਮੁਲਜ਼ਮ ਦੀ ਸੱਸ) ਨੇ ਮੀਡੀਆ ਨੂੰ ਇਸ ਦਰਦਨਾਕ ਘਟਨਾ ਦੀ ਆਪਬੀਤੀ ਦੱਸਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪੁੱਤਰ ਇੱਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਗਏ ਸਨ ਅਤੇ ਸ਼ਾਮ ਕਰੀਬ 7 ਵਜੇ ਜਦੋਂ ਦੋਵੇਂ ਘਰ ਪਰਤੇ ਤਾਂ ਉੱਥੇ ਪ੍ਰਦੀਪ ਪਹਿਲਾਂ ਹੀ ਮੌਜੂਦ ਸੀ। ਉਹ ਮੰਜੁਲਾ ਦੇ ਸਾਹਮਣੇ ਗਿੜਗਿੜਾ ਰਿਹਾ ਸੀ ਅਤੇ ਰੋ-ਰੋ ਕੇ ਆਪਣੀਆਂ ਗਲਤੀਆਂ ਦੀ ਮਾਫ਼ੀ ਮੰਗ ਰਿਹਾ ਸੀ। ਪ੍ਰਦੀਪ ਨੂੰ ਇਸ ਤਰ੍ਹਾਂ ਪਛਤਾਵਾ ਕਰਦੇ ਦੇਖ ਕੇ ਮਾਂ ਅਤੇ ਪੁੱਤਰ ਦੋਵੇਂ ਬੇਫ਼ਿਕਰ ਹੋ ਗਏ ਅਤੇ ਹੱਥ-ਮੂੰਹ ਧੋਣ ਤੇ ਨਹਾਉਣ ਲਈ ਚਲੇ ਗਏ।
ਇਸੇ ਦੌਰਾਨ, ਪ੍ਰਦੀਪ ਨੇ ਮੰਜੁਲਾ ਤੋਂ ਮਾਫ਼ੀ ਮੰਗਣ ਅਤੇ ਉਸ ਦੇ ਪੈਰਾਂ ਵਿੱਚ ਡਿੱਗਣ ਦਾ ਢੋਂਗ ਰਚਿਆ। ਜਿਵੇਂ ਹੀ ਉਹ ਮੰਜੁਲਾ ਦੇ ਪੈਰਾਂ ਕੋਲ ਝੁਕਿਆ, ਉਸ ਨੇ ਅਚਾਨਕ ਮੰਜੁਲਾ ਦੀਆਂ ਲੱਤਾਂ ਖਿੱਚ ਕੇ ਉਸ ਨੂੰ ਜ਼ਮੀਨ 'ਤੇ ਪਟਕ ਦਿੱਤਾ। ਇਸ ਤੋਂ ਪਹਿਲਾਂ ਕਿ ਮੰਜੁਲਾ ਮਦਦ ਲਈ ਰੌਲਾ ਪਾਉਂਦੀ, ਪ੍ਰਦੀਪ ਨੇ ਆਪਣੀ ਜੈਕਟ ਵਿੱਚ ਲੁਕਾ ਕੇ ਰੱਖਿਆ ਚਾਕੂ ਕੱਢਿਆ ਅਤੇ ਉਸ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਲਹੂ-ਲੁਹਾਨ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਮੰਜੁਲਾ ਨੂੰ ਜਦੋਂ ਪਰਿਵਾਰ ਵਾਲੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਲੈ ਕੇ ਭੱਜੇ ਤਾਂ ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।