ਨਰਾਤਿਆਂ ਦੌਰਾਨ ਵੱਡਾ ਹਾਦਸਾ : ਬੇਕਾਬੂ ਟਰੱਕ ਨੇ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਕੁਚਲਿਆ, 12 ਦੀ ਮੌਤ; 39 ਜ਼ਖ਼ਮੀ
ਐੱਸਐੱਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਨਵਰਾਤਰੀ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ ਜਾ ਰਹੇ ਸਨ। ਛਿਨੌਰ ਵੱਲ ਜਾਣ ਵਾਲੀ ਸੜਕ 'ਤੇ ਢਲਾਣ ਕਾਫ਼ੀ ਤਿੱਖੀ ਹੈ, ਜਿੱਥੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਹੈ।
Publish Date: Sun, 18 Oct 2026 08:05 AM (IST)
Updated Date: Sun, 18 Oct 2026 08:13 AM (IST)
ਡਿਜੀਟਲ ਡੈਸਕ, ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸੀਤਲਾ ਮਾਤਾ ਮੰਦਰ ਨੇੜੇ ਸ਼ਨੀਵਾਰ ਦੇਰ ਰਾਤ ਇੱਕ ਬੇਕਾਬੂ ਟਰੱਕ ਦੀ ਲਪੇਟ 'ਚ ਆਉਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 39 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਰਾਤ ਲਗਪਗ 1:30 ਵਜੇ ਛਿਨੌਰ ਵੱਲੋਂ ਆਉਣ ਵਾਲੀ ਸੜਕ 'ਤੇ ਵਾਪਰਿਆ।
ਗਵਾਲੀਅਰ ਦੇ ਐੱਸਐੱਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਨਵਰਾਤਰੀ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ ਜਾ ਰਹੇ ਸਨ। ਛਿਨੌਰ ਵੱਲ ਜਾਣ ਵਾਲੀ ਸੜਕ 'ਤੇ ਢਲਾਣ ਕਾਫ਼ੀ ਤਿੱਖੀ ਹੈ, ਜਿੱਥੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਨਾਲ ਲੱਦਿਆ ਇੱਕ ਟਰੱਕ ਪੁਲਿਸ ਬੈਰੀਕੇਡ ਤੋੜ ਕੇ ਅਚਾਨਕ ਬੇਕਾਬੂ ਹੋ ਗਿਆ। ਟਰੱਕ ਢਲਾਣ ਤੋਂ ਹੇਠਾਂ ਆਇਆ ਅਤੇ ਮੰਦਰ ਦੀ ਬਾਹਰੀ ਕੰਧ ਤੇ ਗੇਟ ਨਾਲ ਜਾ ਟਕਰਾਇਆ। ਸੜਕ 'ਤੇ ਮੌਜੂਦ ਸ਼ਰਧਾਲੂ ਇਸ ਦੀ ਲਪੇਟ 'ਚ ਆ ਗਏ। ਮੌਕੇ 'ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਐੱਸਐੱਸਪੀ ਮੁਤਾਬਕ, ਹੁਣ ਤੱਕ 39 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿਨ੍ਹਾਂ 'ਚੋਂ 12 ਦੀ ਮੌਤ ਹੋ ਚੁੱਕੀ ਹੈ। 5 ਤੋਂ 6 ਮਰੀਜ਼ ਗੰਭੀਰ ਰੂਪ 'ਚ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਫ੍ਰੈਕਚਰ ਹੋਏ ਹਨ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਰੁਚਿਕਾ ਚੌਹਾਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਅਤੇ ਹੋਰ ਵਾਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ। ਉਨ੍ਹਾਂ ਮੁਤਾਬਕ, ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਤੋਂ 6 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਲਗਪਗ 29 ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਹਨ।
— IANS (@ians_india) October 17, 2026
ਉਨ੍ਹਾਂ ਕਿਹਾ ਕਿ ਨਵਰਾਤਰੀ ਦੌਰਾਨ ਉਸ ਸੜਕ 'ਤੇ ਸਟੌਪਰ ਅਤੇ ਪੁਲਿਸ ਚੈੱਕ-ਪੋਸਟ ਮੌਜੂਦ ਸੀ। ਟਰੱਕ ਅੰਦਰ ਕਿਵੇਂ ਆ ਗਿਆ, ਇਹ ਜਾਂਚ ਦਾ ਵਿਸ਼ਾ ਹੈ। ਟਰੱਕ ਦੀ ਮਕੈਨੀਕਲ ਜਾਂਚ ਲਈ ਆਰਟੀਓ ਦੀ ਟੀਮ ਭੇਜੀ ਗਈ ਹੈ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਪਗ 1 ਵਜੇ ਵਾਪਰੀ। ਮੈਂ ਕੁਝ ਲੋਕਾਂ ਨੂੰ ਮੌਕੇ 'ਤੇ ਹੀ ਦਮ ਤੋੜਦੇ ਦੇਖਿਆ। ਟਰੱਕ 'ਚ ਉਸ ਦੀ ਸਮਰੱਥਾ ਤੋਂ ਵੱਧ ਸਾਮਾਨ ਲੱਦਿਆ ਹੋਇਆ ਸੀ। ਉਹ ਅਚਾਨਕ ਆਇਆ ਅਤੇ ਕੁਝ ਦੁਕਾਨਾਂ ਤੇ ਲੋਕਾਂ ਨੂੰ ਕੁਚਲਦਾ ਹੋਇਆ ਲੰਘ ਗਿਆ। ਮੇਰੇ ਭਰਾ ਨੂੰ ਵੀ ਸੱਟਾਂ ਲੱਗੀਆਂ ਹਨ। ਘਟਨਾ ਵਾਲੀ ਥਾਂ 'ਤੇ ਅਜੇ ਵੀ ਹਫੜਾ-ਦਫੜੀ ਦਾ ਮਾਹੌਲ ਹੈ। ਹਾਦਸੇ ਤੋਂ ਬਾਅਦ ਹਸਪਤਾਲ 'ਚ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।