19ਵੀਂ ਮੰਜ਼ਿਲ ਤੋਂ ਡਿੱਗੇ ਦੋ ਮਜ਼ਦੂਰ, ਇਕ ਦੀ ਮੌਤ ਤੋਂ ਬਾਅਦ ਹੰਗਾਮਾ; ਪੁਲਿਸ ਦੀ ਗੱਡੀ 'ਚ ਭੰਨਤੋੜ ਤੇ ਹਮਲਾ
Gurugram ਦੇ ਸੈਕਟਰ-113 'ਚ ਨਿਰਮਾਣ ਅਧੀਨ ਸਮਾਰਟ ਵਰਲਡ ਬਿਲਡਿੰਗ ਦੀ 19ਵੀਂ ਮੰਜ਼ਿਲ ਤੋਂ ਦੋ ਮਜ਼ਦੂਰ ਡਿੱਗ ਗਏ ਜਿਸ ਕਾਰਨ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਮਜ਼ਦੂਰਾਂ ਨੇ ਹੰਗਾਮਾ ਕਰਦਿਆਂ ਠੇਕੇਦਾਰ ਤੇ ਪੁਲਿਸ ਮੁਲਾਜ਼ਮ 'ਤੇ ਹਮਲਾ ਕੀਤਾ ਅਤੇ ਪੁਲਿਸ ਦੀ ਗੱਡੀ 'ਚ ਭੰਨਤੋੜ ਕੀਤੀ।
Publish Date: Sat, 19 Sep 2026 01:19 PM (IST)
Updated Date: Sat, 19 Sep 2026 01:22 PM (IST)
ਜਾਗਰਣ ਸੰਵਾਦਦਾਤਾ, ਗੁਰੂਗ੍ਰਾਮ : ਬਜਘੇੜਾ ਥਾਣਾ ਖੇਤਰ ਦੇ ਸੈਕਟਰ-113 'ਚ ਨਿਰਮਾਣ ਅਧੀਨ ਸਮਾਰਟ ਵਰਲਡ ਬਿਲਡਿੰਗ ਦੀ 19ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਮਜ਼ਦੂਰਾਂ ਨੇ ਬਿਲਡਰ ਅਤੇ ਠੇਕੇਦਾਰ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਜੰਮ ਕੇ ਹੰਗਾਮਾ ਕੀਤਾ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਵਿਚ-ਬਚਾਅ ਕਰਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 19 ਸਾਲਾ ਦਿਲਖੁਸ਼ ਵਜੋਂ ਹੋਈ ਹੈ, ਜੋ ਕਟਿਹਾਰ ਦਾ ਰਹਿਣ ਵਾਲਾ ਸੀ।
ਉੱਥੇ ਹੀ ਜ਼ਖ਼ਮੀ ਮਜ਼ਦੂਰ 29 ਸਾਲਾ ਵਾਸੂਦੇਵ ਹੈ, ਜੋ ਬੰਗਾਲ ਦੇ ਦੱਖਣੀ ਪਰਗਨਾ ਦਾ ਰਹਿਣ ਵਾਲਾ ਹੈ। ਉਸ ਦਾ ਹੱਥ ਟੁੱਟ ਗਿਆ ਹੈ। ਮਜ਼ਦੂਰਾਂ ਨੇ ਦੱਸਿਆ ਕਿ ਸੈਕਟਰ-113 'ਚ ਸਮਾਰਟ ਵਰਲਡ ਨਾਂ ਦੀ ਬਿਲਡਿੰਗ ਦਾ ਨਿਰਮਾਣ ਚੱਲ ਰਿਹਾ ਹੈ।
ਸ਼ੁੱਕਰਵਾਰ ਸ਼ਾਮ 19ਵੀਂ ਮੰਜ਼ਿਲ ਤੋਂ ਡਿੱਗੇ ਸਨ ਦੋ ਮਜ਼ਦੂਰ
ਇੱਥੇ ਕਈ ਮਹੀਨਿਆਂ ਤੋਂ ਮਜ਼ਦੂਰ ਕੰਮ ਕਰ ਰਹੇ ਹਨ। ਸ਼ੁੱਕਰਵਾਰ ਸ਼ਾਮ ਕੁਝ ਮਜ਼ਦੂਰ 19ਵੀਂ ਮੰਜ਼ਿਲ 'ਤੇ ਕੰਮ ਕਰ ਰਹੇ ਸਨ। ਇਸੇ ਦੌਰਾਨ ਪੈਰ ਫਿਸਲਣ ਕਾਰਨ ਦਿਲਖੁਸ਼ ਅਤੇ ਵਾਸੂਦੇਵ ਹੇਠਾਂ ਡਿੱਗ ਗਏ। ਦਿਲਖੁਸ਼ ਸਿੱਧਾ ਹੇਠਾਂ ਆ ਕੇ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਵਾਸੂਦੇਵ ਨੇ ਡਿੱਗਦੇ ਸਮੇਂ ਲੋਹੇ ਦੀ ਸਰਿਆ ਫੜ ਲਈ, ਜਿਸ ਕਾਰਨ ਉਸ ਦੇ ਹੱਥ 'ਤੇ ਗੰਭੀਰ ਸੱਟ ਲੱਗੀ। ਮੌਕੇ 'ਤੇ ਮੌਜੂਦ ਹੋਰ ਮਜ਼ਦੂਰਾਂ ਨੇ ਉਸ ਨੂੰ ਬਚਾ ਲਿਆ।
ਮਜ਼ਦੂਰਾਂ ਦਾ ਦੋਸ਼ ਹੈ ਕਿ ਸਾਈਟ 'ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਹੀਂ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਹੀ ਬਜਘੇੜਾ ਥਾਣਾ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਇਸ ਨੂੰ ਮਹਿਜ਼ ਹਾਦਸਾ ਦੱਸਿਆ। ਉਨ੍ਹਾਂ ਕਿਹਾ ਕਿ ਹਾਲੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਮਜ਼ਦੂਰਾਂ ਨੇ ਵੀ ਕੋਈ ਦੋਸ਼ ਨਹੀਂ ਲਗਾਇਆ।
ਪੁਲਿਸ ਦੀ ਗੱਡੀ 'ਚ ਭੰਨਤੋੜ, ਠੇਕੇਦਾਰ ਤੇ ਪੁਲਿਸ ਮੁਲਾਜ਼ਮ 'ਤੇ ਹਮਲਾ
ਗੁੱਸੇ 'ਚ ਆਏ ਮਜ਼ਦੂਰਾਂ ਨੇ ਠੇਕੇਦਾਰ ਸੱਦਾਮ 'ਤੇ ਸੁਰੱਖਿਆ ਉਪਕਰਨ ਨਾ ਦੇਣ ਦਾ ਦੋਸ਼ ਲਗਾਉਂਦਿਆਂ ਉਸ ਨੂੰ ਦੌੜਾ-ਦੌੜਾ ਕੇ ਕੁੱਟਿਆ। ਵਿਚ-ਬਚਾਅ ਕਰਨ ਆਏ ਹੈੱਡ ਕਾਂਸਟੇਬਲ ਵਿਨੋਦ 'ਤੇ ਵੀ ਹਮਲਾ ਕਰ ਦਿੱਤਾ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਦੀ ਈਆਰਵੀ ਗੱਡੀ 'ਤੇ ਵੀ ਹਮਲਾ ਕਰਕੇ ਉਸ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਹਾਲਾਤ ਵਿਗੜਦੇ ਦੇਖ ਬਜਘੇੜਾ ਥਾਣਾ ਪੁਲਿਸ ਭਾਰੀ ਬਲ ਨਾਲ ਮੌਕੇ 'ਤੇ ਪਹੁੰਚੀ ਅਤੇ ਸਥਿਤੀ 'ਤੇ ਕਾਬੂ ਪਾਇਆ।