
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਂਥਾਪੁਰਮ ਏਪੀ ਅਬੂ ਬਕਰ ਮੁਸਲਿਆਰ ਦੇ ਨਾਂ ਨਾਲ ਜਾਣੇ ਜਾਂਦੇ ਗ੍ਰੈਂਡ ਮੁਫ਼ਤੀ ਸ਼ੇਖ ਅਬੂ ਬਕਰ ਅਹਿਮਦ ਨੇ ਕੋਚੀ ’ਚ ਹੁੱਬੁਲ ਰਸੂਲ ਸੰਮੇਲਨ ਦੌਰਾਨ ਔਰਤਾਂ ਦੀ ਤੁਲਨਾ ਸੋਨੇ ਦੇ ਗਹਿਣਿਆਂ ਨਾਲ ਕੀਤੀ। ਉਨ੍ਹਾਂ ਤਰਕ ਦਿੱਤਾ ਕਿ ਜਿਸ ਤਰ੍ਹਾਂ ਗਹਿਣਿਆਂ ਦੀ ਸੁੰਦਰਤਾ ਕਾਇਮ ਰੱਖਣ ਲਈ ਉਨ੍ਹਾਂ ਨੂੰ ਡੱਬੇ ਵਿਚ ਬੰਦ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਇਸਲਾਮ ਨੇ ਵੀ ਉਨ੍ਹਾਂ ਦੀ ਮਰਿਆਦਾ ਤੇ ਸੁਰੱਖਿਆ ਲਈ ਪਰਦਾ ਪ੍ਰਥਾ ਨਿਰਧਾਰਤ ਕੀਤੀ ਹੈ।

ਡਿਜੀਟਲ ਡੈਸਕ, ਤਿਰੂਵਨੰਤਪੁਰਮ : ਕੇਰਲਮ ’ਚ ਗ੍ਰੈਂਡ ਮੁਫ਼ਤੀ ਸ਼ੇਖ ਅਬੂ ਬਕਰ ਅਹਿਮਦ ਨੇ ਔਰਤਾਂ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਹੈ। ਕੋਚੀ ’ਚ ਕਰਵਾਏ ਗਏ ‘ਹੁੱਬੁਲ ਰਸੂਲ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਘਰਾਂ ਤਕ ਹੀ ਸੀਮਤ ਰਹਿਣਾ ਚਾਹੀਦਾ ਹੈ ਤੇ ਬਾਹਰ ਨਹੀਂ ਨਿਕਲਣਾ ਚਾਹੀਦਾ, ਕਿਉਂਕਿ ਉਨ੍ਹਾਂ ਨੂੰ ਜਨਤਕ ਖੇਤਰ ’ਚ ਲਿਆਉਣ ਨਾਲ ਭਾਰੀ ਤਬਾਹੀ ਹੋ ਸਕਦੀ ਹੈ।
ਦਰਅਸਲ, ਕਾਂਥਾਪੁਰਮ ਏਪੀ ਅਬੂ ਬਕਰ ਮੁਸਲਿਆਰ ਦੇ ਨਾਂ ਨਾਲ ਜਾਣੇ ਜਾਂਦੇ ਗ੍ਰੈਂਡ ਮੁਫ਼ਤੀ ਸ਼ੇਖ ਅਬੂ ਬਕਰ ਅਹਿਮਦ ਨੇ ਕੋਚੀ ’ਚ ਹੁੱਬੁਲ ਰਸੂਲ ਸੰਮੇਲਨ ਦੌਰਾਨ ਔਰਤਾਂ ਦੀ ਤੁਲਨਾ ਸੋਨੇ ਦੇ ਗਹਿਣਿਆਂ ਨਾਲ ਕੀਤੀ। ਉਨ੍ਹਾਂ ਤਰਕ ਦਿੱਤਾ ਕਿ ਜਿਸ ਤਰ੍ਹਾਂ ਗਹਿਣਿਆਂ ਦੀ ਸੁੰਦਰਤਾ ਕਾਇਮ ਰੱਖਣ ਲਈ ਉਨ੍ਹਾਂ ਨੂੰ ਡੱਬੇ ਵਿਚ ਬੰਦ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਇਸਲਾਮ ਨੇ ਵੀ ਉਨ੍ਹਾਂ ਦੀ ਮਰਿਆਦਾ ਤੇ ਸੁਰੱਖਿਆ ਲਈ ਪਰਦਾ ਪ੍ਰਥਾ ਨਿਰਧਾਰਤ ਕੀਤੀ ਹੈ।
ਅਬੂ ਬਕਰ ਨੇ ਕਿਹਾ, 'ਔਰਤਾਂ ਨੂੰ ਆਪਣੇ ਘਰਾਂ ਤਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਜਨਤਕ ਖੇਤਰ ਵਿਚ ਦਾਖ਼ਲ ਨਹੀਂ ਹੋਣਾ ਚਾਹੀਦਾ। ਪਵਿੱਤਰ ਕੁਰਾਨ ਵੀ ਇਹੀ ਕਹਿੰਦਾ ਹੈ। ਇਸ ਦਾ ਉਦੇਸ਼ ਔਰਤਾਂ ਨੂੰ ਨੀਵਾਂ ਦਿਖਾਉਣਾ ਨਹੀਂ ਸੀ, ਸਗੋਂ ਉਨ੍ਹਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਸੀ।'
ਦੱਸਣਯੋਗ ਹੈ ਕਿ ਧਰਮਗੁਰੂ ਗ੍ਰੈਂਡ ਮੁਫ਼ਤੀ ਸ਼ੇਖ ਅਬੂ ਬਕਰ ਅਹਿਮਦ ਆਲ ਇੰਡੀਆ ਸੁੰਨੀ ਜਮੀਆਤੁਲ ਉਲਮਾ ਤੇ ਸਮਸਤਾ ਕੇਰਲ ਜਮੀਆਤੁਲ ਉਲਮਾ ਦੋਵਾਂ ਦੇ ਜਨਰਲ ਸਕੱਤਰ ਵੀ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਸੋਨੇ ਦਾ ਹਾਰ ਖਰੀਦਦਾ ਹੈ ਤਾਂ ਉਸ ਨੂੰ ਅਲਮਾਰੀ ’ਚੋਂ, ਫਿਰ ਡੱਬੇ ’ਚੋਂ ਅਤੇ ਅੰਤ ’ਚ ਉਸ ਦੀ ਪੈਕਿੰਗ ’ਚੋਂ ਬਹੁਤ ਸਾਵਧਾਨੀ ਨਾਲ ਕੱਢ ਕੇ ਦਿਖਾਇਆ ਜਾਂਦਾ ਹੈ।
ਇਸ ਦੇ ਉਲਟ ਉਨ੍ਹਾਂ ਨੇ ਨੇੜੇ ਦੀ ਇਕ ਦੁਕਾਨ ਦੀ ਤੁਲਨਾ ਕੀਤੀ, ਜਿੱਥੇ ਪੱਥਰ ਦੀਆਂ ਚੱਕੀਆਂ ਵੇਚੀਆਂ ਜਾਂਦੀਆਂ ਸਨ। ਉਨ੍ਹਾਂ ਮੁਤਾਬਕ ਇਨ੍ਹਾਂ ਨੂੰ ਸੜਕ ਕਿਨਾਰੇ ਰੱਖ ਦਿੱਤਾ ਜਾਂਦਾ ਸੀ ਅਤੇ ਲੋਕ ਆਉਂਦੇ-ਜਾਂਦੇ ਉਨ੍ਹਾਂ ’ਤੇ ਪੈਰ ਰੱਖ ਦਿੰਦੇ ਸਨ। ਕਾਂਥਾਪੁਰਮ ਨੇ ਤਰਕ ਦਿੱਤਾ ਕਿ ਜੇਕਰ ਸੋਨੇ ਦਾ ਹਾਰ ਵੀ ਇਸੇ ਤਰ੍ਹਾਂ ਸੜਕ ਕਿਨਾਰੇ ਛੱਡ ਦਿੱਤਾ ਜਾਵੇ ਤਾਂ ਹਰ ਲੰਘਣ ਵਾਲਾ ਵਿਅਕਤੀ ਉਸ ਨੂੰ ਛੂਹੇਗਾ, ਜਿਸ ਨਾਲ ਉਸ ਦੀ ਸੁੰਦਰਤਾ ਅਤੇ ਕੀਮਤ ਨਸ਼ਟ ਹੋ ਜਾਵੇਗੀ।
ਇਸੇ ਉਦਾਹਰਨ ਨੂੰ ਔਰਤਾਂ ’ਤੇ ਲਾਗੂ ਕਰਦਿਆਂ ਉਨ੍ਹਾਂ ਤਰਕ ਦਿੱਤਾ, “ਜੇ ਹਾਰ ਦੀ ਸੁੰਦਰਤਾ ਬਰਕਰਾਰ ਰੱਖਣੀ ਹੈ ਤਾਂ ਉਸ ਨੂੰ ਡੱਬੇ ਵਿਚ ਸੁਰੱਖਿਅਤ ਰੱਖਣਾ ਹੋਵੇਗਾ। ਜੇ ਔਰਤਾਂ ਨੂੰ ਇਸ ਤਰ੍ਹਾਂ ਜਨਤਕ ਖੇਤਰ ਵਿਚ ਲਿਆਂਦਾ ਗਿਆ ਤਾਂ ਇਸ ਨਾਲ ਭਾਰੀ ਤਬਾਹੀ ਮਚੇਗੀ। ਇਸੇ ਕਾਰਨ ਇਸਲਾਮ ਨੇ ਔਰਤਾਂ ਲਈ ਪਰਦਾ ਪ੍ਰਥਾ ਨਿਰਧਾਰਤ ਕੀਤੀ ਹੈ।”
ਆਪਣੇ ਭਾਸ਼ਣ ’ਚ ਅਬੂ ਬਕਰ ਨੇ ਕਿਹਾ ਕਿ ਇਸਲਾਮ ਨੇ ਇਤਿਹਾਸਕ ਤੌਰ ’ਤੇ ਔਰਤਾਂ ਦੀ ਸਥਿਤੀ ਨੂੰ ਹਮੇਸ਼ਾ ਉੱਚਾ ਚੁੱਕਿਆ ਹੈ। ਉਨ੍ਹਾਂ ਇਸਲਾਮ ਤੋਂ ਪਹਿਲਾਂ ਅਰਬ ’ਚ ਪ੍ਰਚਲਿਤ ਕੰਨਿਆ ਭਰੂਣ ਹੱਤਿਆ ਤੇ ਬੱਚੀਆਂ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸਲਾਮ ਨੇ ਇਸ ’ਤੇ ਰੋਕ ਲਗਾਈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦੌਰ ’ਚ ਔਰਤਾਂ ਕੋਲ ਵਿਰਾਸਤ ਦਾ ਕੋਈ ਅਧਿਕਾਰ ਨਹੀਂ ਸੀ, ਉਸ ਸਮੇਂ ਇਸਲਾਮ ਨੇ ਉਨ੍ਹਾਂ ਨੂੰ ਜਾਇਦਾਦ ਦਾ ਅਧਿਕਾਰ ਦਿੱਤਾ।
ਅਬੂ ਬਕਰ ਨੇ ਤਰਕ ਦਿੱਤਾ, 'ਇਸਲਾਮ ਨੇ ਔਰਤਾਂ ਨੂੰ ਇਕ ਮਹਾਨ ਤੇ ਸਨਮਾਨਿਤ ਸਥਾਨ ਦਿੱਤਾ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਔਰਤਾਂ ਦੇ ਜਨਤਕ ਖੇਤਰ ’ਚ ਦਾਖ਼ਲੇ ’ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਨੂੰ ਵੀ ਉਨ੍ਹਾਂ ਪ੍ਰਤੀ ਅਨਾਦਰ ਨਹੀਂ, ਸਗੋਂ ਸਨਮਾਨ ਅਤੇ ਸੁਰੱਖਿਆ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਆਪਣੇ ਬਿਆਨ ’ਤੇ ਸਵਾਲ ਉਠਾਉਣ ਵਾਲੀਆਂ ਜਥੇਬੰਦੀਆਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਧਾਰਮਿਕ ਵਿਦਵਾਨਾਂ ਨੇ ਧਰਮ ਦਾ ਡੂੰਘਾ ਅਧਿਐਨ ਕੀਤਾ ਹੈ, ਇਸ ਲਈ ਇਸ ਬਾਰੇ ਬੋਲਣ ਦਾ ਅਧਿਕਾਰ ਅਤੇ ਫ਼ਰਜ਼ ਦੋਵੇਂ ਉਨ੍ਹਾਂ ਕੋਲ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ, 'ਅਸੀਂ ਧਰਮ ਦਾ ਅਧਿਐਨ ਕੀਤਾ ਹੈ, ਇਸ ਲਈ ਆਪਣੇ ਭਾਈਚਾਰੇ ਨੂੰ ਸਹੀ ਦਿਸ਼ਾ ਦਿਖਾਉਣਾ ਸਾਡਾ ਫ਼ਰਜ਼ ਹੈ। ਅਸੀਂ ਆਪਣੀ ਗੱਲ ਕਹਿੰਦੇ ਰਹਾਂਗੇ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ।'
ਅਬੂ ਬਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹੋਰ ਧਰਮਾਂ ਦੇ ਪੈਰੋਕਾਰਾਂ ਦੀਆਂ ਪਰੰਪਰਾਵਾਂ ’ਚ ਕਦੇ ਦਖ਼ਲ ਨਹੀਂ ਦਿੰਦੀ। ਠੀਕ ਉਸੇ ਤਰ੍ਹਾਂ, ਮੁਸਲਿਮ ਧਰਮਗੁਰੂਆਂ ਨੂੰ ਵੀ ਆਪਣੇ ਭਾਈਚਾਰੇ ਨੂੰ ਸੰਬੋਧਨ ਕਰਨ ਦੀ ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਾਈਚਾਰੇ ਨਾਲ ਗੱਲ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।