- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਤੇ ਮਲਾਹਾਂ ਦੀ ਸੁਰੱਖਿਆ ਦਾ ਦ੍ਰਿੜ੍ਹ ਸਮਰਥਕ ਹੈ। ਇਹ ਗੱਲ ਉਨ੍ਹਾਂ ਨੇ ਬ੍ਰਿਕਸ ਦੇ ਉਸ ਮੰਚ ਤੋਂ ਕਹੀ, ਜਿੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵੀ ਮੌਜੂਦ ਸਨ।

ਜੈਪ੍ਰਕਾਸ਼ ਰੰਜਨ, ਜਾਗਰਣ ਨਵੀਂ ਦਿੱਲੀ : ਅਮਰੀਕਾ ਦੀ ਟੈਰਿਫ਼ ਨੀਤੀ ਤੇ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਡਾਵਾਂਡੋਲ ਆਲਮੀ ਅਰਥਵਿਵਸਥਾ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇਸ਼ਾਂ ਨੂੰ ਕਿਹਾ ਕਿ ਉਹ 10 ਸਭ ਤੋਂ ਵੱਡੀਆਂ ਕਾਰੋਬਾਰੀ ਰੁਕਾਵਟਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਦੂਰ ਕਰਨ। ਬ੍ਰਿਕਸ ਬਿਜ਼ਨਸ ਫੋਰਮ ’ਚ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਆਲਮੀ ਵਪਾਰ ਉਦੋਂ ਹੀ ਵਧੇਗਾ ਜਦੋਂ ਸਮੁੰਦਰੀ ਮਾਰਗ ਸੁਰੱਖਿਅਤ ਹੋਣ, ਸਪਲਾਈ ਮਾਰਗ ਖੁੱਲ੍ਹੇ ਹੋਣ ਤੇ ਮਲਾਹ ਸੁਰੱਖਿਅਤ ਹੋਣ। ਭਾਰਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਤੇ ਮਲਾਹਾਂ ਦੀ ਸੁਰੱਖਿਆ ਦਾ ਦ੍ਰਿੜ੍ਹ ਸਮਰਥਕ ਹੈ। ਇਹ ਗੱਲ ਉਨ੍ਹਾਂ ਨੇ ਬ੍ਰਿਕਸ ਦੇ ਉਸ ਮੰਚ ਤੋਂ ਕਹੀ, ਜਿੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵੀ ਮੌਜੂਦ ਸਨ। ਪੱਛਮੀ ਏਸ਼ੀਆ ’ਚ ਈਰਾਨ-ਅਮਰੀਕਾ ਤਣਾਅ ਤੇ ਕਾਲਾ ਸਾਗਰ ’ਚ ਰੂਸ-ਯੂਕਰੇਨ ਜੰਗ ਕਾਰਨ ਊਰਜਾ, ਖਾਦ ਤੇ ਅਨਾਜ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਨ੍ਹਾਂ ਇਲਾਕਿਆਂ ’ਚ ਹੋਏ ਹਮਲਿਆਂ ’ਚ ਕਈ ਭਾਰਤੀ ਮਲਾਹਾਂ ਦੀ ਮੌਤ ਵੀ ਹੋਈ ਹੈ।
ਅਮਰੀਕਾ ਤੇ ਪੱਛਮੀ ਦੇਸ਼ਾਂ ਦੀਆਂ ਅੱਖਾਂ ’ਚ ਖਟਕਣ ਵਾਲੇ ਰੂਸ ਤੇ ਈਰਾਨ ਦੇ ਰਾਸ਼ਟਰਪਤੀਆਂ ਨਾਲ ਮੰਚ ਸਾਂਝਾ ਕਰ ਕੇ ਮੋਦੀ ਨੇ ਸੰਦੇਸ਼ ਦਿੱਤਾ ਕਿ ਭਾਰਤ ਆਪਣੀ ਕੂਟਨੀਤੀ ਤੇ ਆਰਥਿਕ ਨੀਤੀ ਖ਼ੁਦ ਤੈਅ ਕਰੇਗਾ। ਮੰਚ ’ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵਿਏਰਾ ਵੀ ਮੌਜੂਦ ਸਨ। ਨਾਂ ਲਏ ਬਿਨਾਂ ਪੁਤਿਨ ਤੇ ਪੇਜ਼ੇਸ਼ਕੀਅਨ ਨੇ ਪੱਛਮੀ ਦਬਾਅ ਵਾਲੀ ਵਿਵਸਥਾ ’ਤੇ ਨਿਸ਼ਾਨਾ ਸਾਧਿਆ। ਪੇਜ਼ੇਸ਼ਕੀਅਨ ਨੇ ਬ੍ਰਿਕਸ ’ਚ ਸਥਾਨਕ ਮੁਦਰਾ ਦਾ ਚਲਣ ਵਧਾਉਣ ਦੀ ਜ਼ੋਰਦਾਰ ਮੰਗ ਕੀਤੀ, ਤਾਂ ਜੋ ਕੋਈ ਦੇਸ਼ ਕਿਸੇ ਦੂਜੇ ਦੇਸ਼ ਦੇ ਵਿੱਤੀ ਕੰਮਕਾਜ ’ਤੇ ਪਾਬੰਦੀ ਨਾ ਲਾ ਸਕੇ। ਪੁਤਿਨ ਨੇ ਕਿਹਾ ਕਿ ਬ੍ਰਿਕਸ ਦੁਨੀਆ ਦੀ ਜੀਡੀਪੀ ’ਚ 40 ਫ਼ੀਸਦੀ ਯੋਗਦਾਨ ਦਿੰਦਾ ਹੈ, ਜਦਕਿ ਜੀ-7 ਦਾ ਯੋਗਦਾਨ ਸਿਰਫ਼ 29 ਫ਼ੀਸਦੀ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, 'ਪਤਾ ਨਹੀਂ ਇਸ ਨੂੰ ਜੀ-7 ਕਿਉਂ ਕਿਹਾ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ’ਚ ਵਪਾਰਕ ਰੁਕਾਵਟਾਂ ਵਧਦੀਆਂ ਜਾ ਰਹੀਆਂ ਹਨ, ਭਾਰਤ ਪੁਲ ਬਣਾ ਰਿਹਾ ਹੈ। 2014 ਤੋਂ ਬਾਅਦ ਭਾਰਤ ਦੇ ਕਰੀਬ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਹੋਏ ਹਨ। ਬ੍ਰਿਕਸ ’ਚ ਵੀ ਭਾਰਤ ਦਾ ਰੁਖ ਇਹੀ ਹੈ, ਰੁਕਾਵਟਾਂ ਘਟਾਓ, ਕਾਰੋਬਾਰ ਵਧਾਓ। ਉਨ੍ਹਾਂ ਯਾਦ ਕਰਵਾਇਆ ਕਿ 2006 ’ਚ ਸਮੂਹ ’ਚ ਚਾਰ ਦੇਸ਼ ਸਨ, ਅੱਜ ਭਾਈਵਾਲਾਂ ਸਮੇਤ ਇਹ 21 ਦੇਸ਼ਾਂ ਦਾ ਪਰਿਵਾਰ ਹੈ। ਇਹ ਦੇਸ਼ ਵਿਸ਼ਵ ਦੀ ਅੱਧੀ ਆਬਾਦੀ, 40 ਫ਼ੀਸਦੀ ਜੀਡੀਪੀ ਤੇ 25 ਫ਼ੀਸਦੀ ਤੋਂ ਵੱਧ ਵਪਾਰ ਸਮੇਟਦੇ ਹਨ। ਜਿੱਥੇ ਆਲਮੀ ਜੀਡੀਪੀ ਢਾਈ ਗੁਣਾ ਹੋਈ, ਉੱਥੇ ਬ੍ਰਿਕਸ ਦੀ ਸਾਂਝੀ ਜੀਡੀਪੀ ਸਾਢੇ ਚਾਰ ਗੁਣਾ ਹੋ ਗਈ। ਮੋਦੀ ਨੇ ਬਿਜ਼ਨਸ ਫੋਰਮ ਨੂੰ ਤਿੰਨ ਕੰਮ ਕਰਨ ਲਈ ਕਿਹਾ ਕਿ ਬ੍ਰਿਕਸ ਦਰਮਿਆਨ ਚੋਟੀ ਦੀਆਂ 10 ਵਪਾਰਕ ਰੁਕਾਵਟਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਰਿਪੋਰਟ ਤਿਆਰ ਕਰਨਾ, ਹਰ ਸਾਲ 100 ਸਟਾਰਟਅੱਪ ਨੂੰ ਦੂਜੇ ਬ੍ਰਿਕਸ ਬਾਜ਼ਾਰਾਂ ਤੱਕ ਪਹੁੰਚਾਉਣਾ ਅਤੇ 1,000 ਨਵੀਆਂ ਕਾਰੋਬਾਰੀ ਭਾਈਵਾਲੀਆਂ ਸਥਾਪਤ ਕਰਨਾ। ਇਸ ਦੀ ਹਰ ਸਾਲ ਸਮੀਖਿਆ ਕਰਨ ਦੀ ਗੱਲ ਵੀ ਉਨ੍ਹਾਂ ਨੇ ਕਹੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਅੱਗੇ ਵਧੇ, ਦੁਨੀਆ ਨੂੰ ਵੀ ਅੱਗੇ ਵਧਾਏ।
ਪੰਜ ਸਾਲਾਂ ’ਚ ਆਲਮੀ ਆਰਥਿਕ ਵਾਧੇ ਦਾ ਅੱਧੇ ਤੋਂ ਵੱਧ ਬ੍ਰਿਕਸ ਦਾ : ਪੁਤਿਨ
ਰਾਸ਼ਟਰਪਤੀ ਪੁਤਿਨ ਨੇ ਵਪਾਰ, ਬੁਨਿਆਦੀ ਢਾਂਚੇ, ਲਾਜਿਸਟਿਕਸ ਤੇ ਤਕਨਾਲੋਜੀ ਲਈ ਨਵੇਂ ਨਿਵੇਸ਼ ਮੰਚ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਆਰਕਟਿਕ ਤੇ ਉੱਤਰ-ਦੱਖਣ ਗਲਿਆਰੇ ਸਮੇਤ ਸਹਿਯੋਗ ਦੀ ਗੱਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਕਿਸੇ ਦੇ ਖ਼ਿਲਾਫ਼ ਨਹੀਂ। ਅਸੀਂ ਆਪਣੇ ਹਿੱਤਾਂ ਦੇ ਪੱਖ ’ਚ ਹਾਂ। ਉਨ੍ਹਾਂ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਆਲਮੀ ਆਰਥਿਕ ਵਾਧੇ ਦਾ ਅੱਧੇ ਤੋਂ ਵੱਧ ਹਿੱਸਾ ਬ੍ਰਿਕਸ ਤੋਂ ਆਇਆ। ਦੁਨੀਆ ਬਦਲ ਰਹੀ ਹੈ। 20ਵੀਂ ਸਦੀ ਦੇ ਪੁਰਾਣੇ ਕੇਂਦਰਾਂ ਦੀ ਥਾਂ ਨਵੇਂ ਇੰਜਣ ਆ ਰਹੇ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਰੂਸ ਬ੍ਰਿਕਸ ਦੇ ਵਿਸਥਾਰ ਦੇ ਪ੍ਰਸਤਾਵ ਦਾ ਸਮਰਥਨ ਕਰੇਗਾ। ਉਨ੍ਹਾਂ ਦੇ ਭਾਸ਼ਣ ਤੋਂ ਸਪੱਸ਼ਟ ਹੈ ਕਿ ਭਾਰਤ ਦੇ ਨਾਲ ਹੀ ਰੂਸ ਵੀ ਬ੍ਰਿਕਸ ਨੂੰ ਆਰਥਿਕ ਸਹਿਯੋਗ ਸੰਗਠਨ ਵਜੋਂ ਅੱਗੇ ਵਿਕਸਤ ਕਰਨ ਦਾ ਹਮਾਇਤੀ ਹੈ। ਇਹੀ ਗੱਲ ਈਰਾਨ ਦੇ ਰਾਸ਼ਟਰਪਤੀ ਨੇ ਵੀ ਕਹੀ।
ਅਜਿਹੀ ਵਿਵਸਥਾ ਬਣੇ ਕਿ ਕੋਈ ਦੇਸ਼ ਦੂਜੇ ਦਾ ਜਾਇਜ਼ ਵਪਾਰ ਨਾ ਰੋਕ ਸਕੇ : ਪੇਜ਼ੇਸ਼ਕੀਅਨ
ਈਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਵਿੱਤੀ ਵਿਵਸਥਾ ਕੁਝ ਮੁਦਰਾਵਾਂ ’ਤੇ ਟਿਕੀ ਹੋਈ ਹੈ, ਇਸ ਲਈ ਦੁਨੀਆ ਸਿਆਸੀ ਝਟਕਿਆਂ ਦੇ ਸਾਹਮਣੇ ਕਮਜ਼ੋਰ ਹੋ ਜਾਂਦੀ ਹੈ। ਇਕ ਦੇਸ਼ ’ਤੇ ਪਾਬੰਦੀ ਦਾ ਅਸਰ ਵਿਆਪਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਕਦਮ ਮੈਂਬਰਾਂ ਦਰਮਿਆਨ ਕੌਮੀ ਮੁਦਰਾਵਾਂ ’ਚ ਵਪਾਰ ਵਧਾਉਣਾ ਹੈ। ਈਰਾਨ ਦੀ ਭੂਗੋਲਿਕ ਸਥਿਤੀ ਤੇ ਊਰਜਾ ਭੰਡਾਰ ਨੂੰ ਬ੍ਰਿਕਸ ਦੀ ਸਪਲਾਈ ਲੜੀ ਦੇ ਪੁਲ ਵਜੋਂ ਪੇਸ਼ ਕਰਦਿਆਂ ਉਨ੍ਹਾਂ ਨਿਊ ਡੈਵਲਪਮੈਂਟ ਬੈਂਕ ਤੋਂ ਸਥਾਨਕ ਮੁਦਰਾ ’ਚ ਕਰਜ਼ਾ ਤੇ ਗਾਰੰਟੀ ਦੇਣ ਦੀ ਮੰਗ ਰੱਖੀ। ਈਰਾਨ ਨੇ 10 ਅਰਬ ਡਾਲਰ ਪੂੰਜੀ ਵਾਲੀ ਬ੍ਰਿਕਸ ਸੰਯੁਕਤ ਮੁੜ-ਬੀਮਾ ਕੰਪਨੀ ਦਾ ਪ੍ਰਸਤਾਵ ਵੀ ਰੱਖਿਆ, ਤਾਂ ਜੋ ਵੱਡੇ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਜੋਖ਼ਮ ਸਮੂਹ ਖ਼ੁਦ ਉਠਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਵਿਵਸਥਾ ਬਣੇ ਜਿਸ ’ਚ ਕੋਈ ਦੇਸ਼ ਦੂਜੇ ਦਾ ਜਾਇਜ਼ ਵਪਾਰ ਨਾ ਰੋਕ ਸਕੇ।