- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਂਚ ਏਜੰਸੀ ਅਨੁਸਾਰ ਹਮੀਮ ਤੇ ਅਰਪਿਤਾ ਵਿਚਕਾਰ ਹੋਈਆਂ ਕਈ ਵ੍ਹਟਸਐਪ ਚੈਟਾਂ ਤੋਂ ਪੂਰੇ ਨੈੱਟਵਰਕ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ ਹੈ। ਚੈਟਾਂ ਤੋਂ ਇਹ ਵੀ ਸੰਕੇਤ ਮਿਲੇ ਹਨ ਕਿ ਦੋਵਾਂ ਨੂੰ ਵੱਖ-ਵੱਖ 'ਅਸਾਈਨਮੈਂਟ' ਦਿੱਤੇ ਜਾਂਦੇ ਸਨ।

ਸਟੇਟ ਬਿਊਰੋ, ਕੋਲਕਾਤਾ: ਸ਼ੱਕੀ ਜੈਸ਼-ਏ-ਮੁਹੰਮਦ ਅੱਤਵਾਦੀ ਹਮੀਮ ਮੰਡਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੰਗਾਲ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਉਸ ਦੀ ਮਹਿਲਾ ਦੋਸਤ ਅਰਪਿਤਾ ਸਰਕਾਰ ਨੂੰ ਝਾਰਖੰਡ ਦੇ ਸਾਹਿਬਗੰਜ ਤੋਂ ਗ੍ਰਿਫ਼ਤਾਰ ਕਰ ਲਿਆ ਹੈ। STF ਦਾ ਦਾਅਵਾ ਹੈ ਕਿ ਅਰਪਿਤਾ ਸਿਰਫ਼ ਹਮੀਮ ਦੀ ਜਾਣਕਾਰ ਹੀ ਨਹੀਂ, ਸਗੋਂ ਪੂਰੇ ਸ਼ੱਕੀ ਅੱਤਵਾਦੀ ਮਾਡਿਊਲ ਦੀ ਇਕ ਸਰਗਰਮ ਮੈਂਬਰ ਸੀ। ਉਸ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਬਰਧਮਾਨ ਲਿਆਂਦਾ ਗਿਆ ਤੇ ਅਦਾਲਤ ਤੋਂ ਹਿਰਾਸਤ ਲੈ ਕੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ ਕਿ ਬੰਗਾਲ STF ਨੇ ਵੀਰਵਾਰ ਨੂੰ ਪੂਰਬੀ ਬਰਧਮਾਨ ਦੇ ਇਕ ਰਿਹਾਇਸ਼ੀ ਕੰਪਲੈਕਸ ਦੇ ਜਿਮ ਤੋਂ ਹਮੀਮ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਸੀ। STF ਦਾ ਦਾਅਵਾ ਹੈ ਕਿ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ISI, ਖਤਰਨਾਕ ਗੈਂਗਸਟਰ ਸ਼ਹਿਜ਼ਾਦ ਭੱਟੀ ਤੇ ਪੁਲਵਾਮਾ ਹਮਲੇ ਦੇ ਦੋਸ਼ੀ ਸਜਾਦ ਭੱਟ ਦੇ ਨੈੱਟਵਰਕ ਦੇ ਸੰਪਰਕ 'ਚ ਸੀ।
ਜਾਂਚ ਏਜੰਸੀ ਅਨੁਸਾਰ ਹਮੀਮ ਤੇ ਅਰਪਿਤਾ ਵਿਚਕਾਰ ਹੋਈਆਂ ਕਈ ਵ੍ਹਟਸਐਪ ਚੈਟਾਂ ਤੋਂ ਪੂਰੇ ਨੈੱਟਵਰਕ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ ਹੈ। ਚੈਟਾਂ ਤੋਂ ਇਹ ਵੀ ਸੰਕੇਤ ਮਿਲੇ ਹਨ ਕਿ ਦੋਵਾਂ ਨੂੰ ਵੱਖ-ਵੱਖ 'ਅਸਾਈਨਮੈਂਟ' ਦਿੱਤੇ ਜਾਂਦੇ ਸਨ।
STF ਅਨੁਸਾਰ, ਆਮ ਫੋਨ ਕਾਲਾਂ ਦੀ ਬਜਾਏ ਦੋਵੇਂ ਇਕ ਵਿਸ਼ੇਸ਼ ਐਨਕ੍ਰਿਪਟਡ ਮੋਬਾਈਲ ਐਪ ਰਾਹੀਂ ਸੰਪਰਕ 'ਚ ਰਹਿੰਦੇ ਸਨ। ਜਾਂਚ ਏਜੰਸੀ ਹੁਣ ਇਨ੍ਹਾਂ ਦੇ ਡਿਜੀਟਲ ਨੈੱਟਵਰਕ, ਡਾਰਕ ਵੈੱਬ ਨਾਲ ਸੰਭਾਵੀ ਸਬੰਧਾਂ ਤੇ ਹੋਰ ਸੰਪਰਕਾਂ ਦੀ ਵੀ ਪੜਤਾਲ ਕਰ ਰਹੀ ਹੈ।
STF ਅਨੁਸਾਰ, ਅਰਪਿਤਾ ਦੀ ਭੂਮਿਕਾ ਕਥਿਤ ਤੌਰ 'ਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਹਨੀਟ੍ਰੈਪ 'ਚ ਫਸਾਉਣ ਅਤੇ ਉਨ੍ਹਾਂ ਦੇ ਅਗਵਾ ਨਾਲ ਜੁੜੀਆਂ ਮੁਹਿੰਮਾਂ 'ਚ ਸਹਿਯੋਗ ਕਰਨ ਦੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਨਵੇਂ ਲੋਕਾਂ ਨੂੰ ਭਰਤੀ ਕਰਨਾ ਵੀ ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਸੀ।
ਜਾਂਚ ਏਜੰਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜੇ-ਕਿਹੜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ ਅਤੇ ਇਸ ਮਾਡਿਊਲ 'ਚ ਹੋਰ ਕੌਣ-ਕੌਣ ਸ਼ਾਮਲ ਸਨ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਰਪਿਤਾ ਜ਼ਰੀਏ ਸਿਆਸੀ ਸ਼ਖਸੀਅਤਾਂ ਨਾਲ ਸੰਪਰਕ ਸਥਾਪਿਤ ਕਰ ਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ, ਸੁਰੱਖਿਆ ਪ੍ਰਬੰਧਾਂ ਅਤੇ ਗਤੀਵਿਧੀਆਂ ਨਾਲ ਜੁੜੇ ਵੇਰਵੇ ਇਕੱਠੇ ਕੀਤੇ ਜਾਂਦੇ ਸਨ। STF ਹੁਣ ਇਹ ਪਤਾ ਲਗਾ ਰਹੀ ਹੈ ਕਿ ਕਿਹੜੇ ਨੇਤਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ, ਉਹ ਕਿਸ ਨੂੰ ਭੇਜੀ ਗਈ ਅਤੇ ਉਸ ਦਾ ਮਕਸਦ ਕੀ ਸੀ।
STF ਦਾ ਦਾਅਵਾ ਹੈ ਕਿ ਅਰਪਿਤਾ ਦੇ ਵੀ ਪਾਕਿਸਤਾਨ ਸਥਿਤ ਅੱਤਵਾਦੀ ਨੈੱਟਵਰਕ ਨਾਲ ਸਿੱਧੇ ਸੰਪਰਕ ਦੇ ਸੰਕੇਤ ਮਿਲੇ ਹਨ। ਜਾਂਚ ਵਿਚ ਇਹ ਵੀ ਦੇਖਿਆ ਜਾ ਰਹਾ ਹੈ ਕਿ ਦੋਵੇਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਕਿਹੜੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ 'ਚ ਸਨ ਤੇ ਪੱਛਮੀ ਬੰਗਾਲ ਅਤੇ ਝਾਰਖੰਡ ਦੇ ਰਸਤੇ ਸ਼ੱਕੀ ਫੰਡਿੰਗ ਕਿਵੇਂ ਪਹੁੰਚਾਈ ਜਾਂਦੀ ਸੀ।
ਏਜੰਸੀ ਦਾ ਮੰਨਣਾ ਹੈ ਕਿ ਦੋਵਾਂ ਤੋਂ ਸਾਂਝੀ ਪੁੱਛਗਿੱਛ ਵਿਚ ਅੰਤਰਰਾਜੀ ਤੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਕਈ ਨਵੇਂ ਤੱਥ ਸਾਹਮਣੇ ਆ ਸਕਦੇ ਹਨ।
STF ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਅਰਪਿਤਾ ਤੇ ਹਮੀਮ ਦੀ ਖ਼ਤਰਨਾਕ ਸ਼ਹਿਜ਼ਾਦ ਭੱਟੀ ਗਿਰੋਹ ਅਤੇ ਉਸ ਨਾਲ ਜੁੜੇ ਹੋਰ ਮੈਂਬਰਾਂ ਨਾਲ ਸੰਪਰਕ ਦੀ ਨੇਚਰ ਕੀ ਸੀ। ਨਾਲ ਹੀ ਇਹ ਵੀ ਖੰਘਾਲਿਆ ਜਾ ਰਿਹਾ ਹੈ ਕਿ ਸ਼ੱਕੀ ਨੈੱਟਵਰਕ ਦਾ ਸਬੰਧ ਸਿਰਫ਼ ਇੱਕ ਸੰਗਠਨ ਤੱਕ ਸੀਮਤ ਸੀ ਜਾਂ ਉਸ ਦੇ ਤਾਰ ਹੋਰ ਅੱਤਵਾਦੀ ਸੰਗਠਨਾਂ ਅਤੇ ਮਾਡਿਊਲਾਂ ਨਾਲ ਵੀ ਜੁੜੇ ਹੋਏ ਸਨ।