ਸੜਕਾਂ ’ਤੇ ਅੱਗਜ਼ਨੀ, ਦੁਕਾਨਾਂ ’ਚ ਲੁੱਟ-ਖੋਹ: ਜਰਮਨੀ ਦੇ ਕਈ ਸ਼ਹਿਰਾਂ 'ਚ Gen Z ਦਾ ਹਿੰਸਕ ਪ੍ਰਦਰਸ਼ਨ; ਹਾਲਾਤ ਬੇਕਾਬੂ, 60 ਗ੍ਰਿਫ਼ਤਾਰ ਫਰੈਂਕਫਰਟ, ਕੋਲੋਨ, ਹੈਮਬਰਗ ਅਤੇ ਬਰਲਿਨ ਵਿੱਚ ਹਾਲਾਤ ਵਧੇਰੇ ਤਣਾਅਪੂਰਨ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ, ਸੜਕਾਂ ’ਤੇ ਬਲਦੇ ਹੋਏ ਬੈਰੀਕੇਡ ਲਗਾ ਦਿੱਤੇ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ।
Publish Date: Mon, 02 Nov 2026 12:08 PM (IST)
Updated Date: Mon, 02 Nov 2026 12:10 PM (IST)
ਡਿਜੀਟਲ ਡੈਸਕ, ਬਰਲਿਨ। ਸ਼ਨੀਵਾਰ ਨੂੰ ਜਰਮਨੀ ਵਿੱਚ ਜਨਰੇਸ਼ਨ ਜ਼ੈੱਡ (Gen Z) ਦੇ ਨੌਜਵਾਨਾਂ ਨੇ ਵਧਦੀ ਮਹਿੰਗਾਈ ਅਤੇ ਜੀਵਨ ਬਤੀਤ ਕਰਨ ਦੀ ਲਾਗਤ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ। ਯੂਰਪ ਭਰ ਵਿੱਚ ਚੱਲ ਰਹੇ ਇਸੇ ਤਰ੍ਹਾਂ ਦੇ ਪ੍ਰਦਰਸ਼ਨਾਂ ਦੌਰਾਨ ਜਰਮਨੀ ਵਿੱਚ ਵੀ ਦਿਨ ਭਰ ਜ਼ਿਆਦਾਤਰ ਥਾਵਾਂ ’ਤੇ ਮਾਹੌਲ ਸ਼ਾਂਤਮਈ ਰਿਹਾ, ਪਰ ਸ਼ਾਮ ਹੁੰਦਿਆਂ ਹੀ ਕਈ ਸ਼ਹਿਰਾਂ ਵਿੱਚ ਸਥਿਤੀ ਵਿਗੜ ਗਈ।
ਦੁਪਹਿਰ ਤੱਕ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਸ਼ਾਂਤ ਰਹੇ, ਪਰ ਹਨੇਰਾ ਹੋਣ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਸ਼ਰਾਰਤੀ ਅਨਸਰਾਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਦੁਕਾਨਾਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਨੇ ਪਿਛਲੇ ਮਹੀਨੇ ਫਰਾਂਸ ਵਿੱਚ ਦੇਖੀ ਗਈ ਅਸ਼ਾਂਤੀ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਜਰਮਨੀ ਵਿੱਚ Gen Z ਦਾ ਹਿੰਸਕ ਪ੍ਰਦਰਸ਼ਨ
ਫਰੈਂਕਫਰਟ, ਕੋਲੋਨ, ਹੈਮਬਰਗ ਅਤੇ ਬਰਲਿਨ ਵਿੱਚ ਹਾਲਾਤ ਵਧੇਰੇ ਤਣਾਅਪੂਰਨ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ, ਸੜਕਾਂ ’ਤੇ ਬਲਦੇ ਹੋਏ ਬੈਰੀਕੇਡ ਲਗਾ ਦਿੱਤੇ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ।
ਬਰਲਿਨ ਵਿੱਚ ਸ਼ਨੀਵਾਰ ਨੂੰ ਨੌਜਵਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਇਆ, ਜਿਸ ਵਿੱਚ ਪੁਲਿਸ ਮੁਤਾਬਕ ਲਗਭਗ 3,500 ਲੋਕ ਸ਼ਾਮਲ ਹੋਏ। ਇਹ ਮਾਰਚ ਰੋਜ਼ਨਥਾਲਰ ਪਲਾਤਜ਼ ਤੋਂ ਸ਼ੁਰੂ ਹੋ ਕੇ ਪ੍ਰੇਂਜ਼ਲਾਊਅਰ ਬਰਗ ਵੱਲ ਵਧਿਆ।
ਇਸ ਮਾਰਚ ਵਿੱਚ ਫਲਸਤੀਨ-ਪੱਖੀ ਅਤੇ ਫਾਸ਼ੀਵਾਦ ਵਿਰੋਧੀ ਪ੍ਰਦਰਸ਼ਨਕਾਰੀ ਵੀ ਸ਼ਾਮਲ ਹੋ ਗਏ। ਕੁਝ ਲੋਕਾਂ ਨੇ ਪੂੰਜੀਵਾਦ ਵਿਰੋਧੀ, ਇਜ਼ਰਾਈਲ ਵਿਰੋਧੀ ਅਤੇ ਜਰਮਨੀ ਵਿਰੋਧੀ ਨਾਅਰੇ ਲਗਾਏ। ਇਸ ਦੌਰਾਨ ਆਤਿਸ਼ਬਾਜ਼ੀ ਅਤੇ ਪਟਾਕੇ ਵੀ ਚਲਾਏ ਗਏ।
60 ਲੋਕ ਗ੍ਰਿਫ਼ਤਾਰ
ਬਰਲਿਨ ਪੁਲਿਸ ਮੁ ਤਾਬਕ, ਇਸ ਹੰਗਾਮੇ ਦੌਰਾਨ 27 ਪੁਲਿਸ ਮੁਲਾਜ਼ਮ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਏ ਅਤੇ ਲਗਭਗ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਹਿ ਮੰਤਰੀ ਅਲੈਗਜ਼ੈਂਡਰ ਡੋਬ੍ਰਿੰਡਟ ਨੇ ਇਨ੍ਹਾਂ ਦੰਗਿਆਂ ਲਈ ਖੱਬੇਪੱਖੀ ਸਮੂਹਾਂ ਅਤੇ ਪ੍ਰਵਾਸੀ ਪਿਛੋਕੜ ਵਾਲੇ ਸ਼ਰਾਰਤੀ ਅਨਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਘਟਨਾਵਾਂ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।
ਉੱਤਰੀ ਜਰਮਨੀ ਦੇ ਹੈਮਬਰਗ ਵਿੱਚ ਵੀ ਸ਼ਨੀਵਾਰ ਸ਼ਾਮ ਹਿੰਸਾ ਦੇਖਣ ਨੂੰ ਮਿਲੀ। ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਰਸਤੇ ਬੰਦ ਕਰ ਦਿੱਤੇ ਅਤੇ ਪੁਲਿਸ ਮੁਲਾਜ਼ਮਾਂ ’ਤੇ ਪੱਥਰਾਂ, ਬੋਤਲਾਂ ਅਤੇ ਪਟਾਕਿਆਂ ਨਾਲ ਹਮਲੇ ਕੀਤੇ। ਹਿੰਸਾ ਦੌਰਾਨ ਲਗਭਗ 1,300 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਫਰੈਂਕਫਰਟ ਦੀ ਜੀਲ ਸ਼ਾਪਿੰਗ ਸਟ੍ਰੀਟ ’ਤੇ ਲੁੱਟ-ਖੋਹ
ਫਰੈਂਕਫਰਟ ਐਮ ਮਾਈਨ ਵਿੱਚ ਵੀ ਭਾਰੀ ਹਿੰਸਾ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ। ਜੀਲ ਸ਼ਾਪਿੰਗ ਸਟ੍ਰੀਟ ਸਭ ਤੋਂ ਵੱਧ ਪ੍ਰਭਾਵਿਤ ਹੋਈ, ਜਿੱਥੇ ਸ਼ਰਾਰਤੀ ਅਨਸਰਾਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।
ਸ਼ਹਿਰ ਵਿੱਚ ਇੱਕ ਬੰਦੂਕਾਂ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਮੌਕੇ ਤੋਂ ਦੋ ਹਥਿਆਰ ਜ਼ਬਤ ਕੀਤੇ ਅਤੇ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਫਰੈਂਕਫਰਟ ਵਿੱਚ 1,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਵਾਟਰ ਕੈਨਨ, ਬਖ਼ਤਰਬੰਦ ਗੱਡੀਆਂ ਅਤੇ ਇੱਕ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਫਰੈਂਕਫਰਟ ਵਿੱਚ ਲਗਭਗ 8,000 ਲੋਕਾਂ ਨੇ ਕਾਫ਼ੀ ਹੱਦ ਤੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਹਿੰਸਾ ਦੀਆਂ ਘਟਨਾਵਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ।
ਕੋਲੋਨ ਵਿੱਚ ਸ਼ਰਾਰਤੀ ਅਨਸਰਾਂ ’ਤੇ ਵਾਟਰ ਕੈਨਨ ਦੀ ਵਰਤੋਂ
ਕੋਲੋਨ ਵਿੱਚ ਇੱਕ ਰੈਲੀ ਦੌਰਾਨ ਕੁਝ ਲੋਕਾਂ ਨੇ ਆਪਣੇ ਚਿਹਰੇ ਢੱਕ ਲਏ ਅਤੇ ਆਤਿਸ਼ਬਾਜ਼ੀ ਕੀਤੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ’ਤੇ ਹਮਲੇ ਹੋਏ, ਜਿਸ ਕਾਰਨ ਸ਼ਾਮ ਕਰੀਬ 4 ਵਜੇ ਰੈਲੀ ਖ਼ਤਮ ਕਰਵਾ ਦਿੱਤੀ ਗਈ।
ਸ਼ਨੀਵਾਰ ਸ਼ਾਮ ਨੂੰ ਕੋਲੋਨ ਪੁਲਿਸ ਨੇ ਇੱਕ ਅਪਡੇਟ ਜਾਰੀ ਕਰਦਿਆਂ ਦੱਸਿਆ, “ਰੈਲੀ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਮੁਲਾਜ਼ਮਾਂ ’ਤੇ ਹਮਲੇ ਕੀਤੇ ਗਏ। ਹੰਗਾਮਾ ਕਰਨ ਵਾਲੇ ਸਮੂਹਾਂ ਨੂੰ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।”