'ਚਾਰ ਮੋਢੇ' ਇੱਥੇ ਕਿਰਾਏ 'ਤੇ ਮਿਲਦੇ ਹਨ; ਬਨਾਰਸ 'ਚ ਵੱਡਾ ਸਟਾਰਟਅੱਪ ਬਣ ਰਿਹੈ ਅੰਤਿਮ ਸੰਸਕਾਰ ਲਈ ਘਾਟ ਤਕ ਮੋਢਾ ਦੇਣਾ
Varanasi Funeral Service : ਬਨਾਰਸ 'ਚ ਅਜਿਹੇ ਲੋਕਾਂ ਦੀ ਨਵੀਂ ਪਰੰਪਰਾ ਸਾਹਮਣੇ ਆ ਰਹੀ ਹੈ ਜੋ ਇਕੱਲੇ ਪਏ ਲੋਕਾਂ ਦੀ ਅੰਤਿਮ ਯਾਤਰਾ 'ਚ ਮੋਢਾ ਦਿੰਦੇ ਹਨ। ਜਾਣੋ ਕਿਵੇਂ ਚਾਰ ਮੋਢੇ ਬਣੇ ਬਦਲਦੇ ਸਮਾਜ ਦੀ ਲੋੜ।
Publish Date: Sun, 04 Oct 2026 01:19 PM (IST)
Updated Date: Sun, 04 Oct 2026 01:26 PM (IST)
ਪ੍ਰਕਾਸ਼ ਪਾਂਡੇਯ, ਜਾਗਰਣ, ਵਾਰਾਣਸੀ : ਮਨ ਬੇਚੈਨ ਸੀ। ਜ਼ਿੰਦਗੀ 'ਚ ਹੁਣ ਤਕ ਸਾਥ ਨਿਭਾਉਣ ਵਾਲੀ ਸੰਗਿਨੀ ਪਿੱਛੇ ਗੱਡੀ 'ਚ ਸਦਾ ਲਈ ਨੀਂਦ 'ਚ ਸੁੱਤੀ ਹੋਈ ਸੀ ਤੇ ਸਿਨ੍ਹਾ ਸਾਹਿਬ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਸਨ। ਗੱਡੀ ਚੱਲ ਰਹੀ ਸੀ, ਪਰ ਜਿਵੇਂ ਉਨ੍ਹਾਂ ਦੇ ਅੰਦਰ ਸਭ ਕੁਝ ਠਹਿਰ ਗਿਆ ਹੋਵੇ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ। ਜ਼ਿੰਦਗੀ ਭਰ ਸਾਥ ਦੇਣ ਵਾਲੀ ਪਤਨੀ ਨੂੰ ਘਾਟ ਤਕ ਆਖ਼ਿਰ ਕਿਵੇਂ ਲੈ ਕੇ ਜਾਣਗੇ?
ਗੱਡੀ ਮੋਕਸ਼ ਦੀ ਨਗਰੀ ਕਾਸ਼ੀ 'ਚ ਮਹਾਸ਼ਮਸ਼ਾਨ ਵੱਲ ਜਾਣ ਲਈ ਸ਼ਹਿਰ ਦੀਆਂ ਸੜਕਾਂ ਤੋਂ ਹੁੰਦੀ ਹੋਈ ਮੈਦਾਗਿਨ ਪਹੁੰਚੀ। ਬੈਰੀਕੇਡਿੰਗ ਕਾਰਨ ਡਰਾਈਵਰ ਨੇ ਗੱਡੀ ਸੜਕ ਕਿਨਾਰੇ ਲਾ ਦਿੱਤੀ। ਕਦੇ ਆਪਣੀ ਧੌਂਸ ਨਾਲ ਬੈਰੀਕੇਡਿੰਗ ਖੁਲ੍ਹਵਾ ਲੈਣ ਵਾਲੇ ਸਿਨ੍ਹਾ ਸਾਹਿਬ ਰਿਟਾਇਰਮੈਂਟ ਤੋਂ ਬਾਅਦ ਨਰਮ ਪੈ ਗਏ ਸਨ। ਡਰਾਈਵਰ ਬੁੜਬੁੜਾਉਣ ਲੱਗਾ, ਗੱਡੀ ਜਲਦੀ ਖਾਲੀ ਕਰ ਦਿਓ। ਸਿਨ੍ਹਾ ਸਾਹਿਬ ਦੇ ਹਾਵ-ਭਾਵ ਜਿਵੇਂ ਖ਼ਤਮ ਹੀ ਹੋ ਗਏ ਸਨ। ਉਹ ਪਿੱਛੇ ਸਦਾ ਦੀ ਨੀਂਦ ਸੁੱਤੀ ਪਤਨੀ ਵੱਲ ਦੇਖਦੇ ਤੇ ਫਿਰ ਸਾਹਮਣੇ ਸੜਕ ਵੱਲ। ਧਰਮਸੰਕਟ ਇਹ ਸੀ ਕਿ ਅੰਤਿਮ ਯਾਤਰਾ ਦਾ ਧਰਮ ਕਿਵੇਂ ਨਿਭਾਇਆ ਜਾਵੇ।
ਪਤਨੀ ਨੂੰ ਗੁਜ਼ਰੇ ਅੱਠ ਘੰਟੇ ਬੀਤ ਚੁੱਕੇ ਸਨ। ਇਨ੍ਹਾਂ ਅੱਠ ਘੰਟਿਆਂ 'ਚ ਸਿਨ੍ਹਾ ਸਾਹਿਬ ਨੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤਾ ਸੀ। ਆਵਾਜ਼ਾਂ ਆਈਆਂ—ਸੁਣ ਕੇ ਬਹੁਤ ਦੁੱਖ ਹੋਇਆ, ਪਰ ਦੂਰੀ ਬਹੁਤ ਹੈ, ਅਸੀਂ ਨਹੀਂ ਆ ਸਕਾਂਗੇ। ਕੋਈ ਆਪਣੀ ਮਜਬੂਰੀ ਦੱਸ ਰਿਹਾ ਸੀ ਤੇ ਕੋਈ ਆਉਣ 'ਚ ਅਸਮਰੱਥਤਾ। ਸਿਨ੍ਹਾ ਸਾਹਿਬ ਨੇ ਫੋਨ ਰੱਖ ਦਿੱਤੇ। ਉਹ ਵੈਸੇ ਵੀ ਉੱਚੇ ਅਹੁਦੇ 'ਤੇ ਰਹੇ ਅਤੇ ਇਕਾਂਤ ਪਸੰਦ ਵਿਅਕਤੀ ਸਨ।
ਆਪਣੇ ਅਹੁਦੇ ਕਾਰਨ ਉਨ੍ਹਾਂ ਕਦੇ ਕਿਸੇ ਦੇ ਘਰ ਆਉਣਾ-ਜਾਣਾ ਜ਼ਰੂਰੀ ਨਹੀਂ ਸਮਝਿਆ। ਅੱਜ ਪਹਿਲੀ ਵਾਰ ਸ਼ਾਇਦ ਉਨ੍ਹਾਂ ਨੂੰ ਆਪਣੇ ਉਸ ਇਕੱਲੇਪਣ ਦਾ ਅਰਥ ਸਮਝ ਆ ਰਿਹਾ ਸੀ। ਮਨ 'ਚ ਇਹ ਵੀ ਆਇਆ ਹੋਵੇਗਾ ਕਿ ਜੇ ਕਿਸੇ ਦੇ ਸੁੱਖ-ਦੁੱਖ 'ਚ ਖੜ੍ਹੇ ਹੋਏ ਹੁੰਦੇ, ਰਿਸ਼ਤਿਆਂ ਨੂੰ ਥੋੜ੍ਹਾ ਸਮਾਂ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਧਰਮਸੰਕਟ ਇੰਨਾ ਵੱਡਾ ਨਾ ਹੁੰਦਾ। ਪਿੱਛੇ ਖੜ੍ਹੀ ਗੱਡੀ 'ਚ ਉਨ੍ਹਾਂ ਦੀ ਜੀਵਨ ਸੰਗਿਨੀ ਦੀ ਦੇਹ ਚਾਰ ਮੋਢਿਆਂ ਦੀ ਉਡੀਕ ਕਰ ਰਹੀ ਸੀ।
ਮਦਦ ਦੇ ਉਹ ਚਾਰ ਮੋਢੇ
ਉਦੋਂ ਦੂਰੋਂ ਚਾਰ ਨੌਜਵਾਨ ਉਨ੍ਹਾਂ ਕੋਲ ਆਏ। ਥੋੜ੍ਹੀ ਗੱਲਬਾਤ ਹੋਈ, ਕੁਝ ਫੁਸਫੁਸਾਹਟ ਹੋਈ ਅਤੇ ਫਿਰ ਸਿਨ੍ਹਾ ਸਾਹਿਬ ਮੰਨ ਗਏ।
ਪਤਨੀ ਦੇ ਚਲੇ ਜਾਣ ਦਾ ਗਮ ਚਿਹਰੇ 'ਤੇ ਸੀ, ਪਰ ਹੁਣ ਚਿਹਰੇ 'ਤੇ ਇੱਕ ਸਕੂਨ ਵੀ ਸੀ—ਚਲੋ, ਹੁਣ ਪਤਨੀ ਦੀ ਅੰਤਿਮ ਯਾਤਰਾ ਤਾਂ ਠੀਕ ਤਰੀਕੇ ਨਾਲ ਹੋਵੇਗੀ। ਚਾਰ ਮੋਢਿਆਂ 'ਤੇ ਅੰਤਿਮ ਯਾਤਰਾ ਘਾਟ ਵੱਲ ਚੱਲ ਪਈ।
ਯਾਤਰਾ ਅੱਗੇ ਵਧ ਹੀ ਰਹੀ ਸੀ ਕਿ 'ਰਾਮ ਨਾਮ ਸੱਤ ਹੈ' ਦੇ ਵਿਚਕਾਰ ਅਚਾਨਕ ਹੂਟਰ ਦੀ ਆਵਾਜ਼ ਸੁਣਾਈ ਦਿੱਤੀ। ਸਿਨ੍ਹਾ ਸਾਹਿਬ ਨੇ ਹੈਰਾਨ ਹੋ ਕੇ ਪਿੱਛੇ ਦੇਖਿਆ। ਮੋਕਸ਼ ਨਗਰੀ 'ਚ ਮੋਕਸ਼ ਵੱਲ ਜਾਣ ਵਾਲੇ ਜਿਸ ਰਸਤੇ 'ਤੇ ਸ਼ਵ ਵਾਹਨ ਤਕ ਦੇ ਜਾਣ ਦੀ ਮਨਾਹੀ ਸੀ, ਉਸੇ ਰਸਤੇ 'ਤੇ ਹੂਟਰ ਵਜਾਉਂਦਾ ਹੋਇਆ ਵਾਹਨਾਂ ਦਾ ਕਾਫ਼ਲਾ ਆ ਰਿਹਾ ਸੀ। ਸੰਭਵ ਹੈ ਕਿ ਇਹ ਕਿਸੇ ਵੀਆਈਪੀ ਦਾ ਕਾਫ਼ਲਾ ਸੀ, ਜਿਸ ਨੂੰ ਸ਼ਾਇਦ ਸਿਨ੍ਹਾ ਸਾਹਿਬ ਦੀ ਪਤਨੀ ਦੀ ਅੰਤਿਮ ਯਾਤਰਾ ਤੋਂ ਵੀ ਵੱਧ ਜਲਦੀ ਸੀ।
ਕਾਫ਼ਲਾ ਲੰਘਣ ਤੋਂ ਬਾਅਦ ਯਾਤਰਾ ਅੱਗੇ ਵਧੀ। ਉਸ ਦਿਨ ਸਿਨ੍ਹਾ ਸਾਹਿਬ ਜ਼ਿੰਦਗੀ ਦੇ ਦੋ ਕੌੜੇ ਸੱਚਾਂ ਤੋਂ ਜਾਣੂ ਹੋਏ। ਪਹਿਲਾ, ਅਹੁਦਾ ਜਾਂਦੇ ਹੀ ਲੋਕ ਭੁੱਲ ਜਾਂਦੇ ਹਨ। ਦੂਜਾ, ਸਮਾਜਿਕ ਹੋਣਾ ਸਿਰਫ਼ ਮਿਲਣ-ਜੁਲਣ ਦਾ ਨਾਮ ਨਹੀਂ ਹੈ, ਸਗੋਂ ਲੋੜ ਦੇ ਸਮੇਂ ਕਿਸੇ ਦੇ ਨਾਲ ਖੜ੍ਹੇ ਹੋਣ ਦਾ ਵੀ ਨਾਮ ਹੈ।
ਇਹ ਚਾਰ ਮੋਢੇ ਕੋਈ ਰਿਸ਼ਤੇਦਾਰ ਨਹੀਂ ਸਨ। ਇਹ ਕਾਸ਼ੀ 'ਚ ਉੱਭਰ ਰਹੀ ਇਕ ਨਵੀਂ ਪਰੰਪਰਾ ਦੇ ਨੁਮਾਇੰਦੇ ਸਨ। ਅਜਿਹੇ ਲੋਕਾਂ ਦੀਆਂ ਅੰਤਿਮ ਯਾਤਰਾਵਾਂ 'ਚ ਮੋਢਾ ਦੇਣ ਦੀ ਪਰੰਪਰਾ, ਜਿਨ੍ਹਾਂ ਦਾ ਆਪਣਾ ਕਹਾਉਣ ਵਾਲਾ ਕੋਈ ਨਹੀਂ ਬਚਿਆ ਜਾਂ ਜੋ ਹੌਲੀ-ਹੌਲੀ ਸਮਾਜ ਤੋਂ ਕੱਟ ਕੇ ਇਕੱਲੇ ਪੈ ਗਏ ਹਨ। ਇਹ ਲੋਕ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਅਤੇ ਬਦਲੇ 'ਚ ਆਪਣੀ ਮਿਹਨਤ ਦੀ ਕਮਾਈ ਲੈਂਦੇ ਹਨ।
ਇਸ ਨੂੰ ਬਾਜ਼ਾਰ ਦੀ ਵਿਵਸਥਾ ਕਹਿ ਸਕਦੇ ਹਾਂ, ਬਦਲਦੇ ਸਮਾਜ ਦੀ ਲੋੜ ਕਹਿ ਸਕਦੇ ਹਾਂ ਜਾਂ ਰਿਸ਼ਤਿਆਂ ਦੇ ਕਮਜ਼ੋਰ ਪੈਣ ਦਾ ਨਤੀਜਾ। ਪਰ ਇਕ ਸੱਚ ਇਹ ਵੀ ਹੈ ਕਿ ਇਸ ਕਾਰਨ ਕਿਸੇ ਦੀ ਅੰਤਿਮ ਯਾਤਰਾ ਇਕੱਲੀ ਨਹੀਂ ਰਹਿੰਦੀ। ਧਰਮ ਦੀ ਨਗਰੀ ਕਾਸ਼ੀ 'ਚ ਅੰਤਿਮ ਯਾਤਰਾ ਦਾ ਧਰਮ ਘੱਟੋ-ਘੱਟ ਨਿਭਾਇਆ ਜਾ ਰਿਹਾ ਹੈ। ਸਿਨ੍ਹਾ ਸਾਹਿਬ ਸ਼ਾਇਦ ਇਹ ਗੱਲ ਦੇਰ ਨਾਲ ਸਮਝੇ, ਪਰ ਉਸ ਦਿਨ ਉਨ੍ਹਾਂ ਚਾਰ ਮੋਢਿਆਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਸਮਾਜ ਤੋਂ ਕੱਟ ਕੇ ਜਿਉਣਾ ਆਸਾਨ ਹੋ ਸਕਦਾ ਹੈ, ਪਰ ਅੰਤਿਮ ਯਾਤਰਾ 'ਚ ਚਾਰ ਮੋਢਿਆਂ ਦੀ ਲੋੜ ਹਰ ਕਿਸੇ ਨੂੰ ਪੈ ਸਕਦੀ ਹੈ।
ਚਾਰ ਮੋਢੇ ਦੇਣ ਵਾਲੇ ਲੋਕਾਂ ਨੇ ਕਿਹਾ
ਸੁਭਾਸ਼ ਸੋਨੀ: ਪੈਸਿਆਂ ਲਈ ਕੰਮ ਸ਼ੁਰੂ ਕੀਤਾ ਸੀ, ਪਰ ਹੁਣ ਹਰ ਵਾਰ ਕਿਸੇ ਪਰਿਵਾਰ ਦੇ ਨਾਲ ਖੜ੍ਹੇ ਹੋ ਕੇ ਲੱਗਦਾ ਹੈ ਕਿ ਇਹ ਕੰਮ ਸਿਰਫ਼ ਪੈਸਿਆਂ ਲਈ ਨਹੀਂ ਹੈ। ਉਸ ਸਮੇਂ ਉਨ੍ਹਾਂ ਨੂੰ ਕਿਸੇ ਦੇ ਸਾਥ ਦੀ ਲੋੜ ਹੁੰਦੀ ਹੈ।
ਦੀਨਦਿਆਲ ਗੋਂਡ: ਸ਼ੁਰੂ 'ਚ ਸੋਚਿਆ ਸੀ ਕਿ ਕੋਈ ਹੋਰ ਕੰਮ ਮਿਲਿਆ ਤਾਂ ਇਹ ਕੰਮ ਛੱਡ ਦੇਵਾਂਗੇ। ਪਰ ਹੌਲੀ-ਹੌਲੀ ਇਹ ਕੰਮ ਆਪਣਾ ਲੱਗਣ ਲੱਗਾ। ਹੁਣ ਇਸ ਨੂੰ ਛੱਡਣ ਦਾ ਮਨ ਨਹੀਂ ਕਰਦਾ।
ਰਮੇਸ਼: ਘਰ ਵਾਲਿਆਂ ਨੂੰ ਸ਼ੁਰੂ 'ਚ ਸਮਝ ਨਹੀਂ ਆਉਂਦਾ ਸੀ ਕਿ ਮੈਂ ਇਹ ਕੀ ਕਰ ਰਿਹਾ ਹਾਂ। ਹੁਣ ਉਹ ਵੀ ਸਮਝਦੇ ਹਨ। ਮੈਨੂੰ ਵੀ ਲੱਗਦਾ ਹੈ ਕਿ ਘੱਟੋ-ਘੱਟ ਕਿਸੇ ਦੇ ਕੰਮ ਤਾਂ ਆ ਰਿਹਾ ਹਾਂ।
ਮਨੀਸ਼ ਪਾਲ: ਲੋਕ ਸਾਰਾ ਦਿਨ ਫੋਨ 'ਚ ਵੜੇ ਰਹਿੰਦੇ ਹਨ ਅਤੇ ਇੱਕ-ਦੂਜੇ ਤੋਂ ਦੂਰ ਹੋ ਗਏ ਹਨ। ਅਜਿਹੇ ਸਮੇਂ 'ਚ ਕਿਸੇ ਦੇ ਅੰਤਿਮ ਵੇਲੇ ਉਸ ਦੇ ਨਾਲ ਖੜ੍ਹੇ ਹੋਣ ਵਾਲੇ ਘੱਟ ਮਿਲਦੇ ਹਨ। ਇਸ ਲਈ ਸਾਡੀ ਲੋੜ ਪੈਂਦੀ ਹੈ।