- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲ ਵਿਚ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਨਿੱਜੀ ਖੇਤਰ ਦੇ ਮਰਦ ਮੁਲਾਜ਼ਮਾਂ ਨੂੰ ਵੀ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਜਾਂ ਚਾਈਲਡ ਕੇਅਰ ਲੀਵ (ਸੀਸੀਐੱਲ) ਦੇਣ ਤੇ ਤਨਖਾਹ ਨਾਲ ਪਿਤਾ ਲਈ ਛੁੱਟੀ (ਪੇਡ ਪੈਟਰਨਿਟੀ ਲੀਵ) ਦੇਣ ਦੀ ਸਿਫਾਰਸ਼ ਕੀਤੀ ਹੈ।

ਨਵੀਂ ਦਿੱਲੀ (ਪੀਟੀਆਈ) : ਜੇਕਰ ਤੁਸੀਂ ਨਿੱਜੀ ਕੰਪਨੀ ਵਿਚ ਕੰਮ ਕਰਦੇ ਹੋ ਤੇ ਦਫਤਰ ਦੇ ਕੰਮ ਦੇ ਕਾਰਨ ਬੱਚੇ ਦੀ ਦੇਖਭਾਲ ਲਈ ਢੁਕਵਾਂ ਸਮਾਂ ਨਹੀਂ ਦੇ ਹੁੰਦਾ ਤਾਂ ਤੁਹਾਡੀ ਇਹ ਸਮੱਸਿਆ ਆਉਣ ਵਾਲੇ ਦਿਨਾਂ ਵਿਚ ਦੂਰ ਹੋ ਸਕਦੀ ਹੈ। ਅਸਲ ਵਿਚ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਨਿੱਜੀ ਖੇਤਰ ਦੇ ਮਰਦ ਮੁਲਾਜ਼ਮਾਂ ਨੂੰ ਵੀ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਜਾਂ ਚਾਈਲਡ ਕੇਅਰ ਲੀਵ (ਸੀਸੀਐੱਲ) ਦੇਣ ਤੇ ਤਨਖਾਹ ਨਾਲ ਪਿਤਾ ਲਈ ਛੁੱਟੀ (ਪੇਡ ਪੈਟਰਨਿਟੀ ਲੀਵ) ਦੇਣ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਸਾਲ 2030 ਤੱਕ ਪੰਜ ਲੱਖ ਕ੍ਰੈਚ ਸੀਟਾਂ ਤਿਆਰ ਕਰਨ ਦੀ ਵੀ ਤਜਵੀਜ਼ ਦਿੱਤੀ ਹੈ। ਕ੍ਰੈਚ ਬਾਲ ਦੇਖਭਾਲ ਕੇਦਰ ਹੁੰਦਾ ਹੈ ਜਿੱਥੇ ਕੰਮ-ਕਾਜੀ ਮਾਤਾ-ਪਿਤਾ ਦੇ ਛੋਟੇ ਬੱਚਿਆਂ ਦੀ ਸਾਰਾ ਦਿਨ ਦੇਖਭਾਲ ਕੀਤੀ ਜਾਂਦੀ ਹੈ। ਐੱਨਸੀਡਬਲਿਊ ਨੇ ਮਾਤਾ ਤੇ ਬੱਚਿਆਂ ਦੀ ਦੇਖਭਾਲ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਲਈ ਕੇਂਦਰ ਨੂੰ 37 ਸਿਫਾਰਸ਼ਾਂ ਕੀਤੀਆਂ ਹਨ। ਇਨ੍ਹਾਂ ਸਿਫਾਰਸ਼ਾਂ ਵਿਚ ਜਣੇਪਾ ਲਾਭ, ਸੀਸੀਐੱਲ, ਪਿਤਾ ਲਈ ਛੁੱਟੀ, ਬੱਚਿਆਂ ਦੀ ਦੇਖਭਾਲ ਨਾਲ ਜੁੜਿਆ ਇਨਫ੍ਰਾਸਟ੍ਰਕਚਰ, ਨਰਸਿੰਗ ਤੇ ਫੀਡਿੰਗ ਵਿਚ ਮਦਦ, ਨਿੱਜੀ ਸੈਕਟਰ ਵਿਚ ਕਵਰੇਜ ਤੇ ਕੰਮ ਵਾਲੀ ਥਾਂ ’ਤੇ ਭੇਦਭਾਵ ਵਰਗੇ ਮੁੱਦੇ ਸ਼ਾਮਲ ਹਨ।
ਨਵੀਂ ਦਿੱਲੀ ਵਿਚ ਮਈ ਵਿਚ ਜਣੇਪਾ ਤੇ ਬੱਚਿਆਂ ਦੀ ਦੇਖਭਾਲ ਨਾਲ ਜੁੜੇ ਕਾਨੂੰਨਾਂ ’ਤੇ ਕੌਮੀ ਐਡਵਾਈਜ਼ਰੀ ਦੌਰਾਨ ਚਰਚਾ ਦੇ ਆਧਾਰ ’ਤੇ ਸਿਫਾਰਸ਼ਾਂ ਕੀਤੀਆਂ ਗਈਆਂ ਹਨ। ਕਮਿਸ਼ਨ ਨੇ ਆਪਣੀ ਰਿਪੋਰਟ ਅਮਲਾ ਤੇ ਸਿਖਲਾਈ ਵਿਭਾਗ, ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਅਤੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੂੰ ਭੇਜੀ ਹੈ।
ਕਮਿਸ਼ਨ ਦੀਆਂ ਮੁੱਖ ਸਿਫਾਰਸ਼ਾਂ
- ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਕੰਮ-ਕਾਜੀ ਮਾਤਾਵਾਂ ਲਈ ਮੌਜੂਦਾ ਨਰਸਿੰਗ ਬ੍ਰੇਕ ਨੂੰ 15 ਮਿੰਟ ਤੋਂ ਵਧਾ ਕੇ 30 ਮਿੰਟ ਕੀਤਾ ਜਾਏ। ਦਫਤਰਾਂ ਵਿਚ ਅਲੱਗ ਲੈਕਟੇਸ਼ਨ ਰੂਮ ਬਣਾਇਆ ਜਾਏ ਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਦੀ ਨਿਗਰਾਨੀ ਮਜ਼ਬੂਤ ਕੀਤੀ ਜਾਏ।
- ਸੀਸੀਐੱਲ ਲਈ ਲਾਗੂ ਦੋ ਬੱਚੇ ਦੀ ਹੱਦ ’ਤੇ ਮੁੜ ਵਿਚਾਰ ਹੋਵੇ। ਤੀਜੇ ਬੱਚੇ ਲਈ ਵੀ ਪੜਾਅਵਾਰ ਵਿਵਸਥਾ ਦੇ ਤਹਿਤ ਸੀਸੀਐੱਲ ਦਾ ਲਾਭ ਮਿਲੇ। ਸੀਸੀਐੱਲ ਤੇ ਜਣੇਪਾ ਲਾਭ ਨਾਲ ਜੁੜੇ ਸੂਬਾ ਪੱਧਰੀ ਨਿਯਮਾਂ ਵਿਚ ਇਕਰੂਪਤਾ ਲਿਆਉਣ ’ਤੇ ਜ਼ੋਰ।
- ਸਰਕਾਰੀ ਮੁਲਾਜ਼ਮਾਂ ਲਈ ਮੌਜੂਦਾ 730 ਦਿਨਾਂ ਦੀ ਸੀਸੀਐੱਲ ਨੂੰ ਦੋਵੇਂ ਕੰਮ-ਕਾਜੀ ਮਾਪਿਆਂ ਵਿਚਾਲੇ 365-365 ਦਿਨਾਂ ਵਿਚ ਵੰਡਿਆ ਜਾਵੇ ਯਾਨੀ ਸਿਰਫ਼ ਮਾਂ ਨੂੰ 730 ਦਿਨ ਛੁੱਟੀਆਂ ਦੇਣ ਦੀ ਬਜਾਏ ਮਾਤਾ-ਪਿਤਾ ਨੂੰ ਇਕ-ਇਕ ਸਾਲ ਦੀ ਛੁੱਟੀ ਮਿਲੇ।
- ਨਿੱਜੀ ਸੈਕਟਰ ਦੇ ਮੁਲਾਜ਼ਮਾਂ ਲਈ ਸੀਸੀਐੱਲ ਦੀ ਸਹੂਲਤ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਏ। ਇਸ ਦੀ ਸ਼ੁਰੂਆਤ ਵੱਡੇ ਉਦਯੋਗਾਂ ਤੋਂ ਹੋਵੇ ਤੇ ਬਾਅਦ ਵਿਚ ਇਸ ਵਿਚ ਮੱਧਮ ਤੇ ਛੋਟੇ ਉੱਦਮਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
- ਨਿੱਜੀ ਤੇ ਗੈਰਸੰਗਠਿਤ ਸੈਕਟਰ ਵਿਚ ਤਨਖ਼ਾਹ ਦੇ ਨਾਲ ਲਾਜ਼ਮੀ ਪਿਤਾ ਲਈ ਛੁੱਟੀ ਮਿਲੇ। ਇਸ ਲਈ ਸਾਰੇ ਖੇਤਰ ਵਿਚ ਬਰਾਬਰ ਨਿਯਮ ਹੋਵੇ। ਗ਼ੈਰ-ਸੰਗਠਿਤ, ਗਿਗ ਤੇ ਪਲੇਟਫਾਰਮ ਵਰਕਰਜ਼ ਨੂੰ ਵੀ ਜਣੇਪਾ ਤੇ ਬੱਚਿਆਂ ਦੀ ਦੇਖਭਾਲ ਨਾਲ ਜੁੜੇ ਲਾਭ ਮਿਲਣ।
- ਮਾਤਾ-ਪਿਤਾ ਵਿਚਾਲੇ ਸਾਝੀਆਂ ਕੀਤੀਆਂ ਜਾ ਸਕਣ ਵਾਲੀ ਫਲੈਕਸੀਬਲ ਪੈਰੇਂਟਲ ਲੀਵ ਵਿਵਸਥਾ ਅਪਣਾਉਣ ਦਾ ਸੁਝਾਅ ਦਿੱਤਾ ਗਿਆ ਹੈ। ਇਹ ਮਾਤਾ-ਪਿਤਾ ਨੂੰ ਮਿਲਣ ਵਾਲੀ ਛੁੱਟੀ ਦੀ ਅਜਿਹੀ ਵਿਵਸਥਾ ਹੋਵੇ, ਜਿਹੜੀ ਉਨ੍ਹਾਂ ਨੂੰ ਇਕਮੁਸ਼ਤ ਛੁੱਟੀਆਂ ਦੀ ਬਜਾਏ ਆਪਣੀ ਸਹੂਲਤ ਮੁਤਾਬਕ ਛੁੱਟੀ ਲੈਣ ਦੀ ਆਜ਼ਾਦੀ ਦਿੰਦਾ ਹੈ।
- ਗੋਦ ਲੈਣ ਵਾਲੀ ਤੇ ਸਰੋਗੇਸੀ ਨਾਲ ਮਾਂ ਬਣਨ ਵਾਲੀਆਂ ਮਾਤਾਵਾਂ ਨੂੰ ਬਰਾਬਰ ਤਰੀਕੇ ਨਾਲ ਜਣੇਪਾ ਲਾਭ ਮਿਲੇ। ਗੋਦ ਲੈਣ ਵਾਲੀਆਂ ਮਾਵਾਂ ਲਈ ਛੁੱਟੀ 12 ਹਫਤਿਆਂ ਤੋਂ ਵਧਾ ਕੇ 26 ਹਫਤੇ ਕੀਤਾ ਜਾਵੇ।
-ਜਣੇਪਾ ਜਾਂ ਬੱਚਿਆਂ ਦੀ ਦੇਖਭਾਲ ਕਾਰਨ ਔਰਤਾਂ ਦੇ ਕਰੀਅਰ ’ਤੇ ਨਕਾਰਾਤਮਕ ਅਸਰ ਨਾ ਹੋਵੇ। ਭਰਤੀ, ਪ੍ਰਮੋਸ਼ਨ, ਤਨਖਾਹ ਤੇ ਪੈਨਸ਼ਨ ’ਤੇ ਹੋਣ ਵਾਲੇ ਸੰਭਾਵੀ ਭੇਦਭਾਵ ਨੂੰ ਰੋਕਣ ਲਈ ਕਦਮ ਚੁੱਕੇ ਜਾਣ।