ਫੇਅਰਨੈੱਸ ਕ੍ਰੀਮ ਨੇ ਪਾਈ 17 ਸਾਲਾ ਕੁੜੀ ਦੀ ਜਾਨ ਖ਼ਤਰੇ 'ਚ, ਕਿਡਨੀ ਦੀ ਬਿਮਾਰੀ ਦਾ ਸ਼ਿਕਾਰ; ਡਾਕਟਰ ਨੇ ਦਿੱਤੀ ਬਿਨਾਂ ਸਲਾਹ ਇਸਤੇਮਾਲ ਨਾ ਕਰਨ ਦੀ ਸਲਾਹ
ਕੁੜੀ ਦੇ ਪਰਿਵਾਰ ਨੇ ਕੰਪਨੀ ਖ਼ਿਲਾਫ਼ ਖਪਤਕਾਰ ਅਦਾਲਤ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਰਿਵਾਰ ਨੇ ਕ੍ਰੀਮ ਦਾ ਨਾਂ ਜਨਤਕ ਨਹੀਂ ਕੀਤਾ ਹੈ, ਕਿਉਂਕਿ ਉਹ ਇਸ ਉਤਪਾਦ ਨਾਲ ਕਥਿਤ ਤੌਰ 'ਤੇ ਜੁੜੀ ਕਿਡਨੀ ਦੀ ਬਿਮਾਰੀ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰ ਰਿਹਾ ਹੈ।
Publish Date: Sat, 21 Nov 2026 02:21 PM (IST)
Updated Date: Sat, 21 Nov 2026 02:27 PM (IST)
ਜੇਐੱਨਐੱਨ, ਤਿਰੁਵਨੰਤਪੁਰਮ : ਕਿਸ ਨੇ ਸੋਚਿਆ ਸੀ ਕਿ ਚਮੜੀ ਨੂੰ ਗੋਰਾ ਕਰਨ ਵਾਲੀ ਇਕ ਫੇਅਰਨੈੱਸ ਕ੍ਰੀਮ ਖੂਨ ਤੇ ਸਰੀਰ 'ਚ ਪਾਰੇ ਦਾ ਪੱਧਰ ਵਧਾ ਕੇ ਗੰਭੀਰ ਕਿਡਨੀ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਅਜਿਹਾ ਕੇਰਲ ਦੀ ਇਕ ਨਾਬਾਲਗ ਕੁੜੀ ਨਾਲ ਹੋਇਆ ਹੈ, ਜੋ ਇਸ ਸਮੇਂ ਹਸਪਤਾਲ 'ਚ ਦਾਖ਼ਲ ਹੈ। ਕੇਰਲ ਦੀ 17 ਸਾਲਾ ਕੁੜੀ ਨੂੰ ਸੋਸ਼ਲ ਮੀਡੀਆ ਇਨਫਲੂਐਂਸਰਾਂ ਵੱਲੋਂ ਪ੍ਰਮੋਟ ਕੀਤੀ ਗਈ ਫੇਅਰਨੈੱਸ ਕ੍ਰੀਮ ਦੀ ਵਰਤੋਂ ਕਰਨ ਤੋਂ ਬਾਅਦ ਕਿਡਨੀ ਦੀ ਬਿਮਾਰੀ ਹੋ ਗਈ।
ਸ਼ੁਰੂਆਤ 'ਚ ਹੋਇਆ ਫਾਇਦਾ, ਪਰ ਜਲਦੀ ਦਿਖਣ ਲੱਗੇ ਮਾੜੇ ਪ੍ਰਭਾਵ
ਕੁੜੀ ਨੂੰ ਮਲੱਪੁਰਮ ਦੇ ਐਸਟਰ ਏਆਈਐਮਐਸ ਮਦਰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਇਹ ਦਾਅਵੇ ਦੇਖਣ ਤੋਂ ਬਾਅਦ ਸਕਿਨ ਕੇਅਰ ਉਤਪਾਦ ਖਰੀਦਿਆ ਸੀ ਕਿ ਇਸ ਨਾਲ ਪਿਗਮੈਂਟੇਸ਼ਨ, ਕਾਲੇ ਧੱਬਿਆਂ ਤੇ ਮੁਹਾਸਿਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਸ਼ੁਰੂਆਤ 'ਚ ਉਸ ਨੇ ਇਸ ਉਤਪਾਦ ਦੀ ਵਰਤੋਂ ਕੀਤੀ ਅਤੇ ਉਸ ਨੂੰ ਇਸ ਦਾ ਫਾਇਦਾ ਵੀ ਹੋਇਆ। ਇਸ ਤੋਂ ਬਾਅਦ ਉਸ ਨੇ ਕਈ ਵਾਰ ਇਹ ਉਤਪਾਦ ਆਰਡਰ ਕੀਤਾ।
ਹਾਲਾਂਕਿ, ਹੌਲੀ-ਹੌਲੀ ਹਾਲਾਤ ਬਦਲਣ ਲੱਗੇ। ਉਸ ਦਾ ਬਲੱਡ ਪ੍ਰੈਸ਼ਰ ਅਚਾਨਕ ਘਟਣ ਲੱਗਾ, ਲੱਤਾਂ 'ਚ ਸੋਜ ਆ ਗਈ ਅਤੇ ਉਹ ਬੇਹੋਸ਼ ਹੋਣ ਲੱਗੀ। ਜਲਦੀ ਹੀ ਉਸ ਨੂੰ ਤੁਰਨ ਅਤੇ ਪੌੜੀਆਂ ਚੜ੍ਹਨ 'ਚ ਵੀ ਮੁਸ਼ਕਲ ਆਉਣ ਲੱਗੀ। ਇਸ ਤੋਂ ਬਾਅਦ ਉਸ ਨੇ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ।
ਕ੍ਰੀਮ 'ਚ ਮਿਲੀ ਪਾਰੇ ਦੀ ਵੱਡੀ ਮਾਤਰਾ
17 ਸਾਲਾ ਕੁੜੀ ਦੀ ਜਾਂਚ ਕਰਨ ਤੋਂ ਬਾਅਦ ਡਾ. ਗੌਰੀ ਐੱਸ ਨੇ ਪਾਇਆ ਕਿ ਉਸ ਦੇ ਖੂਨ ਅਤੇ ਸਰੀਰ 'ਚ ਪਾਰੇ ਦਾ ਪੱਧਰ ਬੇਹੱਦ ਜ਼ਿਆਦਾ ਸੀ। ਪੀਟੀਆਈ (PTI) ਨੇ ਉਨ੍ਹਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਡਾਕਟਰ ਨੇ ਦੱਸਿਆ ਕਿ ਨਾਬਾਲਗ ਕੁੜੀ ਨੂੰ ਮੇਮਬ੍ਰੇਨਸ ਨੇਫ੍ਰੋਪੈਥੀ (Membranous Nephropathy) ਨਾਂ ਦੀ ਗੰਭੀਰ ਕਿਡਨੀ ਦੀ ਬਿਮਾਰੀ ਹੋਣ ਦਾ ਪਤਾ ਲੱਗਿਆ ਹੈ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ। ਵਰਤੇ ਗਏ ਸਕਿਨਕੇਅਰ ਉਤਪਾਦ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਕ੍ਰੀਮ 'ਚ ਪਾਰੇ ਦੀ ਮਾਤਰਾ 12,500 ਪਾਰਟਸ ਪਰ ਮਿਲੀਅਨ (PPM) ਸੀ, ਜੋ ਕਿ 1 ਪੀਪੀਐਮ ਦੀ ਨਿਰਧਾਰਤ ਹੱਦ ਤੋਂ ਕਾਫ਼ੀ ਜ਼ਿਆਦਾ ਹੈ। ਡਾ. ਗੌਰੀ ਮੁਤਾਬਕ, ਪਾਰਾ ਕਿਡਨੀ ਦੇ ਫਿਲਟਰ ਕਰਨ ਵਾਲੇ ਹਿੱਸਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕ੍ਰੀਮ 'ਚ ਮੌਜੂਦ ਤੱਤਾਂ ਅਤੇ ਕੁੜੀ ਦੀ ਵਿਗੜਦੀ ਸਿਹਤ ਵਿਚਾਲੇ ਸਬੰਧ ਹੈ।
ਡਾਕਟਰ ਨੇ ਲੋਕਾਂ ਨੂੰ ਬਿਨਾਂ ਸਲਾਹ ਸਕਿਨਕੇਅਰ ਉਤਪਾਦ ਵਰਤਣ ਤੋਂ ਕੀਤਾ ਸਾਵਧਾਨ
ਇਸ ਮਾਮਲੇ ਨੂੰ ਲੈ ਕੇ ਡਾ. ਗੌਰੀ ਨੇ ਲੋਕਾਂ ਨੂੰ ਫੇਅਰਨੈੱਸ ਕ੍ਰੀਮਾਂ ਰਾਹੀਂ ਤੁਰੰਤ ਨਤੀਜੇ ਜਾਂ ਚਮੜੀ ਦੇ ਰੰਗ 'ਚ ਤੇਜ਼ੀ ਨਾਲ ਸੁਧਾਰ ਦਾ ਵਾਅਦਾ ਕਰਨ ਵਾਲੇ ਗੁੰਮਰਾਹਕੁੰਨ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਅਜਿਹੇ ਉਤਪਾਦਾਂ 'ਤੇ ਨਿਰਭਰ ਰਹਿਣ ਦੀ ਬਜਾਏ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਅਤੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।
ਕੁੜੀ ਨੇ ਦੱਸਿਆ ਕਿ ਉਸ ਨੇ ਆਪਣੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਕੰਪਨੀ ਨੂੰ ਜਾਣਕਾਰੀ ਦਿੱਤੀ ਸੀ, ਪਰ ਉਸ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਪ੍ਰਭਾਵਿਤ ਨਾਬਾਲਗ ਨੇ ਦਾਅਵਾ ਕੀਤਾ ਕਿ ਸ਼ੁਰੂਆਤ 'ਚ ਕੰਪਨੀ ਨੇ ਕਿਹਾ ਸੀ ਕਿ ਉਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਪਰ ਬਾਅਦ 'ਚ ਕੰਪਨੀ ਨੇ ਉਸ ਦੇ ਸੁਨੇਹਿਆਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ।
ਕੁੜੀ ਦੇ ਪਰਿਵਾਰ ਨੇ ਕੰਪਨੀ ਖ਼ਿਲਾਫ਼ ਖਪਤਕਾਰ ਅਦਾਲਤ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਰਿਵਾਰ ਨੇ ਕ੍ਰੀਮ ਦਾ ਨਾਂ ਜਨਤਕ ਨਹੀਂ ਕੀਤਾ ਹੈ, ਕਿਉਂਕਿ ਉਹ ਇਸ ਉਤਪਾਦ ਨਾਲ ਕਥਿਤ ਤੌਰ 'ਤੇ ਜੁੜੀ ਕਿਡਨੀ ਦੀ ਬਿਮਾਰੀ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰ ਰਿਹਾ ਹੈ।