- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਦਿਮਾਗ ਵਿਗਿਆਨ ਦੇ ਮਾਹਿਰ ਵਿਗਿਆਨੀ ਗੈਰੀ ਮਾਰਕਸ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਤੇ ਡਿਜੀਟਲ ਮੈਡੀਸਨ ਮਾਹਿਰ ਐਰਿਕ ਟੋਪੋਲ ਵਰਗੇ ਆਲੋਚਕਾਂ ਦਾ ਕਹਿਣਾ ਹੈ ਕਿ ਮੌਜੂਦਾ ਏਆਈ ਮਾਡਲਾਂ ਵਿਚ ਅਜਿਹੀ ਜੀਵ ਵਿਗਿਆਨਕ ਸਮਝ ਨਹੀਂ ਹੈ, ਜੋ ਭਰੋਸੇਯੋਗ ਢੰਗ ਨਾਲ ਵੱਡੀਆਂ ਡਾਕਟਰੀ ਖੋਜਾਂ ਅਤੇ ਇਲਾਜ ਲਈ ਜ਼ਰੂਰੀ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਲਾਊਡ ਨਿਰਮਾਤਾ ਕੰਪਨੀ 'ਐਂਥਰੋਪਿਕ' ਦੇ ਸੀਈਓ ਡੇਰੀਓ ਇਮੋਡੇਈ ਨੇ ਕਿਹਾ ਹੈ ਕਿ ਏਆਈ ਦੀ ਵਰਤੋਂ ਨਾਲ ਕੈਂਸਰ, ਅਲਜ਼ਾਈਮਰ, ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਬਿਮਾਰੀਆਂ ਇਕ ਦਹਾਕੇ ਤੋਂ ਵੀ ਘੱਟ ਸਮੇਂ ਵਿਚ ਬੀਤੇ ਸਮੇਂ ਦੀ ਗੱਲ ਬਣ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਅਣਜਾਣ ਡਾਕਟਰੀ ਸਮੱਸਿਆਵਾਂ ਨਹੀਂ ਹਨ। ਇਨ੍ਹਾਂ ਤੋਂ ਲੱਖਾਂ ਪਰਿਵਾਰ ਪ੍ਰਭਾਵਿਤ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਅੱਜ ਵੀ ਡਾਕਟਰੀ ਜਗਤ ਦੀਆਂ ਸਭ ਤੋਂ ਮੁਸ਼ਕਲ ਚੁਣੌਤੀਆਂ ਵਿਚ ਸ਼ਾਮਲ ਹਨ।
ਇਮੋਡੇਈ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਇਸ ਨੂੰ ਸਹੀ ਢੰਗ ਨਾਲ ਕਰੀਏ ਤਾਂ ਚਮਤਕਾਰਾਂ ਦਾ ਅਜਿਹਾ ਯੁੱਗ ਲਿਆ ਸਕਦੇ ਹਾਂ, ਜਿਸ ਵਿਚ ਮਨੁੱਖਤਾ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰ ਸਕੇਗੀ, ਜੋ ਹਜ਼ਾਰਾਂ ਸਾਲਾਂ ਤੋਂ ਸਾਡੇ ਸਾਹਮਣੇ ਹਨ। ਇਮੋਡੇਈ ਏਆਈ ਨੂੰ ਅਜਿਹੀ ਤਕਨੀਕ ਮੰਨਦੇ ਹਨ, ਜੋ ਜੀਵ ਵਿਗਿਆਨਕ ਖੋਜ, ਦਵਾਈਆਂ ਦੀ ਖੋਜ ਅਤੇ ਡਾਕਟਰੀ ਖੇਤਰ ਵਿਚ ਨਵੀਆਂ ਪ੍ਰਾਪਤੀਆਂ ਦੀ ਰਫ਼ਤਾਰ ਨੂੰ ਕਾਫ਼ੀ ਵਧਾ ਸਕਦੀ ਹੈ। ਇਮੋਡੇਈ ਇਕੱਲੇ ਨਹੀਂ ਹਨ। ਐਲਨ ਮਸਕ ਅਤੇ ਗੂਗਲ ਦੇ ਏਆਈ ਮੁਖੀ ਡੇਮਿਸ ਹਾਸਾਬਿਸ ਸਮੇਤ ਹੋਰ ਏਆਈ ਦਿੱਗਜਾਂ ਨੇ ਵੀ ਇਸੇ ਤਰ੍ਹਾਂ ਦੇ ਵਾਅਦੇ ਕੀਤੇ ਹਨ। ਹਾਸਾਬਿਸ ਦਾ ਕਹਿਣਾ ਹੈ ਕਿ ਏਆਈ ਦਵਾਈ ਦੀ ਖੋਜ ਵਿਚ ਲੱਗਣ ਵਾਲੇ ਇਕ ਦਹਾਕੇ ਦੇ ਸਮੇਂ ਨੂੰ ਕੁਝ ਹਫ਼ਤਿਆਂ ਵਿਚ ਸਮੇਟ ਸਕਦੀ ਹੈ। ਇਸ ਨਾਲ ਸੰਭਾਵੀ ਤੌਰ 'ਤੇ 'ਬਿਮਾਰੀਆਂ ਦਾ ਅੰਤ' ਹੋ ਸਕਦਾ ਹੈ ਜਾਂ ਇਕ ਦਹਾਕੇ ਦੇ ਅੰਦਰ ਸਾਰੀਆਂ ਬਿਮਾਰੀਆਂ ਦਾ ਇਲਾਜ ਲੱਭਿਆ ਜਾ ਸਕਦਾ ਹੈ। ਉਨ੍ਹਾਂ ਨੇ 'ਅਲਫਾਫੋਲਡ' ਵਰਗੀਆਂ ਪ੍ਰਾਪਤੀਆਂ ਦਾ ਹਵਾਲਾ ਦਿੱਤਾ ਹੈ, ਜਿਸ ਨੇ 20 ਕਰੋੜ ਤੋਂ ਵੱਧ ਪ੍ਰੋਟੀਨ ਸੰਰਚਨਾਵਾਂ ਦੀ ਮੈਪਿੰਗ ਕੀਤੀ। ਉਨ੍ਹਾਂ ਮੁਤਾਬਕ, ਇਹ ਇਸ ਗੱਲ ਦਾ ਸਬੂਤ ਹੈ ਕਿ ਏਆਈ ਜੀਵ ਵਿਗਿਆਨਕ ਖੋਜ ਦੀ ਰਫ਼ਤਾਰ ਵਿਚ ਵੱਡੀ ਤਬਦੀਲੀ ਲਿਆ ਸਕਦੀ ਹੈ। 'ਅਲਫਾਫੋਲਡ' ਇਕ ਅਸਲ ਵਿਗਿਆਨਕ ਪ੍ਰਾਪਤੀ ਹੈ, ਪਰ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਏਆਈ ਇਕ ਦਹਾਕੇ ਦੇ ਅੰਦਰ ਕੈਂਸਰ, ਅਲਜ਼ਾਈਮਰ ਜਾਂ ਹੋਰ ਗੁੰਝਲਦਾਰ ਬਿਮਾਰੀਆਂ ਦਾ ਇਲਾਜ ਲੱਭ ਸਕਦੀ ਹੈ। ਮਸਕ ਦਾ ਦਾਅਵਾ ਹੈ ਕਿ ਏਆਈ ਦੀ ਤਰੱਕੀ ਕਾਰਨ ਪੂਰੀ ਮਨੁੱਖਤਾ ਨੂੰ ਉਸੇ ਪੱਧਰ ਦੀਆਂ ਸਰਬੋਤਮ ਡਾਕਟਰੀ ਸਹੂਲਤਾਂ ਮਿਲ ਸਕਣਗੀਆਂ, ਜਿਹੋ ਜਿਹੀਆਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਦੀਆਂ ਹਨ।
ਇਨ੍ਹਾਂ ਦਾਅਵਿਆਂ ਵਿਚ ਇਕ ਪੇਚ ਹੈ। ਦਵਾਈਆਂ ਵਿਕਸਤ ਕਰਨ ਵਾਲੇ ਲੋਕ ਇਸ ਸਮਾਂ-ਹੱਦ ਨੂੰ ਸਹੀ ਨਹੀਂ ਮੰਨਦੇ। ਮਾਹਿਰ ਅਤੇ ਦਵਾਈ ਕੰਪਨੀਆਂ ਦੇ ਮੁਖੀ ਵੀ ਅਜੇ ਭਰੋਸੇਮੰਦ ਨਹੀਂ ਹਨ। ਵਰਟੈਕਸ ਫਾਰਮਾਸਿਊਟੀਕਲਜ਼ ਦੇ ਕਾਰਜਕਾਰੀ ਚੇਅਰਮੈਨ ਜੈਫ ਲੇਡੇਨ ਨੇ ਇਨ੍ਹਾਂ ਸਮਾਂ-ਹੱਦਾਂ ਨੂੰ ਪੂਰੀ ਤਰ੍ਹਾਂ ਬਕਵਾਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਰਟੈਕਸ ਨੇ 10 ਹਜ਼ਾਰ ਡਰੱਗ ਕੰਪਾਊਂਡਾਂ ਦੀ ਜਾਂਚ ਲਈ ਕਰੀਬ 50 ਏਆਈ ਕੰਪਨੀਆਂ ਨੂੰ ਪਰਖਿਆ, ਪਰ ਉਨ੍ਹਾਂ ਵਿੱਚੋਂ ਇਕ ਵੀ ਆਪਣੇ ਦਮ 'ਤੇ ਕਾਰਗਰ ਦਵਾਈ ਨਹੀਂ ਬਣਾ ਸਕੀ। ਦਵਾਈ ਕੰਪਨੀਆਂ ਦੇ ਮੁਖੀਆਂ ਦਾ ਕਹਿਣਾ ਹੈ ਕਿ ਮੁੱਢਲੇ ਅਣੂਆਂ (ਮੌਲੀਕਿਊਲਜ਼) ਦੀ ਖੋਜ ਤੇਜ਼ ਹੋਣ ਨਾਲ ਕਲੀਨਿਕਲ ਪ੍ਰੀਖਣ, ਰੈਗੂਲੇਟਰੀ ਸਮੀਖਿਆ ਜਾਂ ਜਾਨਵਰਾਂ ਅਤੇ ਮਨੁੱਖਾਂ 'ਤੇ ਜੀਵ ਵਿਗਿਆਨਕ ਪ੍ਰੀਖਣਾਂ ਦੀ ਲੋੜ ਖ਼ਤਮ ਨਹੀਂ ਹੋ ਜਾਂਦੀ। ਕਿਸੇ ਦਵਾਈ ਦੇ ਵਿਕਾਸ ਦੀ 10 ਤੋਂ 12 ਸਾਲ ਦੀ ਪ੍ਰਕਿਰਿਆ ਦਾ ਜ਼ਿਆਦਾਤਰ ਸਮਾਂ ਇਨ੍ਹਾਂ ਪੜਾਵਾਂ ਵਿਚ ਹੀ ਲੱਗਦਾ ਹੈ। ਕੰਪਿਊਟਰ ਸਕਰੀਨ 'ਤੇ ਆਸਵੰਦ ਦਿਖਾਈ ਦੇਣ ਵਾਲੇ ਅਣੂ ਦੀ ਖੋਜ ਸਿਰਫ਼ ਸ਼ੁਰੂਆਤ ਹੈ। ਇਹ ਜਾਣਨ ਲਈ ਕਿ ਉਹ ਸੁਰੱਖਿਅਤ ਹੈ ਅਤੇ ਅਸਲ ਵਿਚ ਕਾਰਗਰ ਹੈ ਜਾਂ ਨਹੀਂ; ਉਸ ਨੂੰ ਪ੍ਰਯੋਗਸ਼ਾਲਾ ਵਿਚ, ਜਾਨਵਰਾਂ 'ਤੇ ਅਤੇ ਅੰਤ ਵਿਚ ਮਨੁੱਖਾਂ 'ਤੇ ਕਲੀਨਿਕਲ ਪ੍ਰੀਖਣਾਂ ਵਿਚ ਪਰਖਣਾ ਪੈਂਦਾ ਹੈ। ਏਆਈ ਸੰਭਾਵੀ ਇਲਾਜ ਦੀ ਖੋਜ ਤੇਜ਼ ਕਰ ਸਕਦੀ ਹੈ, ਪਰ ਇਨ੍ਹਾਂ ਪੜਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀ।
ਮਨੁੱਖੀ ਦਿਮਾਗ ਵਿਗਿਆਨ ਦੇ ਮਾਹਿਰ ਵਿਗਿਆਨੀ ਗੈਰੀ ਮਾਰਕਸ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਤੇ ਡਿਜੀਟਲ ਮੈਡੀਸਨ ਮਾਹਿਰ ਐਰਿਕ ਟੋਪੋਲ ਵਰਗੇ ਆਲੋਚਕਾਂ ਦਾ ਕਹਿਣਾ ਹੈ ਕਿ ਮੌਜੂਦਾ ਏਆਈ ਮਾਡਲਾਂ ਵਿਚ ਅਜਿਹੀ ਜੀਵ ਵਿਗਿਆਨਕ ਸਮਝ ਨਹੀਂ ਹੈ, ਜੋ ਭਰੋਸੇਯੋਗ ਢੰਗ ਨਾਲ ਵੱਡੀਆਂ ਡਾਕਟਰੀ ਖੋਜਾਂ ਅਤੇ ਇਲਾਜ ਲਈ ਜ਼ਰੂਰੀ ਹੈ। 2026 ਤੱਕ ਏਆਈ ਦੁਆਰਾ ਤਿਆਰ ਕੀਤੀ ਗਈ ਕਿਸੇ ਦਵਾਈ ਨੂੰ ਪੂਰੀ ਤਰ੍ਹਾਂ ਡਾਕਟਰੀ ਵਰਤੋਂ ਵਿਚ ਨਹੀਂ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਡਾਕਟਰੀ ਖੇਤਰ ਵਿਚ ਇਤਿਹਾਸ ਰਿਹਾ ਹੈ ਕਿ ਕੋਈ ਵੀ ਪ੍ਰਾਪਤੀ ਤੈਅ ਕੀਤੀ ਗਈ ਸਮਾਂ-ਹੱਦ ਵਿਚ ਹਾਸਲ ਨਹੀਂ ਹੋਈ। ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ ਕੈਂਸਰ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਇਸ ਦੀ ਮਿਸਾਲ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀਆਂ ਖਾਹਿਸ਼ੀ ਭਵਿੱਖਬਾਣੀਆਂ ਨਾਲ ਲੋਕਾਂ ਦੀਆਂ ਉਮੀਦਾਂ ਵਿਗਿਆਨ ਦੀ ਮੌਜੂਦਾ ਸਮਰੱਥਾ ਤੋਂ ਕਿਤੇ ਜ਼ਿਆਦਾ ਵਧ ਸਕਦੀਆਂ ਹਨ।