- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤਹਿਤ ਪਹਿਲੀ ਟੀਮ ਉੱਤਰਾਖੰਡ ਭੇਜੀ ਗਈ ਹੈ। ਜੋ ਸੰਕੇਤ ਮਿਲ ਰਹੇ ਹਨ, ਉਨ੍ਹਾਂ ਅਨੁਸਾਰ ਚੋਣ ਕਮਿਸ਼ਨ ਵੀ 15 ਦਸੰਬਰ ਤੱਕ ਪੰਜਾਂ ਸੂਬਿਆਂ ਦਾ ਦੌਰਾ ਪੂਰਾ ਕਰ ਲਵੇਗਾ। ਅਜਿਹੇ ਵਿਚ 15 ਦਸੰਬਰ ਤੋਂ ਬਾਅਦ ਇਨ੍ਹਾਂ ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ: ਐੱਸਆਈਆਰ ਵਿਚ ਗੜਬੜੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਾਵੇਂ ਚੋਣ ਕਮਿਸ਼ਨ ਨੂੰ ਘੇਰਨ ਵਿਚ ਜੁਟੀਆਂ ਹੋਈਆਂ ਹਨ, ਪਰ ਇਸ ਤੋਂ ਬੇਫ਼ਿਕਰ ਚੋਣ ਕਮਿਸ਼ਨ ਅਗਲੇ ਸਾਲ ਯਾਨੀ 2027 ਦੇ ਸ਼ੁਰੂ ਵਿਚ ਹੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਪੂਰੀ ਸ਼ਿੱਦਤ ਨਾਲ ਰੁੱਝ ਗਿਆ ਹੈ। ਕਮਿਸ਼ਨ ਨੇ ਸੂਬਿਆਂ ਵਿਚ ਚੋਣ ਤਿਆਰੀਆਂ ਦੀ ਜਾਂਚ ਕਰਨ ਲਈ ਅਧਿਕਾਰੀਆਂ ਦੀਆਂ ਟੀਮਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਪਹਿਲੀ ਟੀਮ ਉੱਤਰਾਖੰਡ ਭੇਜੀ ਗਈ ਹੈ। ਜੋ ਸੰਕੇਤ ਮਿਲ ਰਹੇ ਹਨ, ਉਨ੍ਹਾਂ ਅਨੁਸਾਰ ਚੋਣ ਕਮਿਸ਼ਨ ਵੀ 15 ਦਸੰਬਰ ਤੱਕ ਪੰਜਾਂ ਸੂਬਿਆਂ ਦਾ ਦੌਰਾ ਪੂਰਾ ਕਰ ਲਵੇਗਾ। ਅਜਿਹੇ ਵਿਚ 15 ਦਸੰਬਰ ਤੋਂ ਬਾਅਦ ਇਨ੍ਹਾਂ ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਹੈ।
ਕਮਿਸ਼ਨ ਨਾਲ ਜੁੜੇ ਅਧਿਕਾਰਤ ਸੂਤਰਾਂ ਅਨੁਸਾਰ ਪੰਜਾਂ ਚੋਣਾਂ ਵਾਲੇ ਸੂਬਿਆਂ ਵਿਚ ਅਧਿਕਾਰੀਆਂ ਦੇ ਪੱਧਰ ’ਤੇ ਚੋਣ ਤਿਆਰੀਆਂ ਦੀ ਜਾਂਚ ਦਾ ਕੰਮ 15 ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉੱਤਰ ਪ੍ਰਦੇਸ਼ ਨੂੰ ਛੱਡ ਦੇਈਏ ਤਾਂ ਬਾਕੀ ਚਾਰ ਸੂਬਿਆਂ ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿਚ ਚੋਣ ਤਿਆਰੀਆਂ ਦੀ ਜਾਂਚ ਲਈ ਅਧਿਕਾਰੀਆਂ ਦਾ ਇਹ ਦੌਰਾ ਅਕਤੂਬਰ ਮਹੀਨੇ ਵਿਚ ਹੀ ਪੂਰਾ ਹੋ ਜਾਵੇਗਾ। ਜਦਕਿ ਨਵੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿਚ ਅਧਿਕਾਰੀਆਂ ਦੀਆਂ ਟੀਮਾਂ ਉੱਤਰ ਪ੍ਰਦੇਸ਼ ਜਾਣਗੀਆਂ। ਅਧਿਕਾਰੀਆਂ ਦਾ ਇਹ ਦੌਰਾ ਪੂਰਾ ਹੋਣ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਸਮੇਤ ਚੋਣ ਕਮਿਸ਼ਨ ਦਾ ਦੌਰਾ ਸ਼ੁਰੂ ਹੋਵੇਗਾ। ਯੋਜਨਾ ਅਨੁਸਾਰ ਇਹ ਦੌਰਾ ਵੀ 15 ਦਸੰਬਰ ਤੱਕ ਪੂਰਾ ਹੋ ਜਾਵੇਗਾ। ਅਜਿਹੇ ਵਿਚ ਇਸ ਤੋਂ ਬਾਅਦ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਵੈਸੇ ਵੀ ਕਮਿਸ਼ਨ ਦੇ ਦੌਰੇ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਹੁਣ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ 2022 ਵਿਚ ਇਨ੍ਹਾਂ ਪੰਜਾਂ ਸੂਬਿਆਂ ਦੀਆਂ ਚੋਣਾਂ ਦਾ ਐਲਾਨ 8 ਜਨਵਰੀ ਨੂੰ ਕੀਤਾ ਗਿਆ ਸੀ।
ਈਵੀਐੱਮ ਦੀ ਪਹਿਲੇ ਪੜਾਅ ਦੀ ਜਾਂਚ ਸ਼ੁਰੂ
ਚੋਣ ਤਿਆਰੀਆਂ ਦੇ ਇਸ ਸਿਲਸਿਲੇ ਵਿਚ ਚੋਣ ਕਮਿਸ਼ਨ ਨੇ ਪੰਜਾਂ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਰਤੀਆਂ ਜਾਣ ਵਾਲੀਆਂ ਈਵੀਐੱਮ ਦੀ ਪਹਿਲੇ ਪੜਾਅ ਦੀ ਜਾਂਚ (ਐੱਫਐੱਲਸੀ) ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਦੀ ਦੇਖ-ਰੇਖ ਅਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਅਧਿਕਾਰਤ ਇੰਜੀਨੀਅਰਾਂ ਵੱਲੋਂ ਈਵੀਐੱਮ ਮਸ਼ੀਨਾਂ ਦੀ ਤਕਨੀਕੀ ਜਾਂਚ ਕੀਤੀ ਜਾਂਦੀ ਹੈ। ਨਾਲ ਹੀ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਚੋਣਾਂ ਵਿਚ ਵਰਤੋਂ ਲਈ ਕਿਹੜੀਆਂ ਮਸ਼ੀਨਾਂ ਠੀਕ ਹਨ।
ਇਸ ਦੀ ਸ਼ੁਰੂਆਤ ਤੋਂ ਪਹਿਲਾਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜੋ ਉਹ ਉਸ ਦੌਰਾਨ ਮੌਜੂਦ ਰਹਿਣ। ਇਸ ਦੌਰਾਨ ਸਿਆਸੀ ਪਾਰਟੀਆਂ ਦੀ ਮੌਜੂਦਗੀ ਵਿਚ ਹੀ ਵੇਅਰਹਾਊਸ ਖੋਲ੍ਹਿਆ ਜਾਂਦਾ ਹੈ। ਨਾਲ ਹੀ ਇੰਜੀਨੀਅਰਾਂ ਦੀ ਟੀਮ ਨੂੰ ਪਛਾਣ ਪੱਤਰਾਂ ਸਮੇਤ ਅੰਦਰ ਲਿਆਂਦਾ ਜਾਂਦਾ ਹੈ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਰਹਿੰਦੇ ਹਨ। ਨਾਲ ਹੀ ਸੀਸੀਟੀਵੀ ਰਾਹੀਂ ਰਿਕਾਰਡਿੰਗ ਵੀ ਕੀਤੀ ਜਾਂਦੀ ਹੈ। ਇਸ ਦੌਰਾਨ ਇੰਜੀਨੀਅਰ ਮਸ਼ੀਨ ਦੇ ਹਰ ਹਿੱਸੇ, ਯਾਨੀ ਕੰਟਰੋਲ ਯੁਨਿਟ, ਬੈਲਟ ਯੁਨਿਟ ਅਤੇ ਵੀਵੀਪੈਟ ਦੀ ਬਾਰੀਕੀ ਨਾਲ ਜਾਂਚ ਕਰਦੇ ਹਨ ਅਤੇ ਦੇਖਦੇ ਹਨ ਕਿ ਸਾਰੇ ਉਪਕਰਨ ਅਸਲੀ ਹਨ ਅਤੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਇਕ-ਇਕ ਮਸ਼ੀਨ ਦੀ ਸਫ਼ਾਈ ਕੀਤੀ ਜਾਂਦੀ ਹੈ ਅਤੇ ਪੁਰਾਣੀ ਬੈਟਰੀ ਬਦਲ ਕੇ ਨਵੀਂ ਅਸਲੀ ਬੈਟਰੀ ਲਗਾਈ ਜਾਂਦੀ ਹੈ। ਇਸ ਤੋਂ ਬਾਅਦ ਸਿਆਸੀ ਪਾਰਟੀਆਂ ਦੀ ਮੌਜੂਦਗੀ ਵਿਚ ਹਰੇਕ ਮਸ਼ੀਨ ’ਤੇ ਇੱਕ ਮੌਕ ਪੋਲ ਕਰਵਾਇਆ ਜਾਂਦਾ ਹੈ ਅਤੇ ਇਹ ਦੇਖਿਆ ਜਾਂਦਾ ਹੈ ਕਿ ਮਸ਼ੀਨਾਂ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ ਜਾਂ ਨਹੀਂ। ਸਹੀ ਢੰਗ ਨਾਲ ਕੰਮ ਕਰਨ ਵਾਲੀਆਂ ਮਸ਼ੀਨਾਂ ’ਤੇ ਹਰੀ ਪਰਚੀ ਲਗਾ ਕੇ ਸਿਆਸੀ ਪਾਰਟੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਨੂੰ ਸਟਰਾਂਗ ਰੂਮ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ।