ਅਲ ਨੀਨੋ ਨੇ ਬਦਲਿਆ ਭਾਰਤ ਦਾ ਪ੍ਰਦੂਸ਼ਣ ਮੈਪ! ਉੱਤਰੀ ਭਾਰਤ 'ਚ ਘਟੀ ਧੁੰਦ, ਦੱਖਣੀ ਸ਼ਹਿਰਾਂ ਦੀ ਹਵਾ ਹੋਈ ਵੱਧ ਪ੍ਰਦੂਸ਼ਿਤ
2022-2023 ਦੀਆਂ ਸਰਦੀਆਂ ਦੌਰਾਨ ਉੱਤਰੀ ਭਾਰਤ ਦੀ ਹਵਾ ਸਾਫ਼ ਰਹੀ। ਇਸ ਦਾ ਮੁੱਖ ਕਾਰਨ PM2.5 ਦੇ ਪੱਧਰ 'ਚ 30 ਫ਼ੀਸਦੀ ਦੀ ਕਮੀ ਸੀ। ਇਸ ਦੇ ਉਲਟ ਦੱਖਣੀ ਭਾਰਤ ਦੀ ਹਵਾ ਵੱਧ ਪ੍ਰਦੂਸ਼ਿਤ ਰਹੀ, ਕਿਉਂਕਿ ਉੱਥੇ PM2.5 ਦੇ ਪੱਧਰ 'ਚ 45 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
Publish Date: Sat, 24 Oct 2026 11:36 AM (IST)
Updated Date: Sat, 24 Oct 2026 11:40 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮੌਸਮ 'ਚ ਬਦਲਾਅ ਦੇ ਨਾਲ ਹੁਣ ਅਲ ਨੀਨੋ ਨੇ ਪ੍ਰਦੂਸ਼ਣ ਦੇ ਪੈਟਰਨ ਨੂੰ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਇਸ ਦੀ ਤਾਜ਼ਾ ਮਿਸਾਲ ਭਾਰਤ ਦੇ ਪ੍ਰਦੂਸ਼ਣ ਦੇ ਨਕਸ਼ੇ 'ਤੇ ਦੇਖਣ ਨੂੰ ਮਿਲੀ ਹੈ। ਜਿੱਥੇ ਉੱਤਰੀ ਭਾਰਤ 'ਚ ਪ੍ਰਦੂਸ਼ਣ ਘਟਿਆ, ਉੱਥੇ ਹੀ ਦੱਖਣੀ ਭਾਰਤ 'ਚ ਇਸ ਦਾ ਪੱਧਰ ਵਧ ਗਿਆ।
2022-2023 ਦੀਆਂ ਸਰਦੀਆਂ ਦੌਰਾਨ ਉੱਤਰੀ ਭਾਰਤ ਦੀ ਹਵਾ ਸਾਫ਼ ਰਹੀ। ਇਸ ਦਾ ਮੁੱਖ ਕਾਰਨ PM2.5 ਦੇ ਪੱਧਰ 'ਚ 30 ਫ਼ੀਸਦੀ ਦੀ ਕਮੀ ਸੀ। ਇਸ ਦੇ ਉਲਟ ਦੱਖਣੀ ਭਾਰਤ ਦੀ ਹਵਾ ਵੱਧ ਪ੍ਰਦੂਸ਼ਿਤ ਰਹੀ, ਕਿਉਂਕਿ ਉੱਥੇ PM2.5 ਦੇ ਪੱਧਰ 'ਚ 45 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਅਗਲੇ ਸਾਲ ਹਾਲਾਤ ਬਿਲਕੁਲ ਉਲਟ ਹੋ ਗਏ ਅਤੇ ਦੱਖਣ ਦੇ ਮੁਕਾਬਲੇ ਉੱਤਰੀ ਭਾਰਤ 'ਚ ਵੱਧ ਪ੍ਰਦੂਸ਼ਣ ਦੇਖਣ ਨੂੰ ਮਿਲਿਆ।
ਲਾ ਨੀਨਾ ਤੇ ਅਲ ਨੀਨੋ ਨੇ ਬਦਲਿਆ ਪ੍ਰਦੂਸ਼ਣ ਦਾ ਰੁਖ਼
ਹਾਲ ਹੀ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਸ ਦੇ ਮੁੱਖ ਕਾਰਨ ਦਾ ਖ਼ੁਲਾਸਾ ਕੀਤਾ ਗਿਆ ਹੈ। 2022-2023 ਦੌਰਾਨ ਭਾਰਤ 'ਤੇ ਲਾ ਨੀਨਾ ਦਾ ਪ੍ਰਭਾਵ ਸੀ, ਜਦਕਿ 2023-2024 ਦੀਆਂ ਸਰਦੀਆਂ 'ਚ ਅਲ ਨੀਨੋ ਦਾ ਅਸਰ ਰਿਹਾ। 'ਐਟਮੌਸਫੇਰਿਕ ਪਲੂਸ਼ਨ ਰਿਸਰਚ' ਜਰਨਲ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਖੋਜ ਪੱਤਰ 'ਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦਾ ਸਿਰਲੇਖ 'ਏਅਰ ਕੁਆਲਿਟੀ ਇਨ ਫਲਕਸ: ਦ ਬੈਫਲਿੰਗ ENSO ਟ੍ਰਾਂਜ਼ਿਸ਼ਨ ਇਨ ਇੰਡੀਆ' ਹੈ।
ਇਸ ਅਧਿਐਨ ਮੁਤਾਬਕ, ਲਾ ਨੀਨਾ ਅਤੇ ਅਲ ਨੀਨੋ ਨੇ PM2.5 ਪ੍ਰਦੂਸ਼ਣ ਦੇ ਫੈਲਣ ਦੇ ਰੁਖ ਨੂੰ ਬਦਲ ਦਿੱਤਾ। ਇਨ੍ਹਾਂ ਕੁਦਰਤੀ ਜਲਵਾਯੂ ਚੱਕਰਾਂ ਨੇ ਮੌਸਮ ਦੀਆਂ ਉਨ੍ਹਾਂ ਸਥਿਤੀਆਂ ਨੂੰ ਵੀ ਪ੍ਰਭਾਵਿਤ ਕੀਤਾ, ਜੋ ਇਹ ਤੈਅ ਕਰਦੀਆਂ ਹਨ ਕਿ ਪ੍ਰਦੂਸ਼ਕ ਹਵਾ 'ਚ ਫੈਲਣਗੇ ਜਾਂ ਕਿਸੇ ਇਕ ਥਾਂ 'ਤੇ ਜਮ੍ਹਾਂ ਹੋ ਜਾਣਗੇ।
ਪ੍ਰਦੂਸ਼ਕ ਤੱਤਾਂ 'ਤੇ ਪੈਂਦਾ ਹੈ ਮੌਸਮ ਦਾ ਅਸਰ
ਇਹ ਪਹਿਲਾਂ ਤੋਂ ਹੀ ਪਤਾ ਹੈ ਕਿ ਵਾਯੂਮੰਡਲ ਦੀਆਂ ਸਥਿਤੀਆਂ ਪ੍ਰਦੂਸ਼ਣ 'ਤੇ ਅਸਰ ਪਾਉਂਦੀਆਂ ਹਨ ਅਤੇ ਇਸ ਦੇ ਪੱਧਰ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਨਵੇਂ ਅਧਿਐਨ 'ਚ ਦੱਸਿਆ ਗਿਆ ਹੈ ਕਿ ਸਰਦੀਆਂ ਦੌਰਾਨ ਅਲ ਨੀਨੋ ਅਤੇ ਲਾ ਨੀਨਾ ਕਾਰਨ ਵਾਯੂਮੰਡਲ ਦਾ ਵਿਹਾਰ ਕਿੰਨਾ ਵੱਖਰਾ ਹੋ ਸਕਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪ੍ਰਦੂਸ਼ਕ ਤੱਤ ਕਿਹੜੇ ਇਲਾਕਿਆਂ 'ਚ ਜਮ੍ਹਾਂ ਹੋਣਗੇ ਅਤੇ ਹਵਾਵਾਂ ਦੇ ਨਾਲ ਕਿੱਥੇ ਪਹੁੰਚ ਜਾਣਗੇ।
ਦਿੱਲੀ-NCR 'ਚ ਸਰਦੀਆਂ ਦੌਰਾਨ ਵਧ ਜਾਂਦਾ ਹੈ ਪ੍ਰਦੂਸ਼ਣ
ਜ਼ਿਕਰਯੋਗ ਹੈ ਕਿ ਸਰਦੀਆਂ ਸ਼ੁਰੂ ਹੁੰਦਿਆਂ ਹੀ ਦਿੱਲੀ-NCR 'ਚ ਪ੍ਰਦੂਸ਼ਣ ਦਾ ਪੱਧਰ ਵਧਣ ਲੱਗਦਾ ਹੈ। ਪਰਾਲੀ ਸਾੜਨ ਅਤੇ ਵਾਹਨਾਂ 'ਚੋਂ ਨਿਕਲਣ ਵਾਲੇ ਧੂੰਏਂ ਨੂੰ ਲੈ ਕੇ ਹਰ ਸਾਲ ਚਰਚਾ ਹੁੰਦੀ ਹੈ। ਇਸੇ ਸੰਦਰਭ 'ਚ ਖੋਜਕਰਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਅਧਿਐਨ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਅਲ ਨੀਨੋ ਕਾਰਨ ਦਿੱਲੀ ਜਾਂ ਉੱਤਰੀ ਭਾਰਤ 'ਚ ਹਵਾ ਦੀ ਗੁਣਵੱਤਾ ਹਮੇਸ਼ਾ ਖ਼ਰਾਬ ਹੀ ਰਹੇਗੀ।
ਬਦਲ ਵੀ ਸਕਦਾ ਹੈ ਪ੍ਰਦੂਸ਼ਣ ਦਾ ਪੈਟਰਨ
ਰਿਪੋਰਟ ਦੇ ਲੇਖਕ ਅਤੇ ਵਾਯੂਮੰਡਲੀ ਵਿਗਿਆਨੀ ਗੁਫ਼ਰਾਨ ਬੇਗ ਨੇ ਦੱਸਿਆ ਕਿ ਇਸ ਅਧਿਐਨ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ 2023-2024 ਦੌਰਾਨ ਦੇਖਿਆ ਗਿਆ ਅਲ ਨੀਨੋ ਦਾ ਪੈਟਰਨ ਇਸ ਸਰਦੀ 'ਚ ਵੀ ਦੁਹਰਾਇਆ ਜਾਵੇਗਾ। ਉਨ੍ਹਾਂ ਮੁਤਾਬਕ, ਅਧਿਐਨ 'ਚ ਸ਼ਾਮਲ ਕੀਤੇ ਗਏ ਦੋਵੇਂ ਸਾਲ ਆਮ ਸਾਲ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦਾ ਅਲ ਨੀਨੋ ਹੁਣ ਤਕ ਦਾ ਸਭ ਤੋਂ ਸ਼ਕਤੀਸ਼ਾਲੀ ਹੋ ਸਕਦਾ ਹੈ।
ਅਧਿਐਨ 'ਚ ਪਾਇਆ ਗਿਆ ਕਿ 2022-2023 ਦੀਆਂ ਲਾ ਨੀਨਾ ਵਾਲੀਆਂ ਸਰਦੀਆਂ ਦੌਰਾਨ ਉੱਤਰੀ ਭਾਰਤ 'ਚ ਤੇਜ਼ ਹਵਾਵਾਂ ਚੱਲੀਆਂ। ਇਸ ਕਾਰਨ ਪਰਾਲੀ ਸਾੜਨ ਅਤੇ ਸਥਾਨਕ ਸਰੋਤਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਹਵਾ 'ਚ ਫੈਲ ਗਿਆ।
ਦਿੱਲੀ ਤੋਂ ਦੂਰ ਚਲਾ ਗਿਆ ਪ੍ਰਦੂਸ਼ਣ
ਹਵਾਵਾਂ ਦਾ ਰੁਖ ਬਦਲਣ ਕਾਰਨ ਪ੍ਰਦੂਸ਼ਕ ਤੱਤ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲੇ ਗਏ। ਅੱਗੇ ਵਧਦਿਆਂ ਇਹ ਦੱਖਣ ਵੱਲ ਪਹੁੰਚ ਗਏ। ਇਸ ਕਾਰਨ ਦੱਖਣੀ ਭਾਰਤ ਦੇ ਸ਼ਹਿਰਾਂ, ਜਿਵੇਂ ਮੁੰਬਈ ਅਤੇ ਤਿਰੂਵਨੰਤਪੁਰਮ 'ਚ PM2.5 ਦਾ ਪੱਧਰ ਕਾਫ਼ੀ ਵਧ ਗਿਆ। ਇਸ ਤੋਂ ਅਗਲੀਆਂ ਸਰਦੀਆਂ 'ਚ ਹਾਲਾਤ ਬਦਲ ਗਏ। ਅਲ ਨੀਨੋ ਦੇ ਪ੍ਰਭਾਵ ਹੇਠ ਉੱਤਰੀ ਭਾਰਤ 'ਚ ਹਵਾਵਾਂ ਕਮਜ਼ੋਰ ਪੈ ਗਈਆਂ। ਨਤੀਜੇ ਵਜੋਂ ਹਵਾਵਾਂ ਪ੍ਰਦੂਸ਼ਕ ਤੱਤਾਂ ਨੂੰ ਦੂਰ ਲਿਜਾਣ ਦੀ ਬਜਾਏ ਦਿੱਲੀ ਅਤੇ ਜੈਪੁਰ ਵਰਗੇ ਇਲਾਕਿਆਂ 'ਚੋਂ ਲੰਘਣ ਲੱਗੀਆਂ। ਇਸ ਨਾਲ ਜੈਪੁਰ 'ਚ 2019-2022 ਦੇ ਮੁਕਾਬਲੇ ਪ੍ਰਦੂਸ਼ਣ 'ਚ 50 ਫ਼ੀਸਦੀ ਅਤੇ ਦਿੱਲੀ 'ਚ 10 ਫ਼ੀਸਦੀ ਵਾਧਾ ਦਰਜ ਕੀਤਾ ਗਿਆ।
ਕੁੱਲ ਮਿਲਾ ਕੇ, ਅਧਿਐਨ 'ਚ ਪਾਇਆ ਗਿਆ ਕਿ 2019 ਤੋਂ 2022 ਦੌਰਾਨ PM2.5 ਦੇ ਪੱਧਰ 'ਚ ਹਰ ਸਾਲ ਕਾਫ਼ੀ ਉਤਰਾਅ-ਚੜ੍ਹਾਅ ਆਇਆ। ਇਸ ਸਮੇਂ ਦੌਰਾਨ ਪ੍ਰਦੂਸ਼ਣ ਦੇ ਪੱਧਰ 'ਚ 40 ਫ਼ੀਸਦੀ ਕਮੀ ਤੋਂ ਲੈ ਕੇ 70 ਫ਼ੀਸਦੀ ਵਾਧੇ ਤੱਕ ਦੇ ਬਦਲਾਅ ਦੇਖੇ ਗਏ।