ECINET ਵਿਵਾਦ: ਚੋਣ ਕਮਿਸ਼ਨ ਨੇ ਸਾਫਟਵੇਅਰ ਦੀ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ, ਕਾਂਗਰਸ ਨੇ ਚੁੱਕੇ ਸਵਾਲ
ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ECINET ਸਾਫਟਵੇਅਰ ਅਤੇ AI ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਹੋਈ ਕਥਿਤ ਕੇਂਦਰੀਕ੍ਰਿਤ ਹੇਰਾਫੇਰੀ ਦੀ ਸੱਚਾਈ ਸਾਹਮਣੇ ਆ ਜਾਵੇਗੀ।
Publish Date: Sun, 25 Oct 2026 04:34 PM (IST)
Updated Date: Sun, 25 Oct 2026 04:35 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਨੂੰ ਚੋਣ ਕਮਿਸ਼ਨ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਪਾਰਟੀ ਦਾ ਦੋਸ਼ ਹੈ ਕਿ ਚੋਣ ਕਮਿਸ਼ਨ ਵਾਰ-ਵਾਰ ECINET ਸਾਫਟਵੇਅਰ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਤਾਂ ਜੋ ਵੋਟਰ ਸੂਚੀ ਦੀ ਵਿਵਾਦਤ 'ਵਿਸ਼ੇਸ਼ ਗਹਿਰੀ ਸਮੀਖਿਆ' (SIR) ਦੌਰਾਨ ਹੋਈ 'ਕੇਂਦਰੀਕ੍ਰਿਤ ਹੇਰਾਫੇਰੀ' ਨੂੰ ਲੁਕਾਇਆ ਜਾ ਸਕੇ।
ਕਾਂਗਰਸ ਦੇ ਸੰਚਾਰ ਵਿਭਾਗ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਦਿ ਹਿੰਦੁਸਤਾਨ ਟਾਈਮਜ਼' ਦੀ ਇਕ ਰਿਪੋਰਟ ਸਾਂਝੀ ਕੀਤੀ। ਇਸ ਰਿਪੋਰਟ ਮੁਤਾਬਕ, ਚੋਣ ਕਮਿਸ਼ਨ ਨੇ ਉਸ ਸਾਫਟਵੇਅਰ ਦਾ ਨਾਂ ਅਤੇ ਵਰਜ਼ਨ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੀ ਵਰਤੋਂ SIR ਪ੍ਰਕਿਰਿਆ ਦੌਰਾਨ ਵੋਟਰ ਸੂਚੀ 'ਚ ਗ਼ਲਤੀਆਂ ਅਤੇ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਨੇ ਜਾਣਕਾਰੀ ਨਾ ਦੇਣ ਦੇ ਪਿੱਛੇ ਵਪਾਰਕ ਗੁਪਤਤਾ, ਭਰੋਸੇਯੋਗਤਾ ਨਾਲ ਜੁੜੇ ਭੇਤ ਅਤੇ ਬੌਧਿਕ ਸੰਪਤੀ ਦਾ ਹਵਾਲਾ ਦਿੱਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਮੰਗੀ ਗਈ ਜਾਣਕਾਰੀ ਸੂਚਨਾ ਦਾ ਅਧਿਕਾਰ (RTI) ਕਾਨੂੰਨ ਤਹਿਤ ਜਨਤਕ ਕਰਨ ਤੋਂ ਛੋਟ ਪ੍ਰਾਪਤ ਹੈ।
ਕਾਂਗਰਸ ਨੇ ਚੋਣ ਕਮਿਸ਼ਨ 'ਤੇ ਲਾਏ ਦੋਸ਼
ਚੋਣ ਕਮਿਸ਼ਨ 'ਤੇ ਕਮਜ਼ੋਰ ਬਹਾਨੇ ਬਣਾਉਣ ਦਾ ਦੋਸ਼ ਲਾਉਂਦਿਆਂ ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ECINET ਸਾਫਟਵੇਅਰ ਅਤੇ AI ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਹੋਈ ਕਥਿਤ ਕੇਂਦਰੀਕ੍ਰਿਤ ਹੇਰਾਫੇਰੀ ਦੀ ਸੱਚਾਈ ਸਾਹਮਣੇ ਆ ਜਾਵੇਗੀ।
ਉਨ੍ਹਾਂ ਇਹ ਸਵਾਲ ਵੀ ਚੁੱਕਿਆ ਕਿ ਜਨਤਾ ਨੂੰ ਇਹ ਜਾਣਕਾਰੀ ਚੋਣ ਕਮਿਸ਼ਨ ਦੀ ਬਜਾਏ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਤੋਂ ਕਿਉਂ ਮਿਲੀ ਕਿ ECINET ਨੂੰ ਇਸੇ ਕੰਪਨੀ ਨੇ ਵਿਕਸਿਤ ਕੀਤਾ ਹੈ।
ਕਾਂਗਰਸੀ ਆਗੂ ਨੇ ਇਹ ਵੀ ਪੁੱਛਿਆ ਕਿ ਕਮਿਸ਼ਨ ਨੇ SIR ਪ੍ਰਕਿਰਿਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਤੋਂ ਵਾਰ-ਵਾਰ ਇਨਕਾਰ ਕਿਉਂ ਕੀਤਾ, ਜਦਕਿ ਉਨ੍ਹਾਂ ਮੁਤਾਬਕ ਇਹ ਸਪੱਸ਼ਟ ਹੈ ਕਿ ਵੋਟਰ ਸੂਚੀ ਦੀ ਸਮੀਖਿਆ 'ਚ ਇਸ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਸੀ।