- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੱਲਣ-ਫਿਰਨ ਸਬੰਧੀ ਦਿਵਿਆਂਗਤਾ ਦੇ ਮਾਮਲੇ ਵਿਚ ਉੱਪਰਲੇ ਅੰਗਾਂ ਦੇ ਮੁਲਾਂਕਣ ਲਈ ਬਾਂਹ ਅਤੇ ਹੱਥ ਦੀ ਹਰਕਤ ਦੀ ਹੱਦ, ਮਾਸਪੇਸ਼ੀਆਂ ਦੀ ਤਾਕਤ, ਤਾਲਮੇਲ ਨਾਲ ਕੀਤੀਆਂ ਜਾਣ ਵਾਲੀਆਂ ਹਰਕਤਾਂ, ਚੀਜ਼ਾਂ ਫੜਨ ਦੀ ਸਮਰੱਥਾ ਅਤੇ ਸੰਵੇਦਨਾ ਨੂੰ ਧਿਆਨ ਵਿਚ ਰੱਖਿਆ ਜਾਵੇਗਾ।

ਨਵੀਂ ਦਿੱਲੀ, (ਪੀਟੀਆਈ): ਕੇਂਦਰ ਸਰਕਾਰ ਨੇ ਦਿਵਿਆਂਗਜਨ ਅਧਿਕਾਰ ਕਾਨੂੰਨ, 2016 ਤਹਿਤ ਦਿਵਿਆਂਗਤਾ ਦੀਆਂ ਅੱਠ ਸ਼੍ਰੇਣੀਆਂ ਦੇ ਮੁਲਾਂਕਣ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਮਾਰਚ 2024 ਵਿਚ ਜਾਰੀ ਕੀਤੇ ਗਏ ਮਾਪਦੰਡਾਂ ਦੀ ਥਾਂ ਲੈਣਗੇ। ਇਨ੍ਹਾਂ ਤਹਿਤ ਬੌਣਾਪਣ ਵੀ ਦਿਵਿਆਂਗਤਾ ਮੰਨਿਆ ਜਾਵੇਗਾ। ਬੌਣੇਪਣ ਦੀ ਪਰਿਭਾਸ਼ਾ ਵਿਚ 147 ਸੈਂਟੀਮੀਟਰ (4 ਫੁੱਟ 8 ਇੰਚ) ਤੋਂ ਘੱਟ ਕੱਦ ਵਾਲੇ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਨੇ 18 ਨਵੰਬਰ ਨੂੰ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਨ੍ਹਾਂ ਵਿਚ ਚੱਲਣ-ਫਿਰਨ, ਨਜ਼ਰ, ਸੁਣਨ, ਬੋਲਣ ਅਤੇ ਭਾਸ਼ਾ, ਸਿੱਖਣ ਦੀ ਸਮਰੱਥਾ, ਬੌਧਿਕ ਸਮਰੱਥਾ ਅਤੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ, ਮਾਨਸਿਕ ਬਿਮਾਰੀ, ਖ਼ੂਨ ਸਬੰਧੀ ਰੋਗ, ਬਹੁ-ਦਿਵਿਆਂਗਤਾ ਅਤੇ ਲੰਬੇ ਸਮੇਂ ਦੇ ਤੰਤੂ-ਤੰਤਰ ਨਾਲ ਜੁੜੇ ਰੋਗਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਚੱਲਣ-ਫਿਰਨ ਸਬੰਧੀ ਦਿਵਿਆਂਗਤਾ ਦੇ ਮਾਮਲੇ ਵਿਚ ਉੱਪਰਲੇ ਅੰਗਾਂ ਦੇ ਮੁਲਾਂਕਣ ਲਈ ਬਾਂਹ ਅਤੇ ਹੱਥ ਦੀ ਹਰਕਤ ਦੀ ਹੱਦ, ਮਾਸਪੇਸ਼ੀਆਂ ਦੀ ਤਾਕਤ, ਤਾਲਮੇਲ ਨਾਲ ਕੀਤੀਆਂ ਜਾਣ ਵਾਲੀਆਂ ਹਰਕਤਾਂ, ਚੀਜ਼ਾਂ ਫੜਨ ਦੀ ਸਮਰੱਥਾ ਅਤੇ ਸੰਵੇਦਨਾ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਇਸ ਸ਼੍ਰੇਣੀ ਵਿਚ ਅੰਗ ਕੱਟੇ ਜਾਣ, ਸੇਰੇਬ੍ਰਲ ਪਾਲਸੀ, ਕੋਹੜ ਤੋਂ ਠੀਕ ਹੋਏ ਵਿਅਕਤੀ, ਬੌਣਾਪਣ, ਮਸਕੁਲਰ ਡਿਸਟ੍ਰੋਫੀ ਅਤੇ ਰੀੜ੍ਹ ਦੀ ਹੱਡੀ ਦੀਆਂ ਵਿਗਾੜਾਂ ਸ਼ਾਮਲ ਹਨ। ਅੰਗ ਕੱਟੇ ਜਾਣ ਦੇ ਮਾਮਲਿਆਂ ਨੂੰ ਛੱਡ ਕੇ, ਹੋਰ ਅਜਿਹੀਆਂ ਸਥਿਤੀਆਂ ਵਿਚ ਲੱਛਣ ਛੇ ਮਹੀਨੇ ਤੱਕ ਰਹਿਣ ਮਗਰੋਂ ਅਸਥਾਈ ਦਿਵਿਆਂਗਤਾ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਸਥਾਈ ਸਰਟੀਫਿਕੇਟ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਦਿਵਿਆਂਗ ਵਿਅਕਤੀ ਦੀ ਬੇਨਤੀ ਜਾਂ ਵਿਸ਼ਾ-ਮਾਹਿਰ ਦੀ ਸਿਫ਼ਾਰਸ਼ ’ਤੇ ਹਰ 10 ਸਾਲ ਬਾਅਦ ਮੁੜ ਮੁਲਾਂਕਣ ਕੀਤਾ ਜਾਵੇਗਾ। ਬੌਣੇਪਣ ਦੀ ਪਰਿਭਾਸ਼ਾ ਵਿਚ 147 ਸੈਂਟੀਮੀਟਰ (4 ਫੁੱਟ 8 ਇੰਚ) ਤੋਂ ਘੱਟ ਕੱਦ ਵਾਲੇ ਬਾਲਗ ਸ਼ਾਮਲ ਹਨ। ਕੱਦ ਵਿਚ ਹਰ ਇਕ ਇੰਚ ਦੀ ਕਮੀ ਲਈ 4 ਫ਼ੀਸਦੀ ਸਥਾਈ ਸਰੀਰਕ ਦਿਵਿਆਂਗਤਾ ਮੰਨੀ ਜਾਵੇਗੀ। ਇਸ ਨਾਲ ਜੁੜੀਆਂ ਹੱਡੀਆਂ ਦੇ ਵਿਗਾੜਾਂ ਦਾ ਮੁਲਾਂਕਣ ਵੱਖਰੇ ਤੌਰ ’ਤੇ ਹੋਵੇਗਾ।
ਅੰਨ੍ਹੇਪਣ ਵਿਚ ਨਜ਼ਰ ਦਾ ਪੂਰੀ ਤਰ੍ਹਾਂ ਨਾ ਹੋਣਾ, ਸੰਭਵ ਹੱਦ ਤੱਕ ਸੁਧਾਰ ਮਗਰੋਂ ਵੀ ਬਿਹਤਰ ਅੱਖ ਦੀ ਨਜ਼ਰ ਦੀ ਸਪੱਸ਼ਟਤਾ 3/60 ਤੋਂ ਘੱਟ ਹੋਣਾ ਜਾਂ ਨਜ਼ਰ ਦਾ ਖੇਤਰ 10 ਡਿਗਰੀ ਤੋਂ ਘੱਟ ਹੋਣਾ ਸ਼ਾਮਲ ਹੈ। ਘੱਟ ਨਜ਼ਰ ਦੀ ਸ਼੍ਰੇਣੀ ਵਿਚ ਨਜ਼ਰ ਦੀ ਸਪੱਸ਼ਟਤਾ 6/18 ਤੋਂ ਘੱਟ ਅਤੇ 3/60 ਤੱਕ, ਜਾਂ ਨਜ਼ਰ ਦਾ ਖੇਤਰ 40 ਡਿਗਰੀ ਤੋਂ ਘੱਟ ਅਤੇ 10 ਡਿਗਰੀ ਤੱਕ ਹੋਣਾ ਸ਼ਾਮਲ ਹੈ।
ਸੁਣਨ ਸਬੰਧੀ ਦਿਵਿਆਂਗਤਾ ਦਾ ਮੁਲਾਂਕਣ ਪਿਊਰ ਟੋਨ ਆਡੀਓਮੈਟਰੀ ਰਾਹੀਂ ਕੀਤਾ ਜਾਵੇਗਾ। ਇਸ ਵਿਚ 500, 1000, 2000 ਅਤੇ 4000 ਹਰਟਜ਼ ’ਤੇ ਸੁਣਨ ਦੀ ਹੱਦ ਮਾਪੀ ਜਾਵੇਗੀ। ਬੋਲਣ ਅਤੇ ਭਾਸ਼ਾ ਸਬੰਧੀ ਦਿਵਿਆਂਗਤਾ ਦੇ ਮੁਲਾਂਕਣ ਵਿਚ ਲੈਰਿੰਜੈਕਟਮੀ (ਗਲੇ ਵਿੱਚੋਂ ਸੁਰ-ਯੰਤਰ ਕੱਢਣ ਦੀ ਸਰਜਰੀ), ਗਲੋਸੈਕਟਮੀ (ਜੀਭ ਕੱਢਣ ਦੀ ਸਰਜਰੀ), ਦੋਵੇਂ ਸਵਰ-ਤੰਤੂਆਂ ਦਾ ਲਕਵਾ, ਡਿਸਆਰਥਰੀਆ (ਬੋਲਣ ਵਾਲੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ) ਅਤੇ ਬੋਲਣ ਦੀ ਅਪਰੈਕਸੀਆ (ਬੋਲਣ ਵਿਚ ਮੁਸ਼ਕਲ) ਵਰਗੀਆਂ ਸਥਿਤੀਆਂ ਸ਼ਾਮਲ ਹਨ। ਆਖ਼ਰੀ ਦੋ ਸਥਿਤੀਆਂ ਦਾ ਮੁਲਾਂਕਣ ਰਜਿਸਟਰਡ ਸਪੀਚ-ਲੈਂਗੂਏਜ ਪੈਥੋਲੋਜਿਸਟ ਵੱਲੋਂ ਨਿਯਮਿਤ ਅਤੇ ਦਰਜ ਕੀਤੀ ਗਈ ਸਪੀਚ ਥੈਰੇਪੀ ਦੇ ਇਕ ਸਾਲ ਬਾਅਦ ਕੀਤਾ ਜਾਵੇਗਾ।
ਬੌਧਿਕ ਦਿਵਿਆਂਗਤਾ ਦੇ ਮੁਲਾਂਕਣ ਵਿਚ ਬੌਧਿਕ ਸਮਰੱਥਾ ਅਤੇ ਅਨੁਕੂਲ ਵਿਵਹਾਰ ’ਤੇ ਵਿਚਾਰ ਕੀਤਾ ਜਾਵੇਗਾ। ਬਾਰਡਰਲਾਈਨ ਦਿਵਿਆਂਗਤਾ ਲਈ 25 ਫ਼ੀਸਦੀ, ਹਲਕੇ ਪੱਧਰ ਲਈ 50%, ਦਰਮਿਆਨੇ ਪੱਧਰ ਲਈ 75 ਫ਼ੀਸਦ, ਗੰਭੀਰ ਪੱਧਰ ਲਈ 90 ਪ੍ਰਤੀਸ਼ਤ ਅਤੇ ਬਹੁਤ ਗੰਭੀਰ ਪੱਧਰ ਲਈ 100 ਫ਼ੀਸਦੀ ਦਿਵਿਆਂਗਤਾ ਤੈਅ ਕੀਤੀ ਗਈ ਹੈ। ਇਕ ਸਾਲ ਤੋਂ ਵੱਧ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਵਿਚ ਗਲੋਬਲ ਡਿਵੈਲਪਮੈਂਟਲ ਡਿਲੇਅ (ਜੀਡੀਡੀ) ਦੇ ਆਧਾਰ ’ਤੇ ਨਿਦਾਨ ਕੀਤਾ ਜਾਵੇਗਾ ਜਦਕਿ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਮੁਲਾਂਕਣ ਬੌਧਿਕ ਦਿਵਿਆਂਗਤਾ ਲਈ ਹੋਵੇਗਾ।
ਆਟਿਜ਼ਮ ਸਪੈਕਟ੍ਰਮ ਡਿਸਆਰਡਰ ਦਾ ਨਿਦਾਨ ਏਮਜ਼-ਮੋਡੀਫਾਈਡ ਇਨਕਲੈਨ ਟੂਲ ਰਾਹੀਂ ਕੀਤਾ ਜਾਵੇਗਾ। ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਦਰਮਿਆਨੇ ਪੱਧਰ ਦੇ ਆਟਿਜ਼ਮ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਅਸਥਾਈ ਸਰਟੀਫਿਕੇਟ ਦਿੱਤਾ ਜਾਵੇਗਾ। ਛੇ ਸਾਲ ਜਾਂ ਇਸ ਤੋਂ ਵੱਧ ਉਮਰ ਹੋਣ ’ਤੇ ਉਨ੍ਹਾਂ ਦਾ ਮੁੜ ਮੁਲਾਂਕਣ ਹੋਵੇਗਾ। ਛੇ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚ ਇੰਡੀਅਨ ਸਕੇਲ ਫਾਰ ਅਸੈਸਮੈਂਟ ਆਫ ਆਟਿਜ਼ਮ (ਆਈਐੱਸਏਏ) ’ਤੇ 70 ਅੰਕ ਹੋਣ ’ਤੇ 40 ਫ਼ੀਸਦੀ, 71 ਤੋਂ 88 ਦੇ ਵਿਚਕਾਰ ਸਕੋਰ ’ਤੇ 50 ਫ਼ੀਸਦੀ, 89 ਤੋਂ 106 ’ਤੇ 60 ਫ਼ੀਸਦ, 107 ਤੋਂ 123 ’ਤੇ 70 ਪ੍ਰਤੀਸ਼ਤ, 124 ਤੋਂ 140 ’ਤੇ 80 ਫ਼ੀਸਦੀ, 141 ਤੋਂ 153 ’ਤੇ 90 ਫ਼ੀਸਦ ਅਤੇ 153 ਤੋਂ ਵੱਧ ਅੰਕਾਂ ’ਤੇ 100 ਫ਼ੀਸਦੀ ਦਿਵਿਆਂਗਤਾ ਮੰਨੀ ਜਾਵੇਗੀ। 70 ਤੋਂ ਘੱਟ ਅੰਕਾਂ ਦਾ ਮਤਲਬ ਹੈ ਕਿ ਵਿਅਕਤੀ ਨੂੰ ਆਟਿਜ਼ਮ ਨਹੀਂ ਹੈ।
ਸਿੱਖਣ ਦੀ ਸਮਰੱਥਾ ਸਬੰਧੀ ਦਿਵਿਆਂਗਤਾ ਵਿਚ ਪੜ੍ਹਨ, ਲਿਖਤੀ ਪ੍ਰਗਟਾਵੇ ਅਤੇ ਗਣਿਤ ਨਾਲ ਜੁੜੀਆਂ ਮੁਸ਼ਕਲਾਂ ਸ਼ਾਮਲ ਹਨ। ਸਬੂਤ-ਆਧਾਰਤ ਸੁਧਾਰ ਦੇ ਯਤਨਾਂ ਦੇ ਬਾਵਜੂਦ ਇਹ ਮੁਸ਼ਕਲਾਂ ਘੱਟੋ-ਘੱਟ ਛੇ ਮਹੀਨੇ ਤੱਕ ਬਣੀਆਂ ਰਹਿਣੀਆਂ ਚਾਹੀਦੀਆਂ ਹਨ। ਮੁਲਾਂਕਣ ਲਈ ਆਈਕਿਊ ਸਕੋਰ 85 ਜਾਂ ਇਸ ਤੋਂ ਵੱਧ ਹੋਣਾ ਲਾਜ਼ਮੀ ਹੈ। 18 ਸਾਲ ਤੱਕ ਦੇ ਬੱਚਿਆਂ ਲਈ ਨਿਮਹਾਂਸ ਟੈਸਟ ਅਤੇ ਐੱਨਆਈਈਪੀਆਈਡੀ ਗ੍ਰੇਡ-ਲੈਵਲ ਅਸੈਸਮੈਂਟ ਇੰਸਟਰੂਮੈਂਟ ਫਾਰ ਸਕੂਲਜ਼ ਤੈਅ ਕੀਤੇ ਗਏ ਹਨ। ਬਾਲਗਾਂ ਲਈ ਐੱਨਆਈਈਪੀਆਈਡੀ ਅਡਲਟ ਅਸੈਸਮੈਂਟ ਟੂਲ ਫਾਰ ਸਪੈਸਿਫਿਕ ਲਰਨਿੰਗ ਡਿਸਏਬਿਲਿਟੀ ਨਿਰਧਾਰਤ ਹੈ।
ਮਾਨਸਿਕ ਬਿਮਾਰੀ ਦਾ ਮੁਲਾਂਕਣ ਮਨੋਚਿਕਿਤਸਕ ਦੀ ਜਾਂਚ ਅਤੇ ਇੰਡੀਅਨ ਡਿਸਏਬਿਲਿਟੀ ਇਵੈਲੂਏਸ਼ਨ ਐਂਡ ਅਸੈਸਮੈਂਟ ਸਕੇਲ ਰਾਹੀਂ ਹੋਵੇਗਾ। ਇਸ ਵਿਚ ਆਪਣੀ ਦੇਖਭਾਲ, ਦੂਜਿਆਂ ਨਾਲ ਆਪਸੀ ਮੇਲ-ਜੋਲ, ਸੰਚਾਰ ਅਤੇ ਸਮਝ, ਅਤੇ ਕੰਮ ਕਰਨ ਦੀ ਸਮਰੱਥਾ ਨੂੰ ਸ਼ਾਮਲ ਕੀਤਾ ਗਿਆ ਹੈ। ਹਲਕੇ ਪੱਧਰ ਦੀ ਦਿਵਿਆਂਗਤਾ ਲਈ 25 ਫ਼ੀਸਦੀ, ਦਰਮਿਆਨੇ ਲਈ 55, ਗੰਭੀਰ ਲਈ 85 ਅਤੇ ਬਹੁਤ ਗੰਭੀਰ ਲਈ 100 ਫ਼ੀਸਦੀ ਤੈਅ ਕੀਤਾ ਗਿਆ ਹੈ। ਸਥਾਈ ਸਰਟੀਫਿਕੇਟ ਲਈ ਬਿਮਾਰੀ ਦੀ ਘੱਟੋ-ਘੱਟ ਮਿਆਦ ਦੋ ਸਾਲ ਹੋਣੀ ਚਾਹੀਦੀ ਹੈ। ਦੋ ਸਾਲ ਤੋਂ ਘੱਟ ਸਮੇਂ ਦੀ ਬਿਮਾਰੀ ਲਈ ਨਿਰਧਾਰਤ ਮਿਆਦ ਵਾਲਾ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਗੰਭੀਰ ਜਾਂ ਬਹੁਤ ਗੰਭੀਰ ਮਾਮਲਿਆਂ ਵਿਚ ਸਥਾਈ ਸਰਟੀਫਿਕੇਟ ਦੇਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਖ਼ੂਨ ਸਬੰਧੀ ਰੋਗਾਂ ਵਿਚ ਹੀਮੋਫੀਲੀਆ, ਥੈਲੇਸੀਮੀਆ ਅਤੇ ਸਿਕਲ ਸੈੱਲ ਵਿਕਾਰ ਸ਼ਾਮਲ ਹਨ। ਗੰਭੀਰ ਹੀਮੋਫੀਲੀਆ, ਥੈਲੇਸੀਮੀਆ ਮੇਜਰ ਜਾਂ ਇੰਟਰਮੀਡੀਆ, ਖ਼ੂਨ ਚੜ੍ਹਾਉਣ ’ਤੇ ਨਿਰਭਰ ਥੈਲੇਸੀਮੀਆ ਇੰਟਰਮੀਡੀਆ, ਹੋਮੋਜਾਈਗਸ ਸਿਕਲ ਸੈੱਲ ਸਿੰਡੋਰਮ ਅਤੇ ਗੰਭੀਰ ਕੰਪਾਊਂਡ ਹੀਟਰੋਜਾਈਗਸ ਸਿਕਲ ਸੈੱਲ ਸਿੰਡਰੋਮ (ਜਿਨ੍ਹਾਂ ਵਿਚ ਸਿਕਲ-ਬੀਟਾ ਥੈਲੇਸੀਮੀਆ ਅਤੇ ਸਿਕਲ-ਐੱਚਬੀ ਡੀ ਸ਼ਾਮਲ ਹਨ) ਦੇ ਮਾਪਦੰਡ ਪੂਰੇ ਕਰਨ ਵਾਲੇ ਮਰੀਜ਼ਾਂ ਲਈ 40 ਫ਼ੀਸਦੀ ਮਾਨਕ ਦਿਵਿਆਂਗਤਾ ਤੈਅ ਕੀਤੀ ਗਈ ਹੈ। ਹੀਮੋਫੀਲੀਆ ਦੇ ਮਾਪਦੰਡਾਂ ਵਿਚ ਫੈਕਟਰ 8 ਜਾਂ 9 ਦਾ ਪੱਧਰ (ਖ਼ੂਨ ਜਮਾਉਣ ਵਾਲੇ ਕਾਰਕ) 5 ਫ਼ੀਸਦੀ ਤੋਂ ਘੱਟ ਹੋਣਾ ਸ਼ਾਮਲ ਹੈ। ਇਸ ਦੇ ਨਾਲ ਮੁੱਖ ਜੋੜਾਂ ਵਿਚ ਦੋ ਜਾਂ ਵੱਧ ਵਾਰ ਖ਼ੂਨ ਵਗਣ, ਦਿਮਾਗ ਅੰਦਰ ਇਕ ਵਾਰ ਖ਼ੂਨ ਵਗਣ ਜਾਂ ਮਾਸਪੇਸ਼ੀ ਵਿਚ ਇਕ ਵਾਰ ਖ਼ੂਨ ਵਗਣ ਦਾ ਇਤਿਹਾਸ ਵੀ ਹੋਣਾ ਚਾਹੀਦਾ ਹੈ।
ਬਹੁ-ਦਿਵਿਆਂਗਤਾ ਦੇ ਮਾਮਲਿਆਂ ਵਿਚ ਦੋ ਜਾਂ ਵੱਧ ਨਿਰਧਾਰਤ ਸਥਿਤੀਆਂ ਦਾ ਵੱਖ-ਵੱਖ ਮੁਲਾਂਕਣ ਕੀਤਾ ਜਾਵੇਗਾ। ਕੁੱਲ ਗਣਨਾ ਵਿਚ ਸਿਰਫ਼ 25 ਫ਼ੀਸਦੀ ਜਾਂ ਉਸ ਤੋਂ ਵੱਧ ਦਿਵਿਆਂਗਤਾ ਵਾਲੀਆਂ ਸਥਿਤੀਆਂ ਸ਼•ਾਮਲ ਹੋਣਗੀਆਂ। ਨਿਰਧਾਰਤ ਫਾਰਮੂਲੇ ਵਿਚ ਦਿਵਿਆਂਗਤਾ ਦੇ ਵੱਧ ਅਤੇ ਘੱਟ ਫ਼ੀਸਦੀ ਨੂੰ ਮਿਲਾਇਆ ਜਾਂਦਾ ਹੈ। ਮਿਸਾਲ ਵਜੋਂ, 40 ਫ਼ੀਸਦੀ ਸੁਣਨ ਸਬੰਧੀ ਅਤੇ 30 ਫ਼ੀਸਦ ਨਜ਼ਰ ਸਬੰਧੀ ਦਿਵਿਆਂਗਤਾ ਨਾਲ ਕੁੱਲ ਦਿਵਿਆਂਗਤਾ 58 ਫ਼ੀਸਦੀ ਹੋਵੇਗੀ। ਸੰਯੁਕਤ ਫ਼ੀਸਦ 100 ਤੋਂ ਵੱਧ ਨਹੀਂ ਹੋ ਸਕਦਾ। ਪਾਰਕਿੰਸਨ ਰੋਗ ਅਤੇ ਮਲਟੀਪਲ ਸਕਲੇਰੋਸਿਸ ਸਮੇਤ ਲੰਬੇ ਸਮੇਂ ਦੇ ਤੰਤੂ-ਤੰਤਰ ਸਬੰਧੀ ਰੋਗਾਂ ਦਾ ਮੁਲਾਂਕਣ ਚੱਲਣ-ਫਿਰਨ, ਨਜ਼ਰ, ਸੁਣਨ, ਬੋਲਣ, ਸੋਚਣ-ਸਮਝਣ ਅਤੇ ਮਨੋ-ਸਮਾਜਿਕ ਸਮਰੱਥਾਵਾਂ ’ਤੇ ਪਏ ਅਸਰ ਦੇ ਆਧਾਰ ’ਤੇ ਕੀਤਾ ਜਾਵੇਗਾ। ਮਿਰਗੀ ਦੇ ਮਾਮਲੇ ਵਿਚ ਇਕ ਵਾਰ ਦੌਰਾ ਪੈਣ ’ਤੇ ਦਿਵਿਆਂਗਤਾ 0 ਫ਼ੀਸਦੀ, ਮਹੀਨੇ ਵਿਚ ਇਕ ਤੋਂ ਪੰਜ ਦੌਰੇ ਪੈਣ ’ਤੇ 25 ਫ਼ੀਸਦੀ, ਛੇ ਤੋਂ 10 ਦੌਰੇ ਪੈਣ ’ਤੇ 50 ਫ਼ੀਸਦੀ ਅਤੇ ਮਹੀਨੇ ਵਿਚ 10 ਤੋਂ ਵੱਧ ਦੌਰੇ ਪੈਣ ’ਤੇ 75 ਫ਼ੀਸਦੀ ਤੈਅ ਕੀਤੀ ਗਈ ਹੈ।
ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦਿਵਿਆਂਗਤਾ ਸਰਟੀਫਿਕੇਟ ਅਤੇ ਵਿਲੱਖਣ ਦਿਵਿਆਂਗਤਾ ਪਛਾਣ ਕਾਰਡ ਜਾਰੀ ਕਰਨ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਰੱਖਣ ਵਾਲੇ ਵਿਅਕਤੀਆਂ ਨੂੰ ਪ੍ਰਮਾਣੀਕਰਨ ਅਧਿਕਾਰੀ ਨਿਯੁਕਤ ਕਰਨਗੇ। ਪਰਿਭਾਸ਼ਾਵਾਂ, ਵਰਗੀਕਰਨ ਜਾਂ ਮੁਲਾਂਕਣ ਦੀਆਂ ਪ੍ਰਕਿਰਿਆਵਾਂ ਦੀ ਵਿਆਖਿਆ ਨਾਲ ਜੁੜੇ ਸ਼ੱਕ ਵਾਲੇ ਮਾਮਲਿਆਂ ’ਤੇ ਸਿਹਤ ਮੰਤਰਾਲੇ ਦੇ ਸਿਹਤ ਸੇਵਾ ਮਹਾ-ਨਿਰਦੇਸ਼ਕ ਫ਼ੈਸਲਾ ਕਰਨਗੇ।