- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਤਸਕਰੀ ਦੇ ਤਰੀਕੇ ਬਾਰੇ ਦੱਸਿਆ ਕਿ ਮਿਆਂਮਾਰ ਤੋਂ ਹੈਰੋਇਨ ਅਤੇ ਬ੍ਰਾਊਨ ਸ਼ੂਗਰ ਦੀ ਤਸਕਰੀ ਕਰ ਕੇ ਇਸ ਨੂੰ ਮਣੀਪੁਰ ਅਤੇ ਮਿਜ਼ੋਰਮ ਦੇ ਚੂੜਚਾਂਦਪੁਰ ਤੇ ਚੰਪਈ ਵਰਗੇ ਕਈ ਸ਼ਹਿਰਾਂ ਵਿਚ ਨਕਦੀ ਦੇ ਬਦਲੇ ਵੇਚਿਆ ਜਾਂਦਾ ਹੈ।

ਨੀਲੂ ਰੰਜਨ, ਜਾਗਰਣ , ਨਵੀਂ ਦਿੱਲੀ : ਮਿਆਂਮਾਰ ਤੋਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹੈਰਾਨ ਕਰਨ ਵਾਲੇ ਤੱਥ ਮਿਲੇ ਹਨ। ਜਾਂਚ ਵਿਚ ਪਤਾ ਲੱਗਾ ਹੈ ਕਿ ਮਿਆਂਮਾਰ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੇ ਬਦਲੇ ਪੈਸੇ ਨਹੀਂ ਦਿੱਤੇ ਜਾਂਦੇ, ਸਗੋਂ ਭਾਰਤ ਤੋਂ ਡੀਜ਼ਲ, ਪੈਟਰੋਲ, ਕੱਪੜੇ, ਆਟਾ ਅਤੇ ਖਾਣ ਵਾਲਾ ਤੇਲ ਭੇਜਿਆ ਜਾਂਦਾ ਹੈ। ਭਾਵ ਇਸ ਧੰਦੇ ਵਿਚ ਸਰਹੱਦ ਦੇ ਆਰ-ਪਾਰ ਪੈਸਿਆਂ ਦੇ ਲੈਣ-ਦੇਣ ਦੀ ਬਜਾਏ ਵਸਤਾਂ ਦਾ ਲੈਣ-ਦੇਣ ਹੁੰਦਾ ਹੈ। ਈਡੀ ਮਿਆਂਮਾਰ ਤੋਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਿੰਨ ਮਾਮਲਿਆਂ ਦੀ ਮਨੀ ਲਾਂਡ੍ਰਿੰਗ ਰੋਕਥਾਮ ਕਾਨੂੰਨ (ਪੀਐੱਮਐੱਲਏ) ਤਹਿਤ ਜਾਂਚ ਕਰ ਰਹੀ ਹੈ। ਮਿਆਂਮਾਰ, ਥਾਈਲੈਂਡ ਅਤੇ ਲਾਓਸ ਨੂੰ ਦੁਨੀਆ ਵਿਚ ਸਭ ਤੋਂ ਵੱਧ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਲਈ 'ਗੋਲਡਨ ਟ੍ਰਾਈਐਂਗਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਭਾਰਤ ਸਰਕਾਰ ਨੇ ਹੁਣ 'ਡੈੱਥ ਟ੍ਰਾਈਐਂਗਲ' ਦਾ ਨਾਂ ਦਿੱਤਾ ਹੈ।
ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਤਸਕਰੀ ਦੇ ਤਰੀਕੇ ਬਾਰੇ ਦੱਸਿਆ ਕਿ ਮਿਆਂਮਾਰ ਤੋਂ ਹੈਰੋਇਨ ਅਤੇ ਬ੍ਰਾਊਨ ਸ਼ੂਗਰ ਦੀ ਤਸਕਰੀ ਕਰ ਕੇ ਇਸ ਨੂੰ ਮਣੀਪੁਰ ਅਤੇ ਮਿਜ਼ੋਰਮ ਦੇ ਚੂੜਚਾਂਦਪੁਰ ਤੇ ਚੰਪਈ ਵਰਗੇ ਕਈ ਸ਼ਹਿਰਾਂ ਵਿਚ ਨਕਦੀ ਦੇ ਬਦਲੇ ਵੇਚਿਆ ਜਾਂਦਾ ਹੈ। ਇਸ ਨਕਦੀ ਨੂੰ ਕੈਸ਼ ਹੈਂਡਲਰਾਂ ਨੂੰ ਦਿੱਤਾ ਜਾਂਦਾ ਹੈ, ਜੋ ਇਸ ਨੂੰ ਮਿੰਨੀ ਏਟੀਐੱਮ ਅਤੇ ਮਿਊਲ ਖਾਤਿਆਂ ਰਾਹੀਂ ਬੈਂਕਿੰਗ ਪ੍ਰਣਾਲੀ ਵਿਚ ਲਿਆਉਂਦੇ ਹਨ। ਬੈਂਕਿੰਗ ਪ੍ਰਣਾਲੀ ਵਿਚ ਆਏ ਇਸ ਪੈਸੇ ਨਾਲ ਅਸਾਮ, ਬੰਗਾਲ ਅਤੇ ਦਿੱਲੀ ਵਿਚ ਵਸਤਾਂ ਦੀ ਖ਼ਰੀਦ ਕੀਤੀ ਜਾਂਦੀ ਹੈ। ਇਸ ਲਈ ਆਰਟੀਜੀਐੱਸ, ਐੱਨਈਐੱਫਟੀ, ਆਈਐੱਮਪੀਐੱਸ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ। ਈਡੀ ਮੁਤਾਬਕ, ਆਟੇ ਅਤੇ ਮੈਦੇ ਦੀ ਖ਼ਰੀਦ ਮੁੱਖ ਤੌਰ 'ਤੇ ਬੰਗਾਲ ਤੋਂ ਕੀਤੀ ਜਾਂਦੀ ਹੈ। ਜਦਕਿ ਖਾਣ ਵਾਲਾ ਤੇਲ ਅਤੇ ਰਿਫਾਇੰਡ ਤੇਲ ਅਸਾਮ ਤੋਂ ਖ਼ਰੀਦਿਆ ਜਾਂਦਾ ਹੈ। ਮਿਜ਼ੋਰਮ ਦੇ ਪੈਟਰੋਲ ਪੰਪਾਂ ਤੋਂ ਡੀਜ਼ਲ ਅਤੇ ਪੈਟਰੋਲ ਦੀ ਖ਼ਰੀਦ ਹੁੰਦੀ ਹੈ, ਜਦਕਿ ਕੱਪੜਿਆਂ ਦੀ ਖ਼ਰੀਦ ਦਿੱਲੀ ਤੋਂ ਕੀਤੀ ਜਾਂਦੀ ਹੈ। ਇਹ ਸਾਮਾਨ ਵੇਚਣ ਵਾਲਾ ਆਈਜਲ ਸਮੇਤ ਮਿਜ਼ੋਰਮ ਦੇ ਸਰਹੱਦੀ ਸ਼ਹਿਰਾਂ ਜਿਵੇਂ ਚੰਪਈ, ਜੋਰੀਪੁਈ ਅਤੇ ਸੈਹਾ ਵਿਚ ਰਹਿਣ ਵਾਲੇ ਖ਼ਰੀਦਦਾਰਾਂ ਦੇ ਨਾਂ 'ਤੇ ਜੀਐੱਸਟੀ ਅਤੇ ਈ-ਵੇਅ ਬਿੱਲ ਦੇ ਨਾਲ ਸਾਮਾਨ ਦੀ ਸਪਲਾਈ ਕਰ ਦਿੰਦਾ ਹੈ। ਇੱਥੇ ਹੀ ਸਭ ਤੋਂ ਵੱਡੀ ਖੇਡ ਹੁੰਦੀ ਹੈ। ਅਸਲ ਵਿਚ ਜਿਹੜਾ ਵਿਅਕਤੀ ਇਸ ਸਾਮਾਨ ਦੇ ਪੈਸੇ ਦਿੰਦਾ ਹੈ, ਉਹ ਇਸ ਨੂੰ ਪ੍ਰਾਪਤ ਨਹੀਂ ਕਰਦਾ। ਭਾਵ ਪੈਸੇ ਕੋਈ ਹੋਰ ਦਿੰਦਾ ਹੈ ਅਤੇ ਸਾਮਾਨ ਕਿਸੇ ਹੋਰ ਕੋਲ ਪਹੁੰਚਦਾ ਹੈ।
ਈਡੀ ਅਧਿਕਾਰੀ ਮੁਤਾਬਕ, ਸਰਹੱਦੀ ਸ਼ਹਿਰਾਂ ਤੋਂ ਇਹ ਸਾਮਾਨ ਮਿਆਂਮਾਰ ਭੇਜ ਦਿੱਤਾ ਜਾਂਦਾ ਹੈ, ਜਿੱਥੇ ਇਸ ਨੂੰ ਉੱਥੋਂ ਦੀ ਮੁਦਰਾ ਕਿਆਤ ਵਿਚ ਵੇਚ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਕਿਆਤ ਨਾਲ ਨਸ਼ੀਲੇ ਪਦਾਰਥਾਂ ਦੇ ਅਸਲ ਸਪਲਾਇਰਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸਿਰਫ਼ ਭਾਰਤ ਦੇ ਅੰਦਰ ਹੀ ਬੈਂਕਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਅੰਦਰ ਜੀਐੱਸਟੀ ਅਤੇ ਈ-ਵੇਅ ਬਿੱਲ ਦੇ ਨਾਲ ਇਹ ਆਮ ਵਪਾਰ ਦਿਖਾਈ ਦਿੰਦਾ ਹੈ। ਪਰ ਪੈਸਿਆਂ ਦੇ ਲੈਣ-ਦੇਣ ਦੇ ਸਬੂਤ ਛੱਡੇ ਬਿਨਾਂ ਇਹ ਮਿਆਂਮਾਰ ਵਿਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਭੁਗਤਾਨ ਕਰਨ ਦਾ ਮਾਧਿਅਮ ਬਣ ਜਾਂਦਾ ਹੈ।