ਚਾਹੇ ਕੇਰਲ ਹੋਵੇ, ਤਾਮਿਲਨਾਡੂ ਹੋਵੇ, ਅਸਾਮ ਹੋਵੇ ਜਾਂ ਪੱਛਮੀ ਬੰਗਾਲ, ਹਰ ਜਗ੍ਹਾ ਦੇ ਚੋਣ ਨਤੀਜਿਆਂ ਨੇ ਸਾਨੂੰ ਹੈਰਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਬੀਜੇਪੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 206 ਸੀਟਾਂ ਜਿੱਤ ਲਈਆਂ, ਜਦਕਿ ਸੱਤਾਧਾਰੀ ਟੀਐਮਸੀ ਮਹਿਜ਼ 80 ਸੀਟਾਂ 'ਤੇ ਸਿਮਟ ਕੇ ਰਹਿ ਗਈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਾਲ 2026 ਦੀਆਂ ਵਿਧਾਨ ਸਭਾ ਚੋਣਾਂ ਨੇ ਲੋਕਾਂ ਦੀ ਬਦਲਾਅ ਦੀ ਭਾਵਨਾ ਨੂੰ ਉਜਾਗਰ ਕੀਤਾ। ਚਾਹੇ ਕੇਰਲ ਹੋਵੇ, ਤਾਮਿਲਨਾਡੂ ਹੋਵੇ, ਅਸਾਮ ਹੋਵੇ ਜਾਂ ਪੱਛਮੀ ਬੰਗਾਲ, ਹਰ ਜਗ੍ਹਾ ਦੇ ਚੋਣ ਨਤੀਜਿਆਂ ਨੇ ਸਾਨੂੰ ਹੈਰਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਬੀਜੇਪੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 206 ਸੀਟਾਂ ਜਿੱਤ ਲਈਆਂ, ਜਦਕਿ ਸੱਤਾਧਾਰੀ ਟੀਐਮਸੀ ਮਹਿਜ਼ 80 ਸੀਟਾਂ 'ਤੇ ਸਿਮਟ ਕੇ ਰਹਿ ਗਈ।
ਇਸ ਚੋਣ 'ਚ ਭਾਜਪਾ ਉਮੀਦਵਾਰ ਰੂਪਾ ਗਾਂਗੁਲੀ (Rupa Ganguly) ਨੇ ਵੀ 35,782 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 24 ਪਰਗਨਾ ਜ਼ਿਲ੍ਹੇ ਦੀ ਸੋਨਾਰਪੁਰ ਦੱਖਣੀ ਸੀਟ ਤੋਂ ਤ੍ਰਿਣਮੂਲ ਕਾਂਗਰਸ (TMC) ਦੀ ਉਮੀਦਵਾਰ ਅਰੁੰਧਤੀ ਮੈਤਰਾ (ਲਵਲੀ ਮੈਤਰਾ) ਨੂੰ ਹਰਾਇਆ।
ਪਰ ਕੀ ਤੁਹਾਨੂੰ ਪਤਾ ਹੈ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਰੂਪਾ ਗਾਂਗੁਲੀ ਇੱਕ ਜਾਣੀ-ਪਛਾਣੀ ਅਦਾਕਾਰਾ ਸੀ। ਸੱਤਰ ਦੇ ਦਹਾਕੇ ਦੇ ਅੰਤ ਅਤੇ ਅੱਸੀ ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਦਿੱਤਾ ਸੀ।
ਰੂਪਾ ਗਾਂਗੁਲੀ ਨੇ ਬੀ.ਆਰ. ਚੋਪੜਾ ਦੇ ਮਸ਼ਹੂਰ ਲੜੀਵਾਰ ਮਹਾਭਾਰਤ (Mahabharata) ਵਿੱਚ ਦ੍ਰੌਪਦੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਮਹਾਭਾਰਤ ਕਥਾ ਵਿੱਚ ਇਸੇ ਭੂਮਿਕਾ ਨੂੰ ਦੁਹਰਾਇਆ ਸੀ। ਰੂਪਾ ਦਾ ਟੀਵੀ ਅਤੇ ਫ਼ਿਲਮਾਂ ਵਿੱਚ ਸਫ਼ਲ ਕਰੀਅਰ ਰਿਹਾ ਹੈ। ਉਨ੍ਹਾਂ ਨੇ ਬੰਗਾਲੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਕੰਮ ਕੀਤਾ ਹੈ। ਸਾਲ 1988 ਵਿੱਚ ਸੀਰੀਅਲ ਮਹਾਭਾਰਤ ਨਾਲ ਉਨ੍ਹਾਂ ਨੂੰ ਘਰ-ਘਰ ਵਿੱਚ ਪਛਾਣ ਮਿਲੀ। ਟੈਲੀਵਿਜ਼ਨ ਵਿੱਚ ਉਨ੍ਹਾਂ ਦੇ ਹੋਰ ਪ੍ਰਸਿੱਧ ਕੰਮਾਂ ਵਿੱਚ ਗਣਦੇਵਤਾ, ਚੰਦਰਕਾਂਤਾ, ਕਾਨੂੰਨ, ਕਸਤੂਰੀ ਅਤੇ ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ ਸ਼ਾਮਲ ਹਨ।
ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਰੂਪਾ ਨੇ ਸਾਲ 1993 ਵਿੱਚ ਆਈ 'ਪਦਮਾ ਨਾਦਿਰ ਮਾਝੀ', 1995 ਵਿੱਚ ਆਈ 'ਯੁਗਾਂਤ', 2000 'ਚ ਆਈ 'ਬਰੀਵਾਲੀ' ਅਤੇ ਸਾਲ 2012 ਵਿੱਚ ਆਈ 'ਬਰਫ਼ੀ' ਵਿੱਚ ਕੰਮ ਕੀਤਾ। ਰੂਪਾ ਗਾਂਗੁਲੀ ਦਾ ਰਾਜਨੀਤੀ ਵਿੱਚ ਪ੍ਰਵੇਸ਼ ਅਚਾਨਕ ਨਹੀਂ ਸੀ, ਸਗੋਂ ਇਹ ਬੰਗਾਲ ਦੀਆਂ ਉਸ ਵੇਲੇ ਦੀਆਂ ਪ੍ਰਸਥਿਤੀਆਂ ਪ੍ਰਤੀ ਉਨ੍ਹਾਂ ਦੇ ਗੁੱਸੇ ਦਾ ਨਤੀਜਾ ਸੀ। ਸਾਲ 2015 ਵਿੱਚ ਉਨ੍ਹਾਂ ਨੇ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਉਸ ਸਮੇਂ ਬੰਗਾਲ ਦੀ ਰਾਜਨੀਤੀ ਵਿੱਚ ਭਾਜਪਾ ਇੱਕ ਉੱਭਰਦੀ ਹੋਈ ਸ਼ਕਤੀ ਸੀ ਅਤੇ ਰੂਪਾ ਗਾਂਗੁਲੀ ਪਾਰਟੀ ਲਈ ਇੱਕ ਪ੍ਰਮੁੱਖ ਚਿਹਰਾ ਬਣ ਕੇ ਉੱਭਰੀ।
ਉਨ੍ਹਾਂ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਵਜੋਂ ਦੋ ਸਾਲ (2015-2017) ਤੱਕ ਸੇਵਾ ਨਿਭਾਈ। ਅਕਤੂਬਰ 2016 ਵਿੱਚ, ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਰਾਜ ਸਭਾ ਸੀਟ ਲਈ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 2022 ਵਿੱਚ ਸਮਾਪਤ ਹੋਇਆ। ਅਪ੍ਰੈਲ 2026 ਵਿੱਚ ਰੂਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਵਜੋਂ ਸੋਨਾਰਪੁਰ ਦੱਖਣੀ ਹਲਕੇ ਤੋਂ ਚੋਣ ਲੜੀ ਅਤੇ ਅਰੁੰਧਤੀ ਮੈਤਰਾ ਨੂੰ ਕਰੜੀ ਟੱਕਰ ਦਿੰਦੇ ਹੋਏ ਜਿੱਤ ਹਾਸਲ ਕੀਤੀ।
ਹੁਣ 2026 ਦੇ ਪੱਛਮੀ ਬੰਗਾਲ ਚੋਣ ਨਤੀਜਿਆਂ ਤੋਂ ਬਾਅਦ, ਭਾਜਪਾ ਦੀ ਮਹਿਲਾ ਪੱਖੀ ਤਸਵੀਰ ਨੂੰ ਮਜ਼ਬੂਤ ਕਰਨ ਲਈ ਰੂਪਾ ਗਾਂਗੁਲੀ ਨੂੰ ਮੁੱਖ ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਮੰਨਿਆ ਜਾ ਰਿਹਾ ਹੈ। ਉਹ ਆਪਣੇ ਸਾਫ਼-ਸੁਥਰੇ ਅਕਸ ਕਾਰਨ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ।