- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਮਨੀ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ ਕਮਿਸ਼ਨ ਨੇ ਤ੍ਰਿਣਮੂਲ ਦੇ ਦੋਹਾਂ ਗੁੱਟਾਂ ਤੋਂ ਨਾਮ ਅਤੇ ਚੋਣ ਚਿੰਨ੍ਹ ਲਈ ਤਿੰਨ-ਤਿੰਨ ਬਦਲ ਮੰਗੇ ਸਨ। ਦੋਹਾਂ ਗੁੱਟਾਂ ਵੱਲੋਂ ਬਦਲ ਪ੍ਰਦਾਨ ਕਰਨ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਨੂੰ ਨਵਾਂ ਨਾਂ ਅਤੇ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਹਨ।

ਜਾਗਰਣ ਬਿਊਰੋ, ਨਵੀਂ ਦਿੱਲੀ : ਬੰਗਾਲ ਦੇ ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਰਾਜ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੋ ਵੱਡੇ ਝਟਕੇ ਲੱਗੇ ਹਨ। ਪਾਰਟੀ ਦੇ ਅੰਦਰ ਬਗ਼ਾਵਤ ਕਾਰਨ ਚੋਣ ਕਮਿਸ਼ਨ ਨੇ ਵੀਰਵਾਰ ਰਾਤ ਨੂੰ ਉਨ੍ਹਾਂ ਦੀ ਪਾਰਟੀ ਦਾ ਨਾਂ ਅਤੇ ਚੋਣ ਚਿੰਨ੍ਹ (ਦੋ ਫੁੱਲਾਂ ਨਾਲ ਘਾਹ) ਆਖ਼ਰੀ ਫ਼ੈਸਲਾ ਆਉਣ ਤੱਕ ਜ਼ਬਤ ਕਰ ਲਿਆ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਨੰਦੀਗ੍ਰਾਮ ਸੀਟ ਤੋਂ ਉਨ੍ਹਾਂ ਦੇ ਗੁੱਟ ਦੀ ਉਮੀਦਵਾਰ ਸੰਚਿਤਾ ਪ੍ਰਧਾਨ ਨੇ ਆਪਣਾ ਨਾਂ ਵਾਪਸ ਲੈ ਕੇ ਉਨ੍ਹਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਜ਼ਿਮਨੀ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ ਕਮਿਸ਼ਨ ਨੇ ਤ੍ਰਿਣਮੂਲ ਦੇ ਦੋਹਾਂ ਗੁੱਟਾਂ ਤੋਂ ਨਾਮ ਅਤੇ ਚੋਣ ਚਿੰਨ੍ਹ ਲਈ ਤਿੰਨ-ਤਿੰਨ ਬਦਲ ਮੰਗੇ ਸਨ। ਦੋਹਾਂ ਗੁੱਟਾਂ ਵੱਲੋਂ ਬਦਲ ਪ੍ਰਦਾਨ ਕਰਨ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਨੂੰ ਨਵਾਂ ਨਾਂ ਅਤੇ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਹਨ। ਕਮਿਸ਼ਨ ਨੇ ਮਮਤਾ ਬੈਨਰਜੀ ਗੁੱਟ ਨੂੰ ‘ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਨਾਂ ਅਤੇ ਚੋਣ ਚਿੰਨ੍ਹ ‘ਫੁੱਟਬਾਲ ਖਿਡਾਰੀ’ ਦਿੱਤਾ ਹੈ। ਰਿਤਬਰਤ ਬੈਨਰਜੀ ਵਾਲੇ ਬਾਗ਼ੀ ਗੁੱਟ ਨੂੰ ‘ਡੈਮੋਕ੍ਰੈਟਿਕ ਤ੍ਰਿਣਮੂਲ ਕਾਂਗਰਸ’ ਨਾਂ ਅਤੇ ਚੋਣ ਚਿੰਨ੍ਹ ‘ਲਿਫ਼ਾਫ਼ਾ ਦਿੱਤਾ ਗਿਆ ਹੈ। ਬੰਗਾਲ ਵਿਚ ਦੋਹਾਂ ਸੀਟਾਂ ਲਈ ਛੇ ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿਚ ਦੋਵੇਂ ਗੁੱਟ ਇਨ੍ਹਾਂ ਨਾਵਾਂ ਅਤੇ ਚੋਣ ਚਿੰਨ੍ਹਾਂ ਨਾਲ ਮੈਦਾਨ ਵਿਚ ਉਤਰਨਗੇ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਅਤੇ ਉਸ ਦੇ ਚੋਣ ਚਿੰਨ੍ਹ ’ਤੇ ਦਾਅਵੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਦਿਆਂ ਪਾਰਟੀ ਦਾ ਨਾਂ ਅਤੇ ਚੋਣ ਚਿੰਨ੍ਹ ਆਖ਼ਰੀ ਫੈਸਲੇ ਆਉਣ ਤੱਕ ਜ਼ਬਤ ਕਰਨ ਦਾ ਫ਼ੈਸਲਾ ਕੀਤਾ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਅੰਤਰਿਮ ਪ੍ਰਬੰਧ ਵਿਸ਼ੇਸ਼ ਤੌਰ ’ਤੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਲਈ ਕੀਤਾ ਗਿਆ ਹੈ। ਇਹ ਤਦ ਤੱਕ ਪ੍ਰਭਾਵਸ਼ਾਲੀ ਰਹੇਗਾ, ਜਦ ਤੱਕ ਵਿਵਾਦ ਦਾ ਅੰਤਿਮ ਹੱਲ ਨਹੀਂ ਹੋ ਜਾਂਦਾ।
ਮਮਤਾ ਨੇ ਤ੍ਰਿਣਮੂਲ ਕਾਂਗਰਸ ਦੇ ਨਾਂ ਅਤੇ ਚੋਣ ਚਿੰਨ੍ਹ ਨੂੰ ਫ੍ਰੀਜ਼ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕੋਲਕਾਤਾ ਵਿਚ ਆਪਣੀ ਰਿਹਾਇਸ਼ ’ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਇਸ ਨੂੰ ਦੇਸ਼ ਦੇ ਲੋਕਤੰਤਰੀ ਇਤਿਹਾਸ ਦਾ ਕਾਲਾ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਸਵੀਕਾਰ ਨਹੀਂ ਕਰਨਗੇ ਤੇ ਸਿਆਸੀ, ਲੋਕਤੰਤਰੀ ਅਤੇ ਕਾਨੂੰਨੀ ਤਰੀਕੇ ਨਾਲ ਲੜਾਈ ਜਾਰੀ ਰੱਖੀ ਜਾਵੇਗੀ।
ਮਮਤਾ ਬੈਨਰਜੀ ਲਈ ਪਾਰਟੀ ਦਾ ਨਾਂ ਅਤੇ ਚੋਣ ਚਿੰਨ੍ਹ ਜ਼ਬਤ ਹੋਣ ਤੋਂ ਬਾਅਦ ਨੰਦੀਗ੍ਰਾਮ ਤੋਂ ਉਨ੍ਹਾਂ ਦੇ ਗੁੱਟ ਦੀ ਉਮੀਦਵਾਰ ਸੰਚਿਤਾ ਪ੍ਰਧਾਨ ਦਾ ਮੈਦਾਨ ਤੋਂ ਹਟਣਾ ਵੱਡਾ ਝਟਕਾ ਹੈ। ਪ੍ਰਧਾਨ ਨੇ ਇਹ ਐਲਾਨ ਉਦੋਂ ਕੀਤਾ ਜਦੋਂ ਨਾਮਜ਼ਦਗੀ ਦੀ ਆਖ਼ਰੀ ਤਰੀਕ ਖ਼ਤਮ ਹੋ ਚੁੱਕੀ ਹੈ। ਹੁਣ ਮਮਤਾ ਕਿਸੇ ਹੋਰ ਉਮੀਦਵਾਰ ਨੂੰ ਵੀ ਮੈਦਾਨ ਵਿਚ ਨਹੀਂ ਉਤਾਰ ਸਕਦੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਹੁਣ ਨੰਦੀਗ੍ਰਾਮ ਸੀਟ ਤੋਂ ਕਾਂਗਰਸ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ਵਿਚ ਹੁਣ ਸਭ ਦੀਆਂ ਨਜ਼ਰਾਂ ਰੇਜੀਨਗਰ ’ਤੇ ਟਿਕੀਆਂ ਹਨ ਕਿਉਂਕਿ ਹਾਲੇ ਨਾਮ ਵਾਪਸੀ ਦੀ ਅੰਤਿਮ ਤਰੀਕ 19 ਸਤੰਬਰ ਤੱਕ ਹੈ।
ਤ੍ਰਿਣਮੂਲ ਦੇ ਸਿਆਸੀ ਸਫ਼ਰ ਵਿਚ ਅਹਿਮ ਰਹੀ ਹੈ ਚੋਣ ਚਿੰਨ੍ਹ ਦੀ ਭੂਮਿਕਾ
ਨਵੀਂ ਦਿੱਲੀ, (ਪੀਟੀਆਈ) : 1998 ਵਿਚ ਮਮਤਾ ਬੈਨਰਜੀ ਦੁਆਰਾ ਕਾਂਗਰਸ ਤੋਂ ਅਲੱਗ ਹੋ ਕੇ ਤ੍ਰਿਣਮੂਲ ਕਾਂਗਰਸ ਦੇ ਗਠਨ ਤੋਂ ਬਾਅਦ ‘ਦੋ ਫੁੱਲਾਂ ਨਾਲ ਘਾਹ’ ਚੋਣ ਚਿੰਨ੍ਹ ਨੇ ਪਾਰਟੀ ਦੇ ਸਫ਼ਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਚੋਣ ਚਿੰਨ੍ਹ ਨੂੰ ਲੈ ਕੇ ਚੋਣ ਕਮਿਸ਼ਨ ਦਾ ਆਦੇਸ਼ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਤ੍ਰਿਣਮੂਲ ਵਿਧਾਇਕ ਦਲ ਵਿਚ ਹੋਈ ਬਗ਼ਾਵਤ ਮਗਰੋਂ ਆਇਆ ਹੈ। ਜੂਨ ਵਿਚ 58 ਵਿਧਾਇਕਾਂ ਨੇ ਮਮਤਾ ਗੁੱਟ ਦੇ ਉਮੀਦਵਾਰ ਸੋਵਨਦੇਬ ਚਟੋਪਾਧਿਆਏ ਦੀ ਜਗ੍ਹਾ ਪਾਰਟੀ ਤੋਂ ਕੱਢੇ ਗਏ ਆਗੂ ਰਿਤਬਰਤ ਬੈਨਰਜੀ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਚੁਣ ਲਿਆ ਅਤੇ ਸਪੀਕਰ ਤੋਂ ਮਾਨਤਾ ਪ੍ਰਾਪਤ ਕੀਤੀ। ਤ੍ਰਿਣਮੂਲ ਦੇ 28 ਸਾਲ ਦੇ ਇਤਿਹਾਸ ਵਿਚ ਇਹ ਪਹਿਲੀ ਫੁੱਟ ਸੀ। ਪੰਜ ਦਿਨਾਂ ਬਾਅਦ ਕਾਕੋਲੀ ਘੋਸ਼ ਦਸਤਿਦਾਰ ਦੀ ਅਗਵਾਈ ਵਿਚ 20 ਲੋਕ ਸਭਾ ਮੈਂਬਰਾਂ ਨੇ ਵੀ ਬਗ਼ਾਵਤ ਦਾ ਝੰਡਾ ਚੁੱਕ ਲਿਆ ਅਤੇ ਘੱਟ ਜਾਣੀ-ਪਛਾਣੀ ਐੱਨਸੀਪੀ-ਆਈ ਦਾ ਪੱਲਾ ਫੜ ਲਿਆ।