ਗੋਲਡ ਮੈਡਲਿਸਟ ਅਧਿਕਾਰੀ ਦੇ ਹੱਥਾਂ 'ਚ ਦਿਸ਼ਾ ਸਾਲਿਆਨ ਕੇਸ ਦੀ ਕਮਾਨ, ਜਾਣੋ ਕੌਣ ਹੈ CBI ਅਫਸਰ ਸੀਮਾ ਪਾਹੁਜਾ ਸੀਮਾ ਪਾਹੁਜਾ ਇਸ ਸਮੇਂ ਦਿੱਲੀ ਸਥਿਤ CBI ਹੈੱਡਕੁਆਰਟਰ ਦੀ ਸਪੈਸ਼ਲ ਕ੍ਰਾਈਮ ਯੂਨਿਟ 'ਚ ਸੁਪਰਡੈਂਟ ਆਫ਼ ਪੁਲਿਸ ਦੇ ਅਹੁਦੇ 'ਤੇ ਤਾਇਨਾਤ ਹਨ। ਪਾਹੁਜਾ ਨੂੰ ਗੁੰਝਲਦਾਰ ਅਪਰਾਧਿਕ ਮਾਮਲਿਆਂ ਤੇ ਫੋਰੈਂਸਿਕ ਸਬੂਤਾਂ ਦੀ ਜਾਂਚ ਦਾ ਖਾਸ ਤਜਰਬਾ ਹੈ ਜਿਸ 'ਚ ਕਈ ਹਾਈ-ਪ੍ਰੋਫਾਈਲ ਤੇ ਸੰਵੇਦਨਸ਼ੀਲ ਮਾਮਲੇ ਸ਼ਾਮਲ ਹਨ।
Publish Date: Wed, 16 Sep 2026 01:41 PM (IST)
Updated Date: Wed, 16 Sep 2026 01:46 PM (IST)
ਡਿਜੀਟਲ ਡੈਸਕ, ਮੁੰਬਈ : 2020 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦਾ ਮਾਮਲਾ ਹੁਣ CBI ਅਧਿਕਾਰੀ ਸੀਮਾ ਪਾਹੁਜਾ ਦੇ ਹੱਥਾਂ 'ਚ ਪਹੁੰਚ ਗਿਆ ਹੈ। CBI ਵੱਲੋਂ FIR ਦਰਜ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਜਾਂਚ ਏਜੰਸੀ ਦੀ ਸੀਨੀਅਰ ਅਧਿਕਾਰੀ ਸੀਮਾ ਪਾਹੁਜਾ ਹੁਣ ਇਸ ਕੇਸ ਦੀ ਜਾਂਚ ਕਰਨਗੇ। ਇਹ FIR ਦਿਸ਼ਾ ਸਾਲਿਆਨ ਦੇ ਪਿਤਾ ਸਤੀਸ਼ ਸਾਲਿਆਨ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ। ਦਰਜ FIR 'ਚ ਸ਼ਿਵਸੈਨਾ (UBT) ਆਗੂ ਆਦਿਤਿਆ ਠਾਕਰੇ ਤੇ ਅਦਾਕਾਰ ਡਿਨੋ ਮੋਰੀਆ ਸਮੇਤ ਕਈ ਲੋਕਾਂ ਦੇ ਨਾਂ ਸ਼ਾਮਲ ਹਨ।
ਕੋਲਕਾਤਾ RG ਕਰ ਤੇ ਹਾਥਰਸ ਰੇਪ ਕੇਸ ਦਾ ਹਿੱਸਾ ਰਹੀ ਹੈ ਸੀਮਾ ਪਾਹੁਜਾ ਸੀਮਾ ਪਾਹੁਜਾ ਇਸ ਸਮੇਂ ਦਿੱਲੀ ਸਥਿਤ CBI ਹੈੱਡਕੁਆਰਟਰ ਦੀ ਸਪੈਸ਼ਲ ਕ੍ਰਾਈਮ ਯੂਨਿਟ 'ਚ ਸੁਪਰਡੈਂਟ ਆਫ਼ ਪੁਲਿਸ ਦੇ ਅਹੁਦੇ 'ਤੇ ਤਾਇਨਾਤ ਹਨ। ਪਾਹੁਜਾ ਨੂੰ ਗੁੰਝਲਦਾਰ ਅਪਰਾਧਕ ਮਾਮਲਿਆਂ ਤੇ ਫੋਰੈਂਸਿਕ ਸਬੂਤਾਂ ਦੀ ਜਾਂਚ ਦਾ ਖਾਸ ਤਜਰਬਾ ਹੈ, ਜਿਸ 'ਚ ਕਈ ਹਾਈ-ਪ੍ਰੋਫਾਈਲ ਤੇ ਸੰਵੇਦਨਸ਼ੀਲ ਮਾਮਲੇ ਸ਼ਾਮਲ ਹਨ।
ਪਾਹੁਜਾ 2024 ਦੇ ਕੋਲਕਾਤਾ RG ਕਰ ਹਸਪਤਾਲ ਰੇਪ ਅਤੇ ਕਤਲ ਕੇਸ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਰਹੀ ਸੀ। ਯੂਪੀ ਦੇ ਹਾਥਰਸ ਮਾਮਲੇ ਦੀ ਜਾਂਚ ਟੀਮ 'ਚ ਵੀ ਪਾਹੁਜਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਉਹ ਉਨਾਵ ਰੇਪ ਕੇਸ ਦੀ ਜਾਂਚ ਦਾ ਵੀ ਹਿੱਸਾ ਰਹੀ ਸੀ।
CBI ਨੇ ਪਾਹੁਜਾ ਨੂੰ ਹਿਮਾਚਲ ਪ੍ਰਦੇਸ਼ ਦੇ ਚਰਚਿਤ 'ਗੁੜੀਆ ਕੇਸ' ਦੀ ਜਾਂਚ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ਪਾਹੁਜਾ ਸ਼ਿਮਲਾ 'ਚ ਇਕ ਨਾਬਾਲਗ ਲੜਕੀ ਨਾਲ ਰੇਪ ਤੇ ਕਤਲ ਦੇ ਮਾਮਲੇ ਦੀ ਜਾਂਚ 'ਚ ਵੀ ਸ਼ਾਮਲ ਰਹੀ ਸੀ। 2021 'ਚ ਪਾਹੁਜਾ ਨੂੰ 'ਬੈਸਟ ਇਨਵੈਸਟੀਗੇਟਿੰਗ ਅਫਸਰ' (ਸਭ ਤੋਂ ਵਧੀਆ ਜਾਂਚ ਅਧਿਕਾਰੀ) ਵਜੋਂ ਗੋਲਡ ਮੈਡਲ ਮਿਲਿਆ ਸੀ।
CBI ਦੀ FIR 'ਚ ਕਤਲ, ਗੈਂਗਰੇਪ ਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਸ਼ਾਮਲ CBI ਵੱਲੋਂ ਦਰਜ FIR 'ਚ ਅਪਰਾਧਿਕ ਸਾਜ਼ਿਸ਼, ਗੈਂਗਰੇਪ, ਕਤਲ, ਸਬੂਤ ਮਿਟਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰੀ ਕਰਮਚਾਰੀ ਵੱਲੋਂ ਰਿਕਾਰਡ 'ਚ ਹੇਰਾਫੇਰੀ ਕਰਨ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ। ਹਾਲਾਂਕਿ ਅਜੇ ਤਕ ਕੇਸ 'ਚ ਕਿਸੇ 'ਤੇ ਵੀ ਦੋਸ਼ ਤੈਅ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਦਰਜ ਕੀਤਾ ਗਿਆ ਸੀ ਅਤੇ ਹੁਣ ਬਿਆਨ ਦਰਜ ਕਰਨ ਤੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਅਧਿਕਾਰੀਆਂ ਮੁਤਾਬਕ, ਜਾਂਚ ਦਾ ਇਕ ਅਹਿਮ ਹਿੱਸਾ ਉਨ੍ਹਾਂ ਲੋਕਾਂ ਦੇ ਬਿਆਨ ਦਰਜ ਕਰਨਾ ਹੋਵੇਗਾ, ਜੋ ਸਾਲਿਆਨ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਮੁੰਬਈ 'ਚ ਉਨ੍ਹਾਂ ਦੇ ਮੰਗੇਤਰ ਰੋਹਨ ਰਾਏ ਦੇ ਘਰ ਹੋਈ ਪਾਰਟੀ 'ਚ ਮੌਜੂਦ ਸਨ।
ਸਾਲਿਆਨ ਕੇਸ 'ਚ ਹੁਣ ਤਕ ਕੀ ਹੋਇਆ? ਦਿਸ਼ਾ ਸਾਲਿਆਨ ਦੀ ਮੌਤ ਨੂੰ ਪਹਿਲਾਂ 'ਐਕਸੀਡੈਂਟਲ ਡੈਥ ਰਿਪੋਰਟ' ਵਜੋਂ ਦਰਜ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਨੇ ਜਾਂਚ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਸਾਲਿਆਨ ਨੇ ਖੁਦਕੁਸ਼ੀ ਕੀਤੀ ਸੀ, ਪਰ ਉਨ੍ਹਾਂ ਦੇ ਪਿਤਾ ਨੇ ਪਿਛਲੇ ਸਾਲ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਧੀ ਨਾਲ ਗੈਂਗਰੇਪ ਤੇ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਬੰਬੇ ਹਾਈ ਕੋਰਟ ਨੇ CBI ਨੂੰ FIR ਦਰਜ ਕਰਨ ਤੇ ਉਨ੍ਹਾਂ ਦੀ ਮੌਤ ਨਾਲ ਜੁੜੇ ਹਾਲਾਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।
ਕਦੋਂ ਤੇ ਕਿਵੇਂ ਹੋਈ ਸੀ ਦਿਸ਼ਾ ਸਾਲਿਆਨ ਦੀ ਮੌਤ? ਦਿਸ਼ਾ ਸਾਲਿਆਨ ਦੀ ਮੌਤ 8 ਜੂਨ 2020 ਨੂੰ ਮੁੰਬਈ ਦੇ ਮਲਾਡ ਇਲਾਕੇ 'ਚ ਇਕ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ। ਇਹ ਘਟਨਾ ਬਾਂਦਰਾ ਸਥਿਤ ਫਲੈਟ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੋਈ ਸੀ।