ਢੋਂਗੀ ਬਾਬਾ ਖਰਾਤ ਦਾ VIP ਕੁਨੈਕਸ਼ਨ! ਧੀ ਦੇ ਵਿਆਹ ਦੇ ਕਾਰਡ 'ਚ ਸੀ ਏਕਨਾਥ ਸ਼ਿੰਦੇ ਸਮੇਤ ਕਈ ਲੀਡਰਾਂ ਦੇ ਨਾਂ
Ashok Kharat ਨੇ ਇਨਕਮ ਟੈਕਸ ਵਿਭਾਗ ਨੂੰ ਆਪਣੀ ਸਾਲਾਨਾ ਆਮਦਨ ਸਿਰਫ਼ 12 ਲੱਖ ਰੁਪਏ ਦਿਖਾਈ ਸੀ, ਪਰ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਉਸ ਦੀ ਜਾਇਦਾਦ ਅਸਲ ਵਿੱਚ 200 ਕਰੋੜ ਰੁਪਏ ਤੋਂ ਵੱਧ ਹੈ। ਟੈਕਸ ਚੋਰੀ ਦੇ ਮਾਮਲੇ ਵਿੱਚ ਉਸ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
Publish Date: Fri, 03 Apr 2026 03:42 PM (IST)
Updated Date: Fri, 03 Apr 2026 03:45 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਨਾਸਿਕ ਦੇ ਕਥਿਤ ਢੋਂਗੀ ਬਾਬਾ ਅਸ਼ੋਕ ਖਰਾਤ ਨਾਲ ਜੁੜੇ ਵਿਵਾਦ ਨੇ ਹੁਣ ਸਿਆਸੀ ਮੋੜ ਲੈ ਲਿਆ ਹੈ। ਸ਼ਰਦ ਪਵਾਰ ਧੜੇ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP-SP) ਨੇ ਇਸ ਵਿਵਾਦ 'ਚ ਸਾਰੇ ਸਿਆਸੀ ਆਗੂਆਂ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਅਕਤੀਆਂ ਦੀ ਜਾਂਚ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀਆਂ ਖਰਾਤ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ।
ਕਾਰਡ 'ਤੇ ਛਪੇ ਸਨ ਵੱਡੇ-ਵੱਡੇ ਲੀਡਰਾਂ ਦੇ ਨਾਂ
ਖਰਾਤ ਦੀ ਧੀ ਦੇ ਵਿਆਹ ਲਈ ਛਪੇ ਕਾਰਡ ਨੂੰ ਲੈ ਕੇ ਵੀ ਹੰਗਾਮਾ ਤੇਜ਼ ਹੈ ਤੇ ਕਾਰਡ 'ਚ ਛਪੇ ਨਾਵਾਂ 'ਤੇ ਸਵਾਲ ਚੁੱਕੇ ਜਾ ਰਹੇ ਹਨ। ਜਾਣਕਾਰੀ ਅਨੁਸਾਰ, ਵਿਆਹ ਦੇ ਕਾਰਡ 'ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਕੈਬਨਿਟ ਮੰਤਰੀ ਚੰਦਰਕਾਂਤ ਪਾਟਿਲ, ਆਸ਼ੀਸ਼ ਸ਼ੇਲਾਰ ਤੇ ਨੀਲਮ ਗੋਰਹੇ ਸਮੇਤ ਕਈ ਵੱਡੇ ਨਾਂ 'ਚੀਫ਼ ਗੈਸਟ' (ਮੁੱਖ ਮਹਿਮਾਨ) ਵਜੋਂ ਛਪੇ ਹੋਏ ਸਨ। ਦੱਸ ਦੇਈਏ ਕਿ ਖਰਾਤ ਦੀ ਧੀ ਦਾ ਵਿਆਹ 10 ਜਨਵਰੀ, 2026 ਨੂੰ ਹੋਇਆ ਸੀ।
ਇਨਕਮ ਟੈਕਸ ਨੂੰ ਦਿਖਾਈ ਸਿਰਫ਼ 12 ਲੱਖ ਦੀ ਆਮਦਨ
ਖਰਾਤ ਨੇ ਇਨਕਮ ਟੈਕਸ ਵਿਭਾਗ ਨੂੰ ਆਪਣੀ ਸਾਲਾਨਾ ਆਮਦਨ ਸਿਰਫ਼ 12 ਲੱਖ ਰੁਪਏ ਦਿਖਾਈ ਸੀ, ਪਰ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਉਸ ਦੀ ਜਾਇਦਾਦ ਅਸਲ ਵਿੱਚ 200 ਕਰੋੜ ਰੁਪਏ ਤੋਂ ਵੱਧ ਹੈ। ਟੈਕਸ ਚੋਰੀ ਦੇ ਮਾਮਲੇ ਵਿੱਚ ਉਸ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਇਸ ਤੋਂ ਇਲਾਵਾ, ਖਰਾਤ ਦੇ ਦਫ਼ਤਰ ਤੋਂ 20 ਫੁੱਟ ਲੰਬਾ ਰਿਮੋਟ ਨਾਲ ਚੱਲਣ ਵਾਲਾ ਸੱਪ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਉਹ ਇਸ ਦੀ ਵਰਤੋਂ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਡਰਾਉਣ ਅਤੇ ਧੋਖਾ ਦੇਣ ਲਈ ਕਰਦਾ ਸੀ।
14 ਅਪ੍ਰੈਲ ਤਕ ਅਸ਼ੋਕ ਖਰਾਤ ਨਿਆਂਇਕ ਹਿਰਾਸਤ 'ਚ
ਦੂਜੇ ਪਾਸੇ, ਰਾਜ ਸਰਕਾਰ ਦੀ ਮੰਤਰੀ ਅਦਿਤੀ ਤਟਕਰੇ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ਤੋਂ ਕਿਸੇ ਵੀ ਤਰ੍ਹਾਂ ਦਾ ਨਤੀਜਾ ਨਹੀਂ ਕੱਢਿਆ ਜਾਣਾ ਚਾਹੀਦਾ। NCP (SP) ਦੇ ਸੂਬਾ ਪ੍ਰਧਾਨ ਸ਼ਸ਼ੀਕਾਂਤ ਸ਼ਿੰਦੇ ਨੇ ਅੰਧਵਿਸ਼ਵਾਸ ਵਿਰੁੱਧ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਨਾਸਿਕ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਅਸ਼ੋਕ ਖਰਾਤ ਨੂੰ ਅਦਾਲਤ ਨੇ 14 ਅਪ੍ਰੈਲ ਤਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਵੀਰਵਾਰ ਨੂੰ ਵੀ ਉਸ ਨੂੰ ਦੂਜੇ ਮਾਮਲੇ ਵਿੱਚ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ।