
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਦੇ ਪਾਪ ਦਾ ਘੜਾ ਭਰ ਚੁੱਕਾ ਹੈ। ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲਾ ਕੇਸ ਵੀ ਫ਼ਰਜ਼ੀ ਸੀ ਅਤੇ ਇਹ ਕੇਸ ਵੀ ਫ਼ਰਜ਼ੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਝੂਠ ਫਿਰ ਦੇਸ਼ ਦੇ ਸਾਹਮਣੇ ਆਏਗਾ, ਪਰ ਜੇਲ੍ਹ ’ਚ ਬਿਤਾਏ ਸਮੇਂ ਅਤੇ ਮਾਨਸਿਕ ਪ੍ਰਤਾੜਨਾ ਦੀ ਭਰਪਾਈ ਕੌਣ ਕਰੇਗਾ? ਪੂਰੀ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਜਨਤਾ ਸਤੇਂਦਰ ਜੈਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਜਾਸ, ਨਵੀਂ ਦਿੱਲੀ : ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਨੇ ਦਿੱਲੀ ਜਲ ਬੋਰਡ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਟੈਂਡਰ ਘੁਟਾਲੇ ’ਚ ਦਿੱਲੀ ਸਰਕਾਰ ’ਚ ਮੰਤਰੀ ਰਹੇ ਸਤੇਂਦਰ ਜੈਨ ਤੇ ਜਲ ਬੋਰਡ ਦੇ ਸਾਬਕਾ ਸੀਈਓ ਆਈਏਐੱਸ ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਸਮੇਤ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਮਈ 2024 ’ਚ ਦਰਜ ਐੱਫਆਈਆਰ ਤਹਿਤ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਤੇਂਦਰ ਜੈਨ ਨੂੰ ਫਿਰ ਭਾਜਪਾ ਨੇ ਝੂਠੇ ਕੇਸ ’ਚ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਉਨ੍ਹਾਂ ਪੁੱਛਿਆ ਕਿ ਆਖ਼ਰ ਭਾਜਪਾ ਦੀ ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ? ਭਾਜਪਾ ਦੇ ਪਾਪ ਦਾ ਘੜਾ ਭਰ ਚੁੱਕਾ ਹੈ। ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲਾ ਕੇਸ ਵੀ ਫ਼ਰਜ਼ੀ ਸੀ ਅਤੇ ਇਹ ਕੇਸ ਵੀ ਫ਼ਰਜ਼ੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਝੂਠ ਫਿਰ ਦੇਸ਼ ਦੇ ਸਾਹਮਣੇ ਆਏਗਾ, ਪਰ ਜੇਲ੍ਹ ’ਚ ਬਿਤਾਏ ਸਮੇਂ ਅਤੇ ਮਾਨਸਿਕ ਪ੍ਰਤਾੜਨਾ ਦੀ ਭਰਪਾਈ ਕੌਣ ਕਰੇਗਾ? ਪੂਰੀ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਜਨਤਾ ਸਤੇਂਦਰ ਜੈਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਏਸੀਬੀ ਦੇ ਸੰਯੁਕਤ ਕਮਿਸ਼ਨਰ ਵਿਕਰਮਜੀਤ ਸਿੰਘ ਮੁਤਾਬਕ, ਘੁਟਾਲੇ ’ਚ ਜਿਨ੍ਹਾਂ ਛੇ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ’ਚ ਸਤੇਂਦਰ ਜੈਨ ਉਸ ਦੌਰਾਨ ਦਿੱਲੀ ਸਰਕਾਰ ’ਚ ਜਲ ਮੰਤਰੀ ਸਨ। ਇਸ ਤੋਂ ਇਲਾਵਾ ਉਦਿਤ ਪ੍ਰਕਾਸ਼ ਰਾਏ (ਆਈਏਐੱਸ) ਸੀਈਓ, ਅੰਕਿਤ ਸ਼੍ਰੀਵਾਸਤਵ ਅਸਥਾਈ ਕੰਸਲਟੈਂਟ, ਮੈਸਰਜ਼ ਏਐੱਨ ਐਂਟਰਪ੍ਰਾਈਜ਼ਿਜ਼ ਦੇ ਪ੍ਰੋਪਰਾਈਟਰ ਨਾਗੇਂਦਰ ਯਾਦਵ, ਮੈਸਰਜ਼ ਯੂਰੋਟੈਕ ਐਨਵਾਇਰਮੈਂਟ ਪ੍ਰਾਈਵੇਟ ਲਿਮਟਡ ਦੇ ਮਾਲਕ ਰਾਜਾ ਕੁਮਾਰ ਕੁਰਰਾ ਤੇ ਮੈਸਰਜ਼ ਸ੍ਰਿਜਨਹਾਰ ਦੇ ਪ੍ਰੋਪਰਾਈਟਰ ਪੰਕਜ ਵਰਮਾ ਹਨ। ਚੌਕਸੀ ਡਾਇਰੈਕੋਟਰੇਟ ਦੀ ਸ਼ਿਕਾਇਤ ’ਤੇ ਸ਼ੁਰੂ ਹੋਈ ਜਾਂਚ ’ਚ ਟੈਂਡਰ ਪ੍ਰਕਿਰਿਆ ’ਚ ਵੱਡੇ ਪੱਧਰ ’ਤੇ ਹੇਰਾਫੇਰੀ ਅਤੇ ਅਪਰਾਧਿਕ ਸਾਜ਼ਿਸ਼ ਦਾ ਪਤਾ ਲੱਗਾ ਸੀ। ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਅਪਗ੍ਰੇਡੇਸ਼ਨ ਪ੍ਰਕਿਰਿਆ ’ਚ ਅਜਿਹੀਆਂ ਸਖ਼ਤ ਤੇ ਮਨਮਾਨੀਆਂ ਸ਼ਰਤਾਂ ਜੋੜੀਆਂ ਗਈਆਂ, ਜਿਸ ਨਾਲ ਸਿਰਫ਼ ਖ਼ਾਸ ਕੰਪਨੀ ਮੈਸਰਜ਼ ਯੂਰੋਟੈਕ ਐਨਵਾਇਰਮੈਂਟ ਨੂੰ ਹੀ ਫ਼ਾਇਦਾ ਪਹੁੰਚੇ ਤੇ ਹੋਰ ਕੰਪਨੀਆਂ ਦੌੜ ਤੋਂ ਬਾਹਰ ਹੋ ਜਾਣ। ਨਿਯਮਾਂ ’ਚ ਹੇਰਾਫੇਰੀ ਕੀਤੀ ਗਈ। ਜਾਂਚ ’ਚ 1.52 ਕਰੋੜ ਰੁਪਏ ਦੀ ਰਿਸ਼ਵਤ ਤੇ ਮਨੀ ਟ੍ਰੇਲ ਬਾਰੇ ਵੀ ਪਤਾ ਲੱਗਾ। ਵਿੱਤੀ ਜਾਂਚ ’ਚ ਕਮਿਸ਼ਨ ਤੇ ਰਿਸ਼ਵਤ ਦੇ ਪੈਸੇ ਨੂੰ ਘੁਮਾਉਣ ਲਈ ਵਿਚੋਲੀਆਂ ਕੰਪਨੀਆਂ (ਮੈਸਰਜ਼ ਸ੍ਰਿਜਨਹਾਰ ਤੇ ਮੈਸਰਜ਼ ਏਐੱਨ ਇੰਟਰਪ੍ਰਾਈਜ਼ਿਜ਼) ਦੀ ਵਰਤੋਂ ਸਾਹਮਣੇ ਆਈ ਹੈ। ਤਕਨਾਲੋਜੀ ਪ੍ਰੋਵਾਈਡਰ ਕੰਪਨੀ ‘ਯੂਰੋਟੈਕ’ ਤੋਂ ਪੈਸਾ ਨਾਗੇਂਦਰ ਯਾਦਵ ਦੀ ਫ਼ਰਮ ‘ਏਐੱਨ ਐਂਟਰਪ੍ਰਾਈਜ਼ਿਜ਼’ ’ਚ ਭੇਜਿਆ ਗਿਆ। ਏਐੱਨ ਐਂਟਰਪ੍ਰਾਈਜ਼ਿਜ਼ ਰਾਹੀਂ ਜਲ ਬੋਰਡ ਦੇ ਤਤਕਾਲੀ ਸੀਈਓ ਉਦਿਤ ਪ੍ਰਕਾਸ਼ ਰਾਏ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ’ਚ ਕੁੱਲ 1.52 ਕਰੋੜ ਰੁਪਏ ਟਰਾਂਸਫ਼ਰ ਕੀਤੇ ਗਏ ਸਨ। ਸ਼ੁਰੂਆਤੀ ਜਾਂਚ ਮੁਤਾਬਕ ਰਿਸ਼ਵਤ ਦੀ ਇਸ ਰਕਮ ਦੀ ਵਰਤੋਂ ਅਚੱਲ ਜਾਇਦਾਦ ਖ਼ਰੀਦਣ ’ਚ ਕੀਤੀ ਗਈ ਸੀ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਲੋੜੀਂਦੇ ਸਬੂਤ ਇਕੱਠੇ ਕਰਨ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਇਧਰ, ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਬੌਖਲਾਹਟ ’ਚ ਪੰਜਾਬ ਚੋਣ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲਾਂ ਵੀ ਉਨ੍ਹਾਂ ਨੂੰ ਢਾਈ ਸਾਲ ਤੱਕ ਫ਼ਰਜ਼ੀ ਮਾਮਲੇ ’ਚ ਜੇਲ੍ਹ ’ਚ ਰੱਖਿਆ ਸੀ। ਉਨ੍ਹਾਂ ਕਿਹਾ ਕਿ ਜੇਨ-ਜ਼ੀ ਅੰਦੋਲਨ ਤੋਂ ਲੈ ਕੇ ਰਾਮ ਮੰਦਰ ’ਚ ਚੜ੍ਹਾਵਾ ਚੋਰੀ ਤੇ ਈ-20 ਤੱਕ ਦੇ ਮੁੱਦਿਆਂ ’ਤੇ ਘਿਰੀ ਭਾਜਪਾ ਹੁਣ ਫਿਰ ਤੋਂ ਈਡੀ-ਏਸੀਬੀ ਤੇ ਸੀਬੀਆਈ ਦੇ ਪੁਰਾਣੇ ਚੋਣੀ ਹਥਕੰਡੇ ’ਤੇ ਉਤਰ ਆਈ ਹੈ। ਆਪ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਸਭ ਪੰਜਾਬ ਚੋਣ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ’ਚ ਬੈਠੀ ਭਾਜਪਾ ਸਰਕਾਰ ਬੌਖਲਾਈ ਹੋਈ ਹੈ। ਪਹਿਲਾਂ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ ਫਿਰ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਪੰਜਾਬ ’ਚ ਸੰਗਠਨ ਦਾ ਕੰਮ ਕਰ ਰਹੇ ਸਨ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਭਾਜਪਾ ਦੀ ਸਿਆਸੀ ਬਦਲੇ ਦੀ ਕਾਰਵਾਈ ਦੀ ਇਕ ਹੋਰ ਮਿਸਾਲ ਹੈ। ਆਮ ਆਦਮੀ ਪਾਰਟੀ ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਹੁਣ ਹੋਰ ਕਿੰਨੇ ਸਬੂਤ ਚਾਹੀਦੇ ਹਨ ਕਿ ਭਾਜਪਾ ਨੂੰ ‘ਆਪ’ ਤੋਂ ਡਰ ਲੱਗਦਾ ਹੈ। ਜਿਸ ਜਲ ਬੋਰਡ ਟੈਂਡਰ ਦਾ ਹਵਾਲਾ ਦੇ ਰਹੇ ਹਨ, ਉਸ ਸਮੇਂ ਸਤੇਂਦਰ ਜੈਨ ਜੇਲ੍ਹ ’ਚ ਸਨ। ਅਸਲ ਵਜ੍ਹਾ ਇਹ ਹੈ ਕਿ ਸਤੇਂਦਰ ਜੈਨ ਪੰਜਾਬ ਦੇ ਸਹਿ-ਪ੍ਰਭਾਰੀ ਹਨ ਅਤੇ ਪੰਜਾਬ ’ਚ ਚੋਣ ਆ ਰਹੀ ਹੈ।