ਹੁਣ ਨਾਕਾ ਡਿਊਟੀ ਦੌਰਾਨ ਮੋਬਾਈਲ ਨਹੀਂ ਚਲਾ ਸਕਣਗੇ ਜਵਾਨ, ਲਾਪਰਵਾਹੀ 'ਤੇ ਨੱਪੇ ਜਾਣਗੇ ਅਫ਼ਸਰ; ਕੁਲਗਾਮ ਹਮਲੇ ਤੋਂ ਬਾਅਦ CRPF ਦੀ ਵੱਡੀ ਕਾਰਵਾਈ
ਨਵੀਂ ਐਡਵਾਈਜ਼ਰੀ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹਿਣ ਵਾਲੀਆਂ ਸੰਵੇਦਨਸ਼ੀਲ ਥਾਵਾਂ 'ਤੇ ਜਵਾਨਾਂ ਦੀ ਤਾਇਨਾਤੀ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਨਾਲ ਹੀ ਕੀਤੀ ਜਾਵੇ। ਨਾਕਾ ਪੁਆਇੰਟਾਂ ਅਤੇ ਸਥਾਈ ਤਾਇਨਾਤੀ ਵਾਲੀਆਂ ਥਾਵਾਂ 'ਤੇ ਬੁਲੇਟਪਰੂਫ ਸੁਰੱਖਿਆ ਮੋਰਚੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉੱਥੇ ਲੋੜੀਂਦੀ ਰੌਸ਼ਨੀ ਅਤੇ ਪ੍ਰਭਾਵਸ਼ਾਲੀ ਸੰਚਾਰ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
Publish Date: Tue, 17 Nov 2026 03:58 PM (IST)
Updated Date: Tue, 17 Nov 2026 04:12 PM (IST)
ਨਵੀਨ ਨਵਾਜ਼, ਸ੍ਰੀਨਗਰ : ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੂੰ ਆਪਣੀ ਨਾਕਾ ਡਿਊਟੀ ਦੀ ਸੁਰੱਖਿਆ ਵਿਵਸਥਾ 'ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਕੁਲਗਾਮ ਦੇ ਅਖਰਾਨ ਇਲਾਕੇ 'ਚ 11 ਨਵੰਬਰ ਨੂੰ CRPF ਦੇ ਨਾਕੇ 'ਤੇ ਹੋਏ ਹਮਲੇ 'ਚ ਤਿੰਨ ਜਵਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਬਲ ਨੇ ਘਾਟੀ 'ਚ ਤਾਇਨਾਤ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ।
ਹੁਣ ਸੰਵੇਦਨਸ਼ੀਲ ਨਾਕਾ ਪੁਆਇੰਟਾਂ 'ਤੇ ਤਾਇਨਾਤ ਜਵਾਨਾਂ ਲਈ ਬੁਲੇਟਪਰੂਫ ਜੈਕੇਟ ਪਹਿਨਣਾ ਅਤੇ ਸੁਰੱਖਿਅਤ ਬੰਕਰਾਂ ਦੀ ਵਰਤੋਂ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ। ਸੁਰੱਖਿਆ ਪ੍ਰਬੰਧਾਂ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਗੰਭੀਰ ਲਾਪਰਵਾਹੀ ਮੰਨਿਆ ਜਾਵੇਗਾ।
ਨਵੀਂ ਐਡਵਾਈਜ਼ਰੀ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹਿਣ ਵਾਲੀਆਂ ਸੰਵੇਦਨਸ਼ੀਲ ਥਾਵਾਂ 'ਤੇ ਜਵਾਨਾਂ ਦੀ ਤਾਇਨਾਤੀ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਨਾਲ ਹੀ ਕੀਤੀ ਜਾਵੇ। ਨਾਕਾ ਪੁਆਇੰਟਾਂ ਅਤੇ ਸਥਾਈ ਤਾਇਨਾਤੀ ਵਾਲੀਆਂ ਥਾਵਾਂ 'ਤੇ ਬੁਲੇਟਪਰੂਫ ਸੁਰੱਖਿਆ ਮੋਰਚੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉੱਥੇ ਲੋੜੀਂਦੀ ਰੌਸ਼ਨੀ ਅਤੇ ਪ੍ਰਭਾਵਸ਼ਾਲੀ ਸੰਚਾਰ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਵਾਨਾਂ ਨੂੰ ਡਿਊਟੀ ਦੌਰਾਨ ਨਿਰਧਾਰਤ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਨੀ ਹੋਵੇਗੀ ਅਤੇ ਆਲੇ-ਦੁਆਲੇ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖਣੀ ਹੋਵੇਗੀ।
ਨਾਕਾ ਡਿਊਟੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ 'ਤੇ ਸਖ਼ਤੀ
CRPF ਨੇ ਨਾਕਾ ਡਿਊਟੀ ਦੌਰਾਨ ਜਵਾਨਾਂ ਦੀ ਚੌਕਸੀ ਨੂੰ ਲੈ ਕੇ ਵੀ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਡਿਊਟੀ ਦੇ ਸਮੇਂ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਸਿਰਫ਼ ਅਧਿਕਾਰਤ ਲੋੜ ਮੁਤਾਬਕ ਮਨਜ਼ੂਰਸ਼ੁਦਾ ਕਰਮਚਾਰੀਆਂ ਨੂੰ ਹੀ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।
ਜਵਾਨਾਂ ਨੂੰ ਨਿਰਧਾਰਤ ਸੁਰੱਖਿਆ ਸਥਿਤੀ 'ਚ ਤਾਇਨਾਤ ਰਹਿਣ, ਆਲੇ-ਦੁਆਲੇ ਦੇ ਇਲਾਕੇ 'ਤੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨਾਕਾ ਪੁਆਇੰਟਾਂ ਦੀ ਮੌਜੂਦਾ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰ ਕੇ ਜਿੱਥੇ ਲੋੜ ਹੋਵੇ, ਉੱਥੇ ਵਾਧੂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕਮਾਂਡੈਂਟ ਅਤੇ ਕੰਪਨੀ ਕਮਾਂਡਰਾਂ ਨੂੰ ਖੁਦ ਸੰਭਾਲਣੇ ਪੈਣਗੇ ਪ੍ਰਬੰਧ
ਨਵੀਂ ਐਡਵਾਈਜ਼ਰੀ 'ਚ ਯੂਨਿਟ ਕਮਾਂਡੈਂਟ ਅਤੇ ਕੰਪਨੀ ਕਮਾਂਡਰਾਂ ਦੀ ਜ਼ਿੰਮੇਵਾਰੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਨਾਕਾ ਪੁਆਇੰਟਾਂ 'ਤੇ ਸੁਰੱਖਿਆ ਪ੍ਰਬੰਧਾਂ ਦਾ ਖੁਦ ਨਿਰੀਖਣ ਕਰਨਾ ਹੋਵੇਗਾ। ਜਵਾਨਾਂ ਕੋਲ ਬੁਲੇਟਪਰੂਫ ਜੈਕੇਟ ਅਤੇ ਹੋਰ ਜ਼ਰੂਰੀ ਸੁਰੱਖਿਆ ਉਪਕਰਨ ਮੌਜੂਦ ਹਨ ਜਾਂ ਨਹੀਂ, ਇਸ ਦੀ ਨਿਯਮਿਤ ਜਾਂਚ ਵੀ ਕਰਨੀ ਹੋਵੇਗੀ।
ਅਧਿਕਾਰੀਆਂ ਨੂੰ ਜਵਾਨਾਂ ਦੀ ਨਿਯਮਿਤ ਬ੍ਰੀਫਿੰਗ ਕਰਵਾਉਣ, ਨਵੀਆਂ ਤਾਇਨਾਤੀ ਸਥਿਤੀਆਂ ਅਤੇ ਸੁਰੱਖਿਆ ਪ੍ਰੋਟੋਕੋਲ ਬਾਰੇ ਜਾਣਕਾਰੀ ਦੇਣ ਅਤੇ ਜ਼ਿਲ੍ਹਾ ਪੁਲਿਸ ਨਾਲ ਬਿਹਤਰ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਅੱਤਵਾਦੀ ਹਮਲੇ ਜਾਂ ਐਮਰਜੈਂਸੀ ਦੀ ਸਥਿਤੀ 'ਚ ਨਿਰਧਾਰਤ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (SOP) ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਨਿਰਦੇਸ਼ਾਂ ਦੀ ਪਾਲਣਾ 'ਚ ਕਮੀ ਪਾਏ ਜਾਣ 'ਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
11 ਨਵੰਬਰ ਨੂੰ ਅਖਰਾਨ 'ਚ CRPF ਦੇ ਨਾਕੇ 'ਤੇ ਹੋਈ ਸੀ ਗੋਲੀਬਾਰੀ
CRPF ਦੀ ਇਸ ਨਵੀਂ ਸੁਰੱਖਿਆ ਵਿਵਸਥਾ ਦਾ ਪਿਛੋਕੜ 11 ਨਵੰਬਰ ਨੂੰ ਕੁਲਗਾਮ ਜ਼ਿਲ੍ਹੇ ਦੇ ਅਖਰਾਨ ਇਲਾਕੇ 'ਚ ਹੋਇਆ ਅੱਤਵਾਦੀ ਹਮਲਾ ਹੈ। ਮੀਰ ਬਾਜ਼ਾਰ ਨੇੜੇ ਨੌਪੋਰਾ ਅਖਰਾਨ 'ਚ ਦੁਪਹਿਰ ਕਰੀਬ 2:15 ਵਜੇ ਅੱਤਵਾਦੀਆਂ ਨੇ CRPF ਦੇ ਨਾਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਚਾਨਕ ਗੋਲੀਬਾਰੀ ਕੀਤੀ ਸੀ। ਇਸ ਹਮਲੇ 'ਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ।
ਜ਼ਖ਼ਮੀ ਜਵਾਨਾਂ ਨੂੰ ਤੁਰੰਤ ਅਨੰਤਨਾਗ ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਇਨ੍ਹਾਂ 'ਚੋਂ ਇਕ ਜਵਾਨ ਦੀ ਹਾਲਤ ਗੰਭੀਰ ਦੱਸੀ ਗਈ ਸੀ। ਉਸ ਦੇ ਪੇਟ ਅਤੇ ਰੀੜ੍ਹ ਦੀ ਹੱਡੀ 'ਤੇ ਸੱਟਾਂ ਲੱਗੀਆਂ ਸਨ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਅਤੇ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਸੀ।
ਇਸ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅੱਤਵਾਦੀਆਂ ਦੀ ਪਛਾਣ, ਉਨ੍ਹਾਂ ਦੇ ਸਥਾਨਕ ਨੈੱਟਵਰਕ ਅਤੇ ਵਾਰਦਾਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਜਾਂਚ ਤੇਜ਼ ਕਰ ਦਿੱਤੀ। ਜਾਂਚ ਦੌਰਾਨ ਲਸ਼ਕਰ-ਏ-ਤੋਇਬਾ ਦੇ ਸਥਾਨਕ ਅੱਤਵਾਦੀ ਲਤੀਫ ਬੱਟ ਅਤੇ ਉਸ ਦੇ ਸਹਿਯੋਗੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਆਈ।
ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਵਧਾਈ ਘੇਰਾਬੰਦੀ
ਕੁਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ 'ਚ ਮੁਹਿੰਮ ਤੇਜ਼ ਕਰ ਦਿੱਤੀ। 16 ਨਵੰਬਰ ਨੂੰ ਕੁਲਗਾਮ ਦੇ ਲਾਰੂ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇਸ 'ਚ ਲਸ਼ਕਰ ਕਮਾਂਡਰ ਲਤੀਫ ਬੱਟ ਦਾ ਸਹਿਯੋਗੀ ਉਮਰ ਨਿਸਾਰ ਡਾਰ ਮਾਰਿਆ ਗਿਆ।
ਜਾਂਚ ਮੁਤਾਬਕ, ਉਮਰ ਨਿਸਾਰ ਡਾਰ ਪਿਛਲੇ ਪੰਜ ਤੋਂ ਛੇ ਮਹੀਨਿਆਂ ਤੋਂ ਕਥਿਤ ਤੌਰ 'ਤੇ ਲਤੀਫ ਨੂੰ ਪਨਾਹ ਅਤੇ ਹੋਰ ਮਦਦ ਮੁਹੱਈਆ ਕਰਵਾ ਰਿਹਾ ਸੀ। ਦੋਵਾਂ 'ਤੇ CRPF ਦੇ ਨਾਕੇ 'ਤੇ ਹੋਏ ਹਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਮੁਹਿੰਮ 'ਚ ਫ਼ੌਜ, CRPF ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (SOG) ਨੇ ਸਾਂਝੇ ਤੌਰ 'ਤੇ ਹਿੱਸਾ ਲਿਆ।
ਜਾਂਚ ਦੌਰਾਨ ਸਾਹਮਣੇ ਆਈ CCTV ਫੁਟੇਜ 'ਚ ਹਮਲੇ ਤੋਂ ਇਕ ਦਿਨ ਪਹਿਲਾਂ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਮੀਰ ਬਾਜ਼ਾਰ, ਅਖਰਾਨ, ਹਬਲਿਸ਼ ਅਤੇ ਕਿਲਮ ਸਮੇਤ ਕਈ ਥਾਵਾਂ 'ਤੇ ਦੇਖੇ ਜਾਣ ਦੀ ਗੱਲ ਸਾਹਮਣੇ ਆਈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ ਸੀ। ਮੁਕਾਬਲੇ 'ਚ ਉਮਰ ਨਿਸਾਰ ਡਾਰ ਮਾਰਿਆ ਗਿਆ, ਜਦਕਿ ਲਤੀਫ ਬੱਟ ਦੀ ਭਾਲ ਜਾਰੀ ਹੈ।
ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਹੁਣ ਨਹੀਂ ਵਰਤੀ ਜਾਵੇਗੀ ਢਿੱਲ
ਕੁਲਗਾਮ ਹਮਲੇ ਤੋਂ ਬਾਅਦ CRPF ਦੀ ਨਵੀਂ ਐਡਵਾਈਜ਼ਰੀ ਤੋਂ ਸਪੱਸ਼ਟ ਹੈ ਕਿ ਘਾਟੀ 'ਚ ਨਾਕਾ ਡਿਊਟੀ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੁਣ ਜਵਾਨਾਂ ਦੀ ਤਾਇਨਾਤੀ ਦੇ ਨਾਲ ਉਨ੍ਹਾਂ ਲਈ ਸੁਰੱਖਿਅਤ ਮੋਰਚੇ, ਬੁਲੇਟਪਰੂਫ ਜੈਕੇਟ, ਲੋੜੀਂਦੀ ਰੌਸ਼ਨੀ ਅਤੇ ਸੰਚਾਰ ਸਹੂਲਤਾਂ ਦੀ ਉਪਲਬਧਤਾ 'ਤੇ ਵਿਸ਼ੇਸ਼ ਜ਼ੋਰ ਰਹੇਗਾ।
ਬਲ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੁਰੱਖਿਆ ਨਿਰਦੇਸ਼ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹਿਣ, ਸਗੋਂ ਮੌਕੇ 'ਤੇ ਇਨ੍ਹਾਂ ਦੀ ਪਾਲਣਾ ਹੁੰਦੀ ਵੀ ਦਿਖਾਈ ਦੇਵੇ। ਸੀਨੀਅਰ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਅਤੇ ਜਵਾਬਦੇਹੀ ਤੈਅ ਕਰਨ ਦਾ ਮਕਸਦ ਨਾਕਾ ਪੁਆਇੰਟਾਂ 'ਤੇ ਕਿਸੇ ਵੀ ਸੰਭਾਵਿਤ ਅੱਤਵਾਦੀ ਹਮਲੇ ਦੌਰਾਨ ਜਵਾਨਾਂ ਨੂੰ ਬਿਹਤਰ ਸੁਰੱਖਿਆ ਮੁਹੱਈਆ ਕਰਵਾਉਣਾ ਹੈ।