ਹੁਣ ਕਫ ਸਿਰਪ ਦੀਆਂ ਬੋਤਲਾਂ 'ਤੇ ਲਾਲ ਰੰਗ 'ਚ ਛਪੇਗੀ ਚਿਤਾਵਨੀ, 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੇਣ ਦੀ ਮਨਾਹੀ ਦਵਾਈ ਰੈਗੂਲੇਟਰੀ ਦੇ ਪ੍ਰਸਤਾਵ ਮੁਤਾਬਕ, ਕਫ ਸਿਰਪ ਦੀ ਹਰ ਬੋਤਲ ਦੇ 65 ਫ਼ੀਸਦੀ ਹਿੱਸੇ 'ਤੇ ਲਾਲ ਰੰਗ ਨਾਲ ਇਹ ਚਿਤਾਵਨੀ ਸਾਫ਼-ਸਾਫ਼ ਸ਼ਬਦਾਂ 'ਚ ਲਿਖੀ ਜਾਵੇਗੀ ਕਿ ਇਸ ਦਵਾਈ ਦੀ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਾ ਕੀਤੀ ਜਾਵੇ। ਇਸ ਤੋਂ ਇਲਾਵਾ, ਇਹ ਵੀ ਪ੍ਰਸਤਾਵ ਹੈ ਕਿ ਸਿਰਪ ਦੇ ਲੇਬਲ 'ਤੇ ਸਕੂਲ ਜਾਣ ਦੀ ਉਮਰ ਵਾਲੇ ਬੱਚਿਆਂ ਦੀ ਤਸਵੀਰ ਵੀ ਲਗਾਈ ਜਾਵੇ, ਤਾਂ ਜੋ ਮਾਪੇ ਆਸਾਨੀ ਨਾਲ ਸਮਝ ਸਕਣ।
Publish Date: Sun, 20 Sep 2026 03:32 PM (IST)
Updated Date: Sun, 20 Sep 2026 03:35 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਦੇਸ਼ 'ਚ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਇੱਕ ਅਹਿਮ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਜਲਦ ਹੀ ਕਫ ਸਿਰਪ ਦੀਆਂ ਬੋਤਲਾਂ 'ਤੇ ਲਾਲ ਰੰਗ 'ਚ ਇਹ ਸਪੱਸ਼ਟ ਚਿਤਾਵਨੀ ਲਿਖੀ ਹੋਵੇਗੀ ਕਿ ਇਹ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਕੇਂਦਰੀ ਦਵਾ ਰੈਗੂਲੇਟਰੀ ਨੇ ਇਸ ਲਈ ਲੇਬਲਿੰਗ ਨਿਯਮਾਂ 'ਚ ਬਦਲਾਅ ਦਾ ਪ੍ਰਸਤਾਵ ਤਿਆਰ ਕੀਤਾ ਹੈ।
ਕੀ ਹੈ ਨਵਾਂ ਪ੍ਰਸਤਾਵ ਤੇ ਨਿਯਮ? ਦੱਸ ਦੇਈਏ ਕਿ ਦਵਾਈ ਰੈਗੂਲੇਟਰੀ ਦੇ ਪ੍ਰਸਤਾਵ ਮੁਤਾਬਕ, ਕਫ ਸਿਰਪ ਦੀ ਹਰ ਬੋਤਲ ਦੇ 65 ਫ਼ੀਸਦੀ ਹਿੱਸੇ 'ਤੇ ਲਾਲ ਰੰਗ ਨਾਲ ਇਹ ਚਿਤਾਵਨੀ ਸਾਫ਼-ਸਾਫ਼ ਸ਼ਬਦਾਂ 'ਚ ਲਿਖੀ ਜਾਵੇਗੀ ਕਿ ਇਸ ਦਵਾਈ ਦੀ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਾ ਕੀਤੀ ਜਾਵੇ। ਇਸ ਤੋਂ ਇਲਾਵਾ, ਇਹ ਵੀ ਪ੍ਰਸਤਾਵ ਹੈ ਕਿ ਸਿਰਪ ਦੇ ਲੇਬਲ 'ਤੇ ਸਕੂਲ ਜਾਣ ਦੀ ਉਮਰ ਵਾਲੇ ਬੱਚਿਆਂ ਦੀ ਤਸਵੀਰ ਵੀ ਲਗਾਈ ਜਾਵੇ, ਤਾਂ ਜੋ ਮਾਪੇ ਆਸਾਨੀ ਨਾਲ ਸਮਝ ਸਕਣ।
ਇਸ ਬਦਲਾਅ ਨੂੰ ਲਾਗੂ ਕਰਨ ਲਈ ਸਰਕਾਰ ਨੂੰ 'ਡਰੱਗਜ਼ ਰੂਲਜ਼, 1945' ਦੇ ਨਿਯਮ 96 'ਚ ਸੋਧ ਕਰਨੀ ਹੋਵੇਗੀ। ਫਿਲਹਾਲ ਇਸ ਪ੍ਰਸਤਾਵ ਨੂੰ 'ਡਰੱਗਜ਼ ਕੰਸਲਟੇਟਿਵ ਕਮੇਟੀ' ਦੇ ਸਾਹਮਣੇ ਵਿਚਾਰ ਲਈ ਰੱਖਿਆ ਗਿਆ ਹੈ।
ਸਮਝੋ ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ? ਗੌਰਤਲਬ ਹੈ ਕਿ ਛੋਟੇ ਬੱਚਿਆਂ ਨੂੰ ਸਰਦੀ-ਖਾਂਸੀ ਦੀਆਂ ਦਵਾਈਆਂ ਦਿੱਤੇ ਜਾਣ ਅਤੇ ਇਸ ਤੋਂ ਬਾਅਦ ਸਾਹਮਣੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅਕਤੂਬਰ 2025 'ਚ ਸਿਹਤ ਸੇਵਾ ਡਾਇਰੈਕਟੋਰੇਟ (DGHS) ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਰਦੀ-ਖੰਘ ਦੀਆਂ ਦਵਾਈਆਂ ਨਾ ਲਿਖੀਆਂ ਜਾਣ।
ਇਸ ਦੇ ਬਾਵਜੂਦ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਡਾਕਟਰਾਂ ਜਾਂ ਮੈਡੀਕਲ ਸਟੋਰਾਂ ਵੱਲੋਂ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਕਫ ਸਿਰਪ ਦਿੱਤੀ ਜਾ ਰਹੀ ਹੈ। ਇਸੇ ਲਾਪਰਵਾਹੀ ਨੂੰ ਰੋਕਣ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਹੁਣ ਦਵਾਈ ਦੀਆਂ ਬੋਤਲਾਂ 'ਤੇ ਹੀ ਲਾਲ ਰੰਗ ਦੀ ਵੱਡੀ ਚਿਤਾਵਨੀ ਛਾਪਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ।