ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਟਾਈਗਰ ਸ਼ਰਾਫ 'ਤੇ ਹਮਲੇ ਦੀ ਸਾਜ਼ਿਸ਼! ਅਮਰੀਕਾ ਬੈਠੇ ਮਾਸਟਰਮਾਈਂਡ ਦੇ ਇਸ਼ਾਰੇ 'ਤੇ ਹਥਿਆਰਾਂ ਤੇ ਪੈਸਿਆਂ ਦਾ ਕੀਤਾ ਇੰਤਜ਼ਾਮ
22 ਸਾਲਾ ਪ੍ਰਾਂਜਲ ਠਕਰਾਲ ਕੋਲ ਇੰਜੀਨੀਅਰਿੰਗ ਦਾ ਡਿਪਲੋਮਾ ਹੈ। ਉਹ ਪਹਿਲਾਂ ਹਰਿਆਣਾ ਦੇ ਪਾਣੀਪਤ 'ਚ ਮੁੱਖ ਸਾਜ਼ਿਸ਼ਕਰਤਾ ਅਨਿਲ ਪੰਡਿਤ ਦੇ ਇਸ਼ਾਰੇ 'ਤੇ ਇਕ ਵਪਾਰੀ 'ਤੇ ਹਮਲਾ ਕਰਨ ਦੇ ਦੋਸ਼ 'ਚ ਜੇਲ੍ਹ ਜਾ ਚੁੱਕਾ ਸੀ। ਇਸ ਸਾਲ ਮਾਰਚ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
Publish Date: Mon, 26 Oct 2026 02:22 PM (IST)
Updated Date: Mon, 26 Oct 2026 02:24 PM (IST)
ਡਿਜੀਟਲ ਡੈਸਕ, ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ 22 ਸਾਲਾ ਡਿਪਲੋਮਾ ਇੰਜੀਨੀਅਰ ਪ੍ਰਾਂਜਲ ਠਕਰਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਂਜਲ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ 11ਵਾਂ ਮੁਲਜ਼ਮ ਹੈ। ਦੋਸ਼ ਹੈ ਕਿ ਪ੍ਰਾਂਜਲ ਨੇ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਅਮਰੀਕਾ 'ਚ ਬੈਠੇ ਮਾਸਟਰਮਾਈਂਡ ਅਨਿਲ ਪੰਡਿਤ ਦੇ ਨਿਰਦੇਸ਼ਾਂ 'ਤੇ ਸ਼ੂਟਰਾਂ ਨੂੰ ਪਿਸਤੌਲ, ਰਸਦ ਅਤੇ ਵਿੱਤੀ ਮਦਦ ਮੁਹੱਈਆ ਕਰਵਾਈ ਸੀ।
ਪੁਲਿਸ ਮੁਤਾਬਕ, ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਅਮਰੀਕਾ ਤੋਂ ਸਰਗਰਮ ਅਨਿਲ ਪੰਡਿਤ ਨੇ ਟਾਈਗਰ ਸ਼ਰਾਫ 'ਤੇ ਹਮਲੇ ਦੀ ਯੋਜਨਾ ਬਣਾਈ ਸੀ। ਪ੍ਰਾਂਜਲ ਨੂੰ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ 'ਚ ਹਮਲਾਵਰਾਂ ਲਈ ਹਥਿਆਰਾਂ ਅਤੇ ਪੈਸਿਆਂ ਦਾ ਇੰਤਜ਼ਾਮ ਕਰਨਾ ਵੀ ਸ਼ਾਮਲ ਸੀ।
ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਮਾਸਟਰਮਾਈਂਡ ਅਨਿਲ ਪੰਡਿਤ ਤੇ ਪ੍ਰਾਂਜਲ ਠਕਰਾਲ ਇਕ ਗੁਪਤ ਮੈਸੇਜਿੰਗ ਐਪ ਰਾਹੀਂ ਇਕ-ਦੂਜੇ ਦੇ ਸੰਪਰਕ 'ਚ ਸਨ। ਜਾਂਚਕਰਤਾਵਾਂ ਨੂੰ ਉਮੀਦ ਹੈ ਕਿ ਠਕਰਾਲ ਦੇ ਫ਼ੋਨ 'ਚੋਂ ਮਿਲੀਆਂ ਚੈਟਾਂ ਦੇ ਵਿਸ਼ਲੇਸ਼ਣ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਨਾਲ ਵਿਦੇਸ਼ 'ਚ ਸਰਗਰਮ ਪੰਡਿਤ ਦੇ ਕੌਮਾਂਤਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਹਿਮ ਸੁਰਾਗ ਮਿਲਣਗੇ।
ਕੌਣ ਹੈ ਪ੍ਰਾਂਜਲ ਠਕਰਾਲ?
22 ਸਾਲਾ ਪ੍ਰਾਂਜਲ ਠਕਰਾਲ ਕੋਲ ਇੰਜੀਨੀਅਰਿੰਗ ਦਾ ਡਿਪਲੋਮਾ ਹੈ। ਉਹ ਪਹਿਲਾਂ ਹਰਿਆਣਾ ਦੇ ਪਾਣੀਪਤ 'ਚ ਮੁੱਖ ਸਾਜ਼ਿਸ਼ਕਰਤਾ ਅਨਿਲ ਪੰਡਿਤ ਦੇ ਇਸ਼ਾਰੇ 'ਤੇ ਇਕ ਵਪਾਰੀ 'ਤੇ ਹਮਲਾ ਕਰਨ ਦੇ ਦੋਸ਼ 'ਚ ਜੇਲ੍ਹ ਜਾ ਚੁੱਕਾ ਸੀ। ਇਸ ਸਾਲ ਮਾਰਚ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਹੀ ਉਸ ਨੇ ਮੁੰਬਈ ਦੇ ਜੁਹੂ 'ਚ ਅਦਾਕਾਰ ਟਾਈਗਰ ਸ਼ਰਾਫ 'ਤੇ ਹਮਲੇ ਦੀ ਸਾਜ਼ਿਸ਼ ਰਚਣ ਲਈ ਵਿਦੇਸ਼ 'ਚ ਬੈਠੇ ਪੰਡਿਤ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਕ੍ਰਾਈਮ ਬ੍ਰਾਂਚ ਲਈ ਠਕਰਾਲ ਇਕ ਅਹਿਮ ਕੜੀ ਸਾਬਤ ਹੋ ਸਕਦਾ ਹੈ। ਪੁਲਿਸ ਉਸ ਦੇ ਜ਼ਰੀਏ ਵਿਦੇਸ਼ 'ਚ ਲੁਕੇ ਮੁੱਖ ਮੁਲਜ਼ਮ ਅਨਿਲ ਪੰਡਿਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਐਤਵਾਰ ਨੂੰ ਠਕਰਾਲ ਨੂੰ ਕਿਲ੍ਹਾ ਕੋਰਟ ਦੀ ਛੁੱਟੀਆਂ ਵਾਲੀ ਬੈਂਚ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 31 ਅਕਤੂਬਰ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ।
ਟਾਈਗਰ ਸ਼ਰਾਫ ਫਾਇਰਿੰਗ ਮਾਮਲਾ
ਜ਼ਿਕਰਯੋਗ ਹੈ ਕਿ ਬੀਤੀ 18 ਅਕਤੂਬਰ ਦੀ ਸ਼ਾਮ ਨੂੰ ਘੱਟੋ-ਘੱਟ ਦੋ ਅਣਪਛਾਤੇ ਹਮਲਾਵਰਾਂ ਨੇ 36 ਸਾਲਾ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਅਦਾਕਾਰ ਜੁਹੂ ਸਥਿਤ ਪੁਸ਼ਪਾ ਨਰਸੀ ਪਾਰਕ ਗਰਾਊਂਡ 'ਚ ਫੁੱਟਬਾਲ ਮੈਚ ਖੇਡਣ ਤੋਂ ਬਾਅਦ ਬਾਹਰ ਨਿਕਲ ਰਹੇ ਸਨ।
ਹਮਲਾਵਰ ਬਾਈਕ 'ਤੇ ਫ਼ਰਾਰ ਹੋ ਗਏ ਅਤੇ ਉਨ੍ਹਾਂ ਨੇ ਬਾਈਕ ਅੰਧੇਰੀ ਇਲਾਕੇ 'ਚ ਲਾਵਾਰਸ ਛੱਡ ਦਿੱਤੀ। ਇਸ ਤੋਂ ਬਾਅਦ ਉਹ ਸੂਰਤ ਪਹੁੰਚੇ ਅਤੇ ਉੱਥੋਂ ਪੁਣੇ-ਜੈਪੁਰ ਐਕਸਪ੍ਰੈੱਸ ਰਾਹੀਂ ਰਵਾਨਾ ਹੋ ਗਏ। ਰਾਜਸਥਾਨ ਦੇ ਕੋਟਾ 'ਚ ਪੁਲਿਸ ਨੇ ਘੇਰਾਬੰਦੀ ਕਰਕੇ ਤਿੰਨਾਂ ਹਮਲਾਵਰਾਂ ਨੂੰ ਕਾਬੂ ਕਰ ਲਿਆ।