- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਆਸ਼ੀਸ਼ ਸੂਦ ਨੇ ਇਸ ਨੂੰ ਵਿਰੋਧੀ ਧਿਰ ਦੀ ਘਟੀਆ ਹਰਕਤ ਦੱਸਿਆ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਉੱਥੇ ਹੀ ਆਪ ਦੇ ਸੀਨੀਅਰ ਵਿਧਾਇਕ ਗੋਪਾਲ ਰਾਏ ਨੇ ਸਦਨ ਵਿਚ ਗਲਤ ਹਰਕਤ ਦੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਲਕਸ਼ਮੀ ਯੋਜਨਾ ਤੋਂ ਸ਼ਰਤਾਂ ਹਟਾ ਕੇ ਸਾਰੀਆਂ ਔਰਤਾਂ ਨੂੰ ਲਾਭ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਸਟੇਟ ਬਿਊਰੋ, ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਲਕਸ਼ਮੀ ਯੋਜਨਾ 'ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਔਰਤ ਕੇਵਲ ਬੱਚਾ ਪੈਦਾ ਕਰਨ ਦੀ ਮਸ਼ੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਿਹਤ ਅਤੇ ਵੱਕਾਰ ਸਰਕਾਰ ਦੀ ਸਰਵਉੱਚ ਪਹਿਲ ਹੈ। ਪਰਿਵਾਰ 'ਚ ਬੇਟਾ ਨਾ ਹੋਣ 'ਤੇ ਔਰਤਾਂ ਨੂੰ ਪਰਿਵਾਰ ਵਧਾਉਣ ਲਈ ਮਜ਼ਬੂਰ ਕਰਨ ਵਾਲੀ ਮਾਨਸਿਕਤਾ ਦਾ ਸਰਕਾਰ ਸਮਰਥਨ ਨਹੀਂ ਕਰਦੀ।
ਮੁੱਖ ਮੰਤਰੀ ਨੇ ਇਸ ਯੋਜਨਾ ਨੂੰ ਦਿੱਲੀ ਦੀ ਸਭ ਤੋਂ ਵੱਡੀ ਜਨ-ਕਲਿਆਣਕਾਰੀ ਪਹਿਲ ਦੱਸਦਿਆਂ ਕਿਹਾ ਕਿ 17 ਲੱਖ ਔਰਤਾਂ ਨੂੰ ਲਾਭ ਦੇਣ ਲਈ 5,100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਤਿੰਨ ਸਾਲ ਲਈ ਨਿਰਧਾਰਿਤ ਇਸ ਯੋਜਨਾ ਤਹਿਤ ਹੁਣ ਤਕ 5,92,406 ਰਜਿਸਟ੍ਰੇਸ਼ਨਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 17 ਲੱਖ ਲਾਭਪਾਤਰੀਆਂ ਦਾ ਟੀਚਾ ਪੂਰਾ ਹੋਣ ਤਕ ਪੋਰਟਲ ਬੰਦ ਨਹੀਂ ਹੋਵੇਗਾ। ਉਨ੍ਹਾਂ ਔਰਤਾਂ ਲਈ ਪਿੰਕ ਕਾਰਡ ਰਾਹੀਂ ਦਿੱਲੀ ਵਾਸੀਆਂ ਨੂੰ ਲਾਭ ਦੇਣ ਦੀ ਗੱਲ ਵੀ ਕਹੀ।
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਸਦਨ ਤੋਂ ਬਾਹਰ ਚਲੇ ਜਾਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਰੋਧੀ ਧਿਰ ਸਵਾਲ ਪੁੱਛ ਕੇ ਉਨ੍ਹਾਂ ਦੇ ਜਵਾਬ ਤੋਂ ਭੱਜ ਗਈ। ਉਨ੍ਹਾਂ ਔਰਤਾਂ ਨਾਲ ਜੁੜੇ ਪੁਰਾਣੇ ਮਾਮਲਿਆਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਪੰਜਾਬ ਦੀ ਮਹਿਲਾ ਸਹਾਇਤਾ ਯੋਜਨਾ 'ਤੇ ਵੀ ਸਵਾਲ ਚੁੱਕੇ। ਮੁੱਖ ਮੰਤਰੀ ਨੇ ਸੱਤਾ ਵਿੱਚ ਰਹਿਣ ਦੌਰਾਨ ਦਿੱਲੀ 'ਚ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਕਰਨ ਤੇ ਨੇਤਾ ਵਿਰੋਧੀ ਧਿਰ ਆਤਿਸ਼ੀ ਨੂੰ ਸਦਨ 'ਚ ਨਾ ਆਉਣ ਦੇਣ ਦਾ ਵੀ ਆਪ (AAP) 'ਤੇ ਦੋਸ਼ ਲਾਇਆ।
ਮੁੱਖ ਮੰਤਰੀ ਨੇ ਵਿਰੋਧੀ ਵਿਧਾਇਕਾਂ ਦੇ ਆਚਰਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਔਰਤਾਂ ਸਾਹਮਣੇ ਵਿਧਾਇਕਾਂ ਨੂੰ ਮਰਿਆਦਾ ਤੇ ਸ਼ਾਲੀਨਤਾ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਵਿਰੋਧੀ ਮੈਂਬਰਾਂ ਵੱਲੋਂ ਇੰਟਰਨੈੱਟ ਮੀਡੀਆ 'ਤੇ ਰੀਲਾਂ ਬਣਾਉਣ ਅਤੇ ਸਦਨ ਵਿੱਚ ਇਤਰਾਜ਼ਯੋਗ ਇਸ਼ਾਰਿਆਂ ਦਾ ਜ਼ਿਕਰ ਕਰਦਿਆਂ ਇਸ ਨੂੰ ਸ਼ਰਮਨਾਕ ਦੱਸਿਆ।
ਕੈਬਨਿਟ ਮੰਤਰੀ ਆਸ਼ੀਸ਼ ਸੂਦ ਨੇ ਇਸ ਨੂੰ ਵਿਰੋਧੀ ਧਿਰ ਦੀ ਘਟੀਆ ਹਰਕਤ ਦੱਸਿਆ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਉੱਥੇ ਹੀ ਆਪ ਦੇ ਸੀਨੀਅਰ ਵਿਧਾਇਕ ਗੋਪਾਲ ਰਾਏ ਨੇ ਸਦਨ ਵਿਚ ਗਲਤ ਹਰਕਤ ਦੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਲਕਸ਼ਮੀ ਯੋਜਨਾ ਤੋਂ ਸ਼ਰਤਾਂ ਹਟਾ ਕੇ ਸਾਰੀਆਂ ਔਰਤਾਂ ਨੂੰ ਲਾਭ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ‘ਵਿਦਿਆ ਵਾਹਿਨੀ ਯੋਜਨਾ’ ਤਹਿਤ ਵਿਧਾਨ ਸਭਾ ਕੰਪਲੈਕਸ 'ਚ ਜ਼ਿਲ੍ਹੇ ਦੀਆਂ 200 ਵਿਦਿਆਰਥਣਾਂ ਨੂੰ ਸਾਈਕਲਾਂ ਵੰਡੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਨੌਵੀਂ ਜਮਾਤ ਦੀਆਂ ਲਗਪਗ 1.40 ਲੱਖ ਵਿਦਿਆਰਥਣਾਂ ਨੂੰ ਸਾਈਕਲਾਂ ਦਿੱਤੀਆਂ ਜਾਣਗੀਆਂ। ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਇਸ ਨੂੰ ਇਤਿਹਾਸਕ ਪਹਿਲ ਦੱਸਿਆ।
ਦਿੱਲੀ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਵਿੱਚ ਜੰਮ ਕੇ ਹੰਗਾਮਾ ਦੇਖਣ ਨੂੰ ਮਿਲਿਆ। ਇਤਰਾਜ਼ਯੋਗ ਨਾਅਰੇ ਲਿਖੀਆਂ ਟੀ-ਸ਼ਰਟਾਂ ਪਹਿਨਣ ਅਤੇ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਛੇ ਵਿਧਾਇਕਾਂ ਨੂੰ ਮਾਰਸ਼ਲ ਰਾਹੀਂ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਇਤਰਾਜ਼ਯੋਗ ਟੀ-ਸ਼ਰਟਾਂ ਪਾ ਕੇ ਪਹੁੰਚੇ ਸਨ।
ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਾਰਵਾਈ ਕਰਦਿਆਂ ਜਰਨੈਲ ਸਿੰਘ, ਕੁਲਦੀਪ ਕੁਮਾਰ, ਪ੍ਰੇਮ ਕੁਮਾਰ, ਸੋਮ ਦੱਤ ਅਤੇ ਅਜੇ ਦੱਤ ਆਦਿ ਨੂੰ ਮਾਰਸ਼ਲ ਆਊਟ ਕਰਨ ਦੇ ਹੁਕਮ ਦਿੱਤੇ। ਸਦਨ 'ਚ ਆਪ ਵਿਧਾਇਕਾਂ ਨੇ ਭਾਜਪਾ ਖ਼ਿਲਾਫ਼ ਸਾਈਕਲ ਘੁਟਾਲੇ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਆਪ ਵਿਧਾਇਕ ਸਰਕਾਰ 'ਤੇ ਇਸ ਵਿਚ ਘੁਟਾਲੇ ਦਾ ਦੋਸ਼ ਲਾਉਂਦਿਆਂ ਸਾਈਕਲ 'ਤੇ ਸਵਾਰ ਹੋ ਕੇ ਵਿਧਾਨ ਸਭਾ ਕੰਪਲੈਕਸ 'ਚ ਪਹੁੰਚੇ ਹੋਏ ਸਨ।