- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੇ ਸਿਰ ਪਾਟ ਗਏ, ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ, ਉਨ੍ਹਾਂ ’ਤੇ ਲਾਠੀਚਾਰਜ ਹੋਇਆ, ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਉਨ੍ਹਾਂ ਉੱਤੇ ਵਹਿਸ਼ੀਪੁਣੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਬੱਚੇ ਹਸਪਤਾਲ ’ਚ ਭਰਤੀ ਹਨ। ਮੈਂ ਜੰਤਰ-ਮੰਤਰ ਜਾ ਕੇ ਇਹ ਸਭ ਦੇਖ ਕੇ ਆਇਆ ਸੀ ਤੇ ਕਈ ਬੱਚਿਆਂ ਨੂੰ ਮਿਲ ਕੇ ਆਇਆ ਸੀ। ਮੋਦੀ ਜੀ ਨੇ ਉਨ੍ਹਾਂ ਪ੍ਰਤੀ ਹਮਦਰਦੀ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ।

ਪੱਤਰ ਪ੍ਰੇਰਕ, ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦੇ ਐਲਾਨ ਨੂੰ ਦੇਸ਼ ਦੇ ਬੱਚਿਆਂ ਨੂੰ ਮੂਰਖ ਬਣਾਉਣ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੋਦੀ ਤੋਂ ਪੁੱਛਿਆ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫ਼ਾ ਦਾ ਕੀ ਹੋਇਆ? ਬੱਚਿਆਂ ਨੇ ਤਾਂ ਫਾਸਟ ਟ੍ਰੈਕ ਕੋਰਟ ਦੀ ਮੰਗ ਹੀ ਨਹੀਂ ਕੀਤੀ ਸੀ, ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਗਿਆ ਸੀ। ਪ੍ਰਧਾਨ ਮੰਤਰੀ ਦਾ ਇਹ ਬਿਆਨ ਹਾਰੇ ਹੋਏ, ਦਿਸ਼ਾਹੀਣ ਪਰ ਹੰਕਾਰੀ ਵਿਅਕਤੀ ਦਾ ਲੱਗਦਾ ਹੈ।
ਵੀਰਵਾਰ ਨੂੰ ਐਕਸ ’ਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਪੇਪਰ ਲੀਕ ਮਾਮਲਿਆਂ ’ਚ ਸਜ਼ਾ ਦਿਵਾਉਣ ਲਈ ਫਾਸਟ ਟ੍ਰੈਕ ਕੋਰਟ ਬਣਾਏ ਜਾਣਗੇ। ਪਰ ਪ੍ਰਧਾਨ ਮੰਤਰੀ ਜੀ, ਇਹ ਤਾਂ ਬੱਚਿਆਂ ਨੇ ਮੰਗਿਆ ਹੀ ਨਹੀਂ ਸੀ ਤੇ ਨਾ ਹੀ ਇਹ ਉਨ੍ਹਾਂ ਦੀ ਮੰਗ ਸੀ। ਇਹ ਤਾਂ ਅਜਿਹਾ ਲੱਗ ਰਿਹਾ ਹੈ ਜਿਵੇਂ ਤੁਸੀਂ ਬੱਚਿਆਂ ਨੂੰ ਮੂਰਖ ਬਣਾ ਰਹੇ ਹੋ। ਕੇਜਰੀਵਾਲ ਨੇ ਦੱਸਿਆ ਕਿ ਫਾਸਟ ਟ੍ਰੈਕ ਕੋਰਟ ਤਾਂ ਇਸ ਦੇਸ਼ ’ਚ ਬਹੁਤ ਬਣੇ ਹੋਏ ਹਨ। ਰੇਪ ਮਾਮਲਿਆਂ ਲਈ ਬਣੇ ਹੋਏ ਹਨ, ਪੋਕਸੋ ਲਈ ਬਣੇ ਹੋਏ ਹਨ ਤੇ ਹੋਰ ਵੀ ਕਈ ਤਰ੍ਹਾਂ ਦੇ ਮੁੱਦਿਆਂ ’ਤੇ ਫਾਸਟ ਟ੍ਰੈਕ ਕੋਰਟ ਬਣੇ ਹੋਏ ਹਨ। ਪਰ ਉਨ੍ਹਾਂ ’ਚ ਤਾਂ ਸੁਣਵਾਈ ਹੁੰਦੀ ਹੀ ਨਹੀਂ ਹੈ। ਕਈ ਫਾਸਟ ਟ੍ਰੈਕ ਕੋਰਟਾਂ ’ਚ ਤਾਂ ਨਾਰਮਲ ਕੋਰਟ ਨਾਲੋਂ ਵੀ ਵੱਧ ਸਮਾਂ ਲੱਗਦਾ ਹੈ। ਇਸ ਲਈ ਅਜਿਹਾ ਲੱਗ ਰਿਹਾ ਹੈ ਕਿ ਹਾਲੇ ਵੀ ਤੁਸੀਂ ਮਾਮਲੇ ’ਚ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਹਾਲੇ ਵੀ ਤੁਸੀਂ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਬੱਚਿਆਂ ਨੇ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਗਿਆ ਸੀ, ਪਰ ਉਸ ਦੀ ਮੋਦੀ ਜੀ ਨੇ ਕੋਈ ਗੱਲ ਹੀ ਨਹੀਂ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੇ ਸਿਰ ਪਾਟ ਗਏ, ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ, ਉਨ੍ਹਾਂ ’ਤੇ ਲਾਠੀਚਾਰਜ ਹੋਇਆ, ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਉਨ੍ਹਾਂ ਉੱਤੇ ਵਹਿਸ਼ੀਪੁਣੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਬੱਚੇ ਹਸਪਤਾਲ ’ਚ ਭਰਤੀ ਹਨ। ਮੈਂ ਜੰਤਰ-ਮੰਤਰ ਜਾ ਕੇ ਇਹ ਸਭ ਦੇਖ ਕੇ ਆਇਆ ਸੀ ਤੇ ਕਈ ਬੱਚਿਆਂ ਨੂੰ ਮਿਲ ਕੇ ਆਇਆ ਸੀ। ਮੋਦੀ ਜੀ ਨੇ ਉਨ੍ਹਾਂ ਪ੍ਰਤੀ ਹਮਦਰਦੀ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ। ਪੂਰੀ ਦੁਨੀਆ ’ਚ ਕੁਝ ਵੀ ਹੋ ਜਾਵੇ ਤਾਂ ਤੁਸੀਂ ਟਵੀਟ ਕਰਦੇ ਹੋ, ਕੀ ਇਹ ਬੱਚੇ ਤੁਹਾਡੇ ਬੱਚੇ ਨਹੀਂ ਹਨ? ਕੀ ਤੁਹਾਨੂੰ ਇਹਨਾਂ ਬੱਚਿਆਂ ਲਈ ਮਾੜੀ ਜਹੀ ਵੀ ਦਇਆ ਆਉਂਦੀ ਹੈ, ਜਿਨ੍ਹਾਂ ’ਤੇ ਤੁਸੀਂ ਇੰਨੀ ਬਰਬਰਤਾ ਨਾਲ ਹਮਲਾ ਕਰਵਾਇਆ ਸੀ?
ਕੇਜਰੀਵਾਲ ਨੇ ਕਿਹਾ ਕਿ ਬੱਚੇ ਕਹਿ ਰਹੇ ਹਨ ਕਿ ਹਰ ਸਾਲ ਪੇਪਰ ਲੀਕ ਹੁੰਦੇ ਹਨ। ਮੋਦੀ ਜੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਕਿ ਵਿਵਸਥਾ ’ਚ ਕੀ ਬਦਲਾਅ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਨੂੰ ਇਹ ਭਰੋਸਾ ਹੋ ਸਕੇ ਕਿ ਅਗਲੇ ਸਾਲ ਨੀਟ ਦਾ ਪੇਪਰ ਜਾਂ ਕੋਈ ਹੋਰ ਪੇਪਰ ਲੀਕ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸਰਕਾਰ ਦਾ ਕੋਈ ਵਿਜ਼ਨ ਹੀ ਨਹੀਂ ਹੈ। ਅਗਲੇ ਸਾਲ ਵੀ ਇਸੇ ਤਰ੍ਹਾਂ ਪੇਪਰ ਲੀਕ ਹੋਣਗੇ, ਕਿਉਂਕਿ ਤੁਸੀਂ ਕੋਈ ਬਦਲਾਅ ਤਾਂ ਕਰ ਹੀ ਨਹੀਂ ਰਹੇ ਹੋ। ਅਗਲੇ ਸਾਲ ਵੀ ਨੀਟ ਦਾ ਪੇਪਰ ਲੀਕ ਹੋਵੇਗਾ ਤੇ ਅਗਲੇ ਸਾਲ ਫਿਰ ਬੱਚੇ ਆਤਮਹੱਤਿਆ ਕਰਨਗੇ। ਅੱਜ ਮੋਦੀ ਜੀ ਦਾ ਇਹ ਟਵੀਟ ਇੱਕ ਹਾਰੇ ਹੋਏ, ਦਿਸ਼ਾਹੀਣ ਅਤੇ ਹੰਕਾਰੀ ਇਨਸਾਨ ਦਾ ਟਵੀਟ ਦਿਖਾਈ ਦੇ ਰਿਹਾ ਹੈ।