ਇਨਸਾਨੀਅਤ ਸ਼ਰਮਸਾਰ: ਦੋਸਤ ਨਾਲ ਪਾਰਕ ਘੁੰਮਣ ਆਈ ਲੜਕੀ ਨਾਲ ਸਮੂਹਿਕ ਜਬਰ-ਜਨਾਹ, ਨੌਜਵਾਨ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਬੇਹੋਸ਼ ਤੇ ਫਿਰ ਬਣਾਈ ਵੀਡੀਓ ਵਾਰਦਾਤ ਦੀ ਖ਼ਬਰ ਮਿਲਣ ਮਗਰੋਂ ਇਲਾਕੇ ਵਿਚ ਰੋਸ ਫੈਲ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Tue, 17 Nov 2026 11:44 AM (IST)
Updated Date: Tue, 17 Nov 2026 11:45 AM (IST)
ਨਈਦੁਨੀਆ ਪ੍ਰਤੀਨਿਧੀ, ਰਾਏਗੜ੍ਹ : ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਰਾਕ ਗਾਰਡਨ ਪਾਰਕ ਵਿਚ ਆਪਣੇ ਪੁਰਸ਼ ਦੋਸਤ ਨਾਲ ਘੁੰਮਣ ਆਈ ਇਕ ਲੜਕੀ ਨਾਲ ਸਮੂਹਿਕ ਜਬਰ-ਜਨਾਹ ਅਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਨੌਜਵਾਨਾਂ ਨੇ ਪਹਿਲਾਂ ਧਮਕਾ ਕੇ ਦੋਵਾਂ ਤੋਂ ਪੈਸੇ ਲੁੱਟੇ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦੇ ਦੋਸਤ ਦੀ ਕੁੱਟਮਾਰ ਕੀਤੀ ਅਤੇ ਲੜਕੀ ਨਾਲ ਜਬਰ-ਜਨਾਹ ਕੀਤਾ। ਮੁਲਜ਼ਮਾਂ ਨੇ ਸ਼ਿਕਾਇਤ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਦੋਵਾਂ ਦੀ ਵੀਡੀਓ ਵੀ ਬਣਾਈ।
ਵਾਰਦਾਤ ਦੀ ਖ਼ਬਰ ਮਿਲਣ ਮਗਰੋਂ ਇਲਾਕੇ ਵਿਚ ਰੋਸ ਫੈਲ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਿਹਾਰ ਦੇ ਜਮੂਈ ਵਿਚ ਵੀ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ। ਦਸਵੀਂ ਜਮਾਤ ਵਿਚ ਪੜ੍ਹਦੇ ਇਕ ਨਾਬਾਲਗ ਵਿਦਿਆਰਥੀ ਅਤੇ ਵਿਦਿਆਰਥਣ ਕੋਚਿੰਗ ਤੋਂ ਪਰਤਦਿਆਂ ਮੜਵਾ ਪਹਾੜ ਘੁੰਮਣ ਗਏ ਸਨ। ਵਾਪਸੀ ਵੇਲੇ ਕੁਝ ਨੌਜਵਾਨਾਂ ਨੇ ਰਸਤੇ ਵਿਚ ਉਨ੍ਹਾਂ ਨੂੰ ਰੋਕ ਕੇ ਕੁੱਟਮਾਰ ਕੀਤੀ ਅਤੇ ਨਾਬਾਲਗ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਤੇ ਜਿਨਸੀ ਸ਼ੋਸ਼ਣ ਕੀਤਾ। ਇਸ ਘਟਨਾ ਦੀ ਵੀਡੀਓ ਵੀ ਵੱਡੇ ਪੱਧਰ ’ਤੇ ਵਾਇਰਲ ਹੋਈ ਸੀ।
ਰਾਏਗੜ੍ਹ ਜ਼ਿਲ੍ਹੇ ਦੀ ਇਹ ਘਟਨਾ 14 ਨਵੰਬਰ ਦੀ ਹੈ। ਪੀੜਤ ਲੜਕੀ ਸਕਤੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਹ ਆਪਣੇ ਪਿੰਡ ਤੋਂ ਇਕ ਪੁਰਸ਼ ਦੋਸਤ ਨਾਲ ਸਕਤੀ ਰੇਲਵੇ ਸਟੇਸ਼ਨ ਜਾਣ ਲਈ ਨਿਕਲੀ ਸੀ। ਰੇਲਗੱਡੀ ਲੇਟ ਹੋਣ ਕਾਰਨ ਦੋਵੇਂ ਦੁਪਹਿਰ ਵੇਲੇ ਘੁੰਮਦੇ ਹੋਏ ਰਾਕ ਗਾਰਡਨ ਪਹੁੰਚ ਗਏ। ਉੱਥੇ ਇਕਾਂਤ ਵਿਚ ਮੌਜੂਦ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਧਮਕਾਇਆ ਅਤੇ ਲੜਕੀ ਤੋਂ 1,200 ਰੁਪਏ, ਜਦਕਿ ਉਸਦੇ ਦੋਸਤ ਤੋਂ 10,000 ਰੁਪਏ ਲੁੱਟ ਲਏ।
ਲੁੱਟ ਤੋਂ ਬਾਅਦ ਮੁਲਜ਼ਮਾਂ ਨੇ ਨੌਜਵਾਨ ਦੇ ਸਿਰ ਅਤੇ ਸਰੀਰ ’ਤੇ ਡੰਡੇ ਨਾਲ ਵਾਰ ਕੀਤੇ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਫਿਰ ਜਾਨੋਂ ਮਾਰਨ ਦੀ ਧਮਕੀ ਦੇ ਕੇ ਦੋਵਾਂ ਮੁਲਜ਼ਮਾਂ ਨੇ ਵਾਰੀ-ਵਾਰੀ ਲੜਕੀ ਨਾਲ ਜਬਰ-ਜਨਾਹ ਕੀਤਾ। ਨੌਜਵਾਨ ਨੂੰ ਹੋਸ਼ ਆਉਣ ’ਤੇ ਮੁਲਜ਼ਮਾਂ ਨੇ ਆਪਣੇ ਆਈਫੋਨ ਨਾਲ ਦੋਵਾਂ ਦੀ ਵੀਡੀਓ ਬਣਾਈ ਅਤੇ ਕਿਸੇ ਨੂੰ ਦੱਸਣ ’ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਪੀੜਤ ਲੜਕੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।