- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
LIC ਹਾਊਸਿੰਗ ਫਾਈਨਾਂਸ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਸੁਭਾਸ਼ ਚੰਦਰਾ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ। ਇਸ ਵਿਚ FIR ਦਰਜ ਕਰਨ ਦੀ ਲੋੜ ਦੱਸਦਿਆਂ ਕਿਹਾ ਗਿਆ ਹੈ ਕਿ ਮੁਲਜ਼ਮ ਕਈ ਵਾਰ ਜਨਤਕ ਤੌਰ ’ਤੇ ਭਾਰਤ ਛੱਡਣ ਦੀ ਇੱਛਾ ਜ਼ਾਹਰ ਕਰ ਚੁੱਕਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : 22 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਸਿਰਫ਼ ਸਾਢੇ 6 ਕਰੋੜ ਰੁਪਏ ਵਿਚ ਖ਼ਤਮ ਕਰਨ ਨੂੰ ਲੈ ਕੇ ਚਰਚਾ ਵਿਚ ਆਏ ਐਸਲ ਗਰੁੱਪ ਦੇ ਮਾਲਕ ਸੁਭਾਸ਼ ਚੰਦਰਾ ਖ਼ਿਲਾਫ਼ CBI ਦਾ ਸ਼ਿਕੰਜਾ ਕੱਸ ਗਿਆ ਹੈ। LIC ਹਾਊਸਿੰਗ ਫਾਈਨਾਂਸ ਦੀ ਸ਼ਿਕਾਇਤ ’ਤੇ CBI ਨੇ ਚੰਦਰਾ ਅਤੇ ਐਸਲ ਗਰੁੱਪ ਦੀਆਂ ਕੰਪਨੀਆਂ ਖ਼ਿਲਾਫ਼ FIR ਦਰਜ ਕੀਤੀ ਹੈ।
NCLT ਦੇ ਫੈਸਲੇ ਤੋਂ ਬਾਅਦ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਸੁਭਾਸ਼ ਚੰਦਰਾ ਅਤੇ ਐਸਲ ਗਰੁੱਪ ਦੀਆਂ ਤਿੰਨ ਕੰਪਨੀਆਂ ਅਤੇ ਉਨ੍ਹਾਂ ਦੇ ਡਾਇਰੈਕਟਰਾਂ ’ਤੇ 1322 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। FIR ਵਿਚ ਅਣਪਛਾਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
LIC ਹਾਊਸਿੰਗ ਫਾਈਨਾਂਸ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਸੁਭਾਸ਼ ਚੰਦਰਾ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ। ਇਸ ਵਿਚ FIR ਦਰਜ ਕਰਨ ਦੀ ਲੋੜ ਦੱਸਦਿਆਂ ਕਿਹਾ ਗਿਆ ਹੈ ਕਿ ਮੁਲਜ਼ਮ ਕਈ ਵਾਰ ਜਨਤਕ ਤੌਰ ’ਤੇ ਭਾਰਤ ਛੱਡਣ ਦੀ ਇੱਛਾ ਜ਼ਾਹਰ ਕਰ ਚੁੱਕਾ ਹੈ।
ਇਸ ਲਈ CBI ਜਲਦ ਤੋਂ ਜਲਦ ਪੂਰੇ ਮਾਮਲੇ ਵਿਚ ਲੋਨ ਦੀ ਰਕਮ ਦੇ ਅਸਲ ਲਾਭਪਾਤਰੀਆਂ ਅਤੇ ਇਸ ਵਿਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਸਬੂਤ ਇਕੱਠੇ ਕਰਕੇ ਕਾਰਵਾਈ ਕਰੇ। FIR CBI ਦੇ ਦਿੱਲੀ ਸਥਿਤ ਮੁੱਖ ਦਫ਼ਤਰ ਦੇ ਬੈਂਕਿੰਗ ਐਂਡ ਸਕਿਊਰਿਟੀ ਫਰਾਡ ਡਿਵੀਜ਼ਨ ਵਿਚ ਦਰਜ ਕੀਤੀ ਗਈ ਹੈ।
27 ਅਗਸਤ ਨੂੰ NCLT ਦੇ ਫੈਸਲੇ ਤੋਂ ਚਾਰ ਦਿਨ ਬਾਅਦ, 31 ਅਗਸਤ ਨੂੰ LIC ਹਾਊਸਿੰਗ ਫਾਈਨਾਂਸ ਨੇ ਸ਼ਿਕਾਇਤ ਦਿੱਤੀ ਅਤੇ CBI ਨੇ ਉਸੇ ਦਿਨ FIR ਦਰਜ ਕਰ ਲਈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ ਮਾਮਲੇ ਵਿਚ ਸੁਭਾਸ਼ ਚੰਦਰਾ ਸਮੇਤ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾ ਸਕਦੀ ਹੈ।
LIC ਹਾਊਸਿੰਗ ਫਾਈਨਾਂਸ ਦੀ ਸ਼ਿਕਾਇਤ ਮੁਤਾਬਕ 500 ਕਰੋੜ ਅਤੇ 480 ਕਰੋੜ ਰੁਪਏ ਦੇ ਲੋਨ ਦੀ ਸਹੂਲਤ ਲਈ ਸੁਭਾਸ਼ ਚੰਦਰਾ ਨੇ ਨਿੱਜੀ ਗਾਰੰਟੀ ਦਿੱਤੀ ਸੀ। ਇਸ ਸਬੰਧ ਵਿਚ ਜਮ੍ਹਾਂ ਕਰਵਾਏ ਗਏ ਨੈੱਟਵਰਥ ਸਰਟੀਫਿਕੇਟ ਵਿਚ ਉਨ੍ਹਾਂ ਦੀ ਨੈੱਟਵਰਥ ਲਗਭਗ 59,113 ਕਰੋੜ ਰੁਪਏ ਦਿਖਾਈ ਗਈ ਸੀ, ਜਦਕਿ ਦੂਜੇ ਸਰਟੀਫਿਕੇਟ ਵਿਚ ਇਹ 40,562 ਕਰੋੜ ਰੁਪਏ ਦੱਸੀ ਗਈ ਸੀ।
ਪਰ ਬਾਅਦ ਵਿਚ ਨਿੱਜੀ ਦੀਵਾਲੀਆ ਕਾਰਵਾਈ ਦੌਰਾਨ ਚੰਦਰਾ ਨੇ ਇਸ ਨੈੱਟਵਰਥ ਤੋਂ ਇਨਕਾਰ ਕਰ ਦਿੱਤਾ ਅਤੇ 2024 ਵਿਚ ਸਿਰਫ਼ 31.79 ਕਰੋੜ ਰੁਪਏ ਦੀ ਨੈੱਟਵਰਥ ਦੱਸੀ।
ਲੋਨ ਮਨਜ਼ੂਰ ਕਰਵਾਉਣ ਅਤੇ ਰਕਮ ਜਾਰੀ ਕਰਵਾਉਣ ਲਈ ਪਹਿਲਾਂ ਵਾਲੇ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਸਨ। ਇਸ ਸ਼ਿਕਾਇਤ ਦੇ ਆਧਾਰ ’ਤੇ ਦਰਜ ਮਾਮਲੇ ਵਿਚ CBI ਨੇ ਚੰਦਰਾ ’ਤੇ ਹਜ਼ਾਰਾਂ ਕਰੋੜ ਰੁਪਏ ਦੀ ਨੈੱਟਵਰਥ ਦਿਖਾਉਣ ਲਈ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਲਗਾਉਣ ਅਤੇ ਲੋਨ ਦੀ ਮਨਜ਼ੂਰੀ ਵਿਚ LIC ਹਾਊਸਿੰਗ ਫਾਈਨਾਂਸ ਦੇ ਉਸ ਸਮੇਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਸ਼ੱਕ ਜਤਾਇਆ ਹੈ।
ਸਵਾਲ ਇਹ ਹੈ ਕਿ ਆਖ਼ਰਕਾਰ ਲਗਭਗ ਇੱਕ ਹਜ਼ਾਰ ਕਰੋੜ ਰੁਪਏ ਦਾ ਲੋਨ ਕਥਿਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਵੇਂ ਜਾਰੀ ਕਰ ਦਿੱਤਾ ਗਿਆ।
FIR ਵਿਚ ਸੁਭਾਸ਼ ਚੰਦਰਾ ਦੇ ਨਾਲ ਵਸੰਤ ਸਾਗਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰ ਪੰਕਜ ਸੁਰੋਲੀਆ, ਪੈਨ ਇੰਡੀਆ ਇਨਫਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ, ਡਿਜੀਟਲ ਸਬਸਕ੍ਰਾਈਬਰ ਮੈਨੇਜਮੈਂਟ ਐਂਡ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰ ਅਮਿਸ਼ ਪਾਂਡਿਆ, ਸਪਿਰਿਟ ਇਨਫਰਾਪਾਵਰ ਐਂਡ ਮਲਟੀਵੈਂਚਰਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰ ਰਾਜੀਵ ਢੋਲਕੀਆ ਸਮੇਤ ਅਣਪਛਾਤੇ ਲੋਕ ਸੇਵਕਾਂ ਅਤੇ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਲਗਭਗ ਦੋ ਹਫ਼ਤੇ ਪਹਿਲਾਂ NCLT ਨੇ ਸੁਭਾਸ਼ ਚੰਦਰਾ ਦੇ 22,006 ਕਰੋੜ ਰੁਪਏ ਦੇ ਲੋਨ (ਗਾਰੰਟੀ ਸਮੇਤ ਹੋਰ ਮਾਮਲਿਆਂ ਵਿਚ) ਦੇ ਬਦਲੇ 6.5 ਕਰੋੜ ਰੁਪਏ ਵਿਚ ਦੀਵਾਲੀਆ ਮਾਮਲਾ ਸੈਟਲ ਕਰ ਦਿੱਤਾ ਸੀ।
ਵਿਵਾਦ ਵਧਣ ਤੋਂ ਬਾਅਦ ਪੰਜ ਮੈਂਬਰੀ NCLT ਨੇ ਉਸ ਫੈਸਲੇ ’ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ, ਚੰਦਰਾ ਵੱਲੋਂ ਇਹ ਸਫ਼ਾਈ ਦਿੱਤੀ ਜਾ ਰਹੀ ਸੀ ਕਿ ਇਸ ਤੋਂ ਇਲਾਵਾ ਹੋਰ ਕਰਜ਼ਦਾਰਾਂ ’ਤੇ ਲਗਭਗ 15 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਬਰਕਰਾਰ ਸੀ।