ਬਿਹਾਰ 'ਚ ਬੰਗਲਾ ਪੋਲੀਟਿਕਸ ਗਰਮਾਈ: ਰਾਬੜੀ ਦੇਵੀ ਦੀ ਸਰਕਾਰ ਨੂੰ ਸਿੱਧੀ ਚੁਣੌਤੀ– 'ਚਾਹੇ ਪੁਲਿਸ ਬੁਲਾ ਲਵੇ, ਮੈਂ ਬੰਗਲਾ ਨਹੀਂ ਛੱਡਾਂਗੀ
ਸਮਰਾਟ ਚੌਧਰੀ ਨਵੇਂ ਮੁੱਖ ਮੰਤਰੀ ਬਣੇ ਹਨ, ਭਾਵੇਂ ਜਿੰਨਾ ਵੀ ਜ਼ੋਰ ਲਗਾ ਲੈਣ ਪਰ ਬੰਗਲਾ ਖ਼ਾਲੀ ਨਹੀਂ ਹੋਵੇਗਾ। ਨੋਟਿਸ ਲੈ ਕੇ ਸਕੱਤਰੇਤ ਦੀ ਡੀਐੱਸਪੀ ਅਨੂ ਕੁਮਾਰੀ ਰਾਬੜੀ ਰਿਹਾਇਸ਼ ਪੁੱਜੀ। ਉਨ੍ਹਾਂ ਨੇ ਡੀਐੱਸਪੀ ਨੂੰ ਬੰਗਲੇ ਅੰਦਰ ਬੁਲਾ ਕੇ ਗੱਲਬਾਤ ਕੀਤੀ।
Publish Date: Sun, 31 May 2026 09:18 AM (IST)
Updated Date: Sun, 31 May 2026 09:21 AM (IST)
ਸਟੇਟ ਬਿਊਰੋ, ਜਾਗਰਣ, ਪਟਨਾ : ਪਿਛਲੇ ਦੋ ਦਹਾਕਿਆਂ ਤੋਂ ਆਰਜੇਡੀ ਦੀ ਸਿਆਸਤ ਦਾ ਕੇਂਦਰ ਰਹੀ ਰਾਬੜੀ ਰਿਹਾਇਸ਼ (10, ਸਰਕੂਲਰ ਰੋਡ) ਹੁਣ ਬੰਗਲਾ ਪੋਲੀਟਿਕਸ ਦਾ ਧੁਰਾ ਬਣ ਗਿਆ ਹੈ। ਸ਼ਨਿਚਰਵਾਰ ਨੂੰ ਇਹ ਬੰਗਲਾ ਖ਼ਾਲੀ ਕਰਨ ਲਈ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਧਿਰ ਦੀ ਆਗੂ ਰਾਬੜੀ ਦੇਵੀ ਨੂੰ ਤੀਜੀ ਵਾਰ ਨੋਟਿਸ ਮਿਲਿਆ ਪਰ ਉਨ੍ਹਾਂ ਨੇ ਇਨਕਾਰ ਕਰਦਿਆਂ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਜਿੰਨਾ ਵੀ ਪੁਲਿਸ ਬਲ ਬੁਲਾਵੇ, ਇਹ ਬੰਗਲਾ ਉਹ ਨਹੀਂ ਛੱਡੇਗੀ। ਸਮਰਾਟ ਚੌਧਰੀ ਨਵੇਂ ਮੁੱਖ ਮੰਤਰੀ ਬਣੇ ਹਨ, ਭਾਵੇਂ ਜਿੰਨਾ ਵੀ ਜ਼ੋਰ ਲਗਾ ਲੈਣ ਪਰ ਬੰਗਲਾ ਖ਼ਾਲੀ ਨਹੀਂ ਹੋਵੇਗਾ। ਨੋਟਿਸ ਲੈ ਕੇ ਸਕੱਤਰੇਤ ਦੀ ਡੀਐੱਸਪੀ ਅਨੂ ਕੁਮਾਰੀ ਰਾਬੜੀ ਰਿਹਾਇਸ਼ ਪੁੱਜੀ। ਉਨ੍ਹਾਂ ਨੇ ਡੀਐੱਸਪੀ ਨੂੰ ਬੰਗਲੇ ਅੰਦਰ ਬੁਲਾ ਕੇ ਗੱਲਬਾਤ ਕੀਤੀ।
ਰਾਬੜੀ ਇਸ ਬੰਗਲੇ ਵਿਚ 16 ਜਨਵਰੀ, 2006 ਤੋਂ ਸਾਬਕਾ ਮੁੱਖ ਮੰਤਰੀ ਦੀ ਹੈਸੀਅਤ ਨਾਲ ਰਹਿ ਰਹੀ ਹੈ। ਇਸ ਵੇਲੇ ਉਹ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਧਿਰ ਦੀ ਆਗੂ ਹੈ ਅਤੇ ਉਸ ਹੈਸੀਅਤ ਨਾਲ ਉਨ੍ਹਾਂ ਨੂੰ ਹਾਰਡਿੰਗ ਰੋਡ ’ਤੇ 39 ਨੰਬਰ ਦਾ ਬੰਗਲਾ ਅਲਾਟ ਕੀਤਾ ਗਿਆ ਹੈ ਜਿਹੜਾ ਮੁਕਾਬਲਤਨ ਜ਼ਿਆਦਾ ਵੱਡਾ ਹੈ। 10, ਸਰਕੂਲਰ ਰੋਡ ਵਾਲਾ ਬੰਗਲਾ ਹੁਣ ਮੰਤਰੀ ਨੰਦਕਿਸ਼ੋਰ ਰਾਮ ਨੂੰ ਅਲਾਟ ਕੀਤਾ ਜਾ ਚੁੱਕਾ ਹੈ। ਪਿਛਲੇ ਸਾਲ ਦਸੰਬਰ ਵਿਚ ਬੰਗਲੇ ਤੋਂ ਕੁਝ ਗਮਲੇ ਅਤੇ ਹੋਰ ਭਾਰੀ ਸਾਮਾਨ ਲਾਲੂ ਦੀ ਗਊਸ਼ਾਲਾ ਵਿਚ ਸ਼ਿਫਟ ਕੀਤਾ ਗਿਆ ਸੀ। ਉਸ ਸਮੇਂ ਵੀ ਭਵਨ ਨਿਰਮਾਣ ਵਿਭਾਗ ਵੱਲੋਂ ਰਾਬੜੀ ਨੂੰ ਨੋਟਿਸ ਮਿਲਿਆ ਸੀ। ਹੁਣ ਰਾਬੜੀ ਦਾ ਰੁਖ਼ ਹਮਲਾਵਰ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਬਲਪੂਰਕ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਕਰ ਲਵੇ, ਉਹ ਪਿੱਛੇ ਨਹੀਂ ਹਟੇਗੀ। ਆਰਜੇਡੀ ਇਸ ਮੁੱਦੇ ’ਤੇ ਵਿਰੋਧ ਦੇ ਮੂਡ ਵਿਚ ਆ ਗਿਆ ਹੈ। ਮੁੱਖ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਸੱਤਾ ਧਿਰ ’ਤੇ ਸ਼ਕਤੀ ਦੀ ਦੁਰਵਰਤੋਂ ਕਰਨ ਅਤੇ ਲਾਲੂ ਪਰਿਵਾਰ ਨੂੰ ਬੇਇੱਜ਼ਤ ਕਰਨ ਲਈ ਬਦਲੇ ਦੀ ਕਾਰਵਾਈ ਕਰਨ ਦਾ ਦੋਸ਼ ਲਾਇਆ।